ਮੋਹਾਲੀ, (ਕੁਲਦੀਪ)- ਫੇਜ਼-3ਬੀ2 ਸਥਿਤ ਵਰਲਡ ਵਾਈਡ ਹੈਲਪਲਾਈਨ ਕੰਸਲਟੈਂਟਸ ਕੰਪਨੀ ਵਲੋਂ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਸਮਾਚਾਰ ਹੈ । ਪੁਲਸ ਨੇ 19 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਹੋਈ ਠੱਗੀ ਸਬੰਧੀ ਕੰਪਨੀ ਦੇ ਮਾਲਕ ਪਤੀ-ਪਤਨੀ ਸਮੇਤ ਕੁੱਲ 11 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਧੂ ਬਾਲਾ ਨਿਵਾਸੀ ਪਿੰਡ ਸਿਸਵਾਂ ਜ਼ਿਲਾ ਮੋਹਾਲੀ, ਹਰਪ੍ਰੀਤ ਸਿੰਘ, ਹਰਮੇਸ਼ ਲਾਲ, ਅਮਨ ਕੁਮਾਰ, ਗਗਨਦੀਪ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਖਬਾਰਾਂ ਵਿਚ ਇਸ਼ਤਿਹਾਰ ਪੜ੍ਹ ਕੇ ਵਰਲਡ ਵਾਈਡ ਹੈਲਪਲਾਈਨ ਕੰਸਲਟੈਟਸ ਐਂਡ ਬੈਸਟ ਸਰਵਿਸ ਆਫ ਸਕਸੈਸ ਫੇਜ਼-3ਬੀ2 ਮੋਹਾਲੀ ਤੋਂ ਵਿਦੇਸ਼ ਜਾਣ ਲਈ ਸੰਪਰਕ ਕੀਤਾ ਸੀ ।
ਕੰਪਨੀ ਨੇ ਉਨ੍ਹਾਂ ਨੂੰ ਵਰਕ ਪਰਮਿਟ ਵੀਜ਼ੇ 'ਤੇ ਦੁਬਈ ਭੇਜਣ ਲਈ ਕਿਹਾ ਸੀ । ਦੁਬਈ ਭੇਜਣ ਦੇ ਨਾਂ 'ਤੇ ਕੰਪਨੀ ਨੇ ਉਨ੍ਹਾਂ ਤੋਂ ਸਾਢੇ 8 ਲੱਖ ਰੁਪਏ ਲੈ ਲਏ ਸਨ ਅਤੇ ਉਨ੍ਹਾਂ ਨੂੰ ਦੁਬਈ ਦੇ ਵੀਜ਼ੇ ਦੇ ਦਿੱਤੇ । ਜਦੋਂ ਉਨ੍ਹਾਂ ਨੇ ਵੀਜ਼ੇ ਚੈੱਕ ਕਰਵਾਏ ਤਾਂ ਇਹ ਜਾਅਲੀ ਨਿਕਲੇ । ਜਦੋਂ ਉਨ੍ਹਾਂ ਨੇ ਕੰਪਨੀ ਦਫਤਰ ਵਿਚ ਇਸ ਜਾਅਲੀ ਵੀਜ਼ੇ ਬਾਰੇ ਪੁੱਛਗਿਛ ਕੀਤੀ ਤਾਂ ਕੰਪਨੀ ਦੇ ਸਟਾਫ ਨੇ ਆਪਣੀ ਗਲਤੀ ਮੰਨਦੇ ਹੋਏ ਉਨ੍ਹਾਂ ਦੇ ਪੈਸੇ ਵਾਪਸ ਕਰਨਾ ਮੰਨ ਲਿਆ ਸੀ ।
ਕੰਪਨੀ ਦੇ ਮਾਲਕ ਨਵਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਨੇ ਆਪਣੀ ਕਰੇਟਾ ਕਾਰ ਦਾ ਐਗਰੀਮੈਂਟ ਕਰ ਲਿਆ ਸੀ ਕਿ ਜੇਕਰ ਉਨ੍ਹਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਉਹ ਆਪਣੀ ਕਰੇਟਾ ਕਾਰ ਉਨ੍ਹਾਂ ਦੇ ਨਾਂ ਕਰਵਾ ਦੇਣਗੇ । ਉਨ੍ਹਾਂ ਸ਼ਿਕਾਇਤਕਰਤਾਵਾਂ ਨੂੰ ਆਪਣੀ ਕਰੇਟਾ ਕਾਰ ਵੀ ਦਿੱਤੀ ਸੀ । ਇਸ ਤੋਂ ਇਲਾਵਾ ਕੰਪਨੀ ਦਫਤਰ ਵਿਚ ਲੱਗੇ ਹੋਏ 7 ਏਅਰਕੰਡੀਸ਼ੰਡ, 12 ਟੇਬਲ, 12 ਸੋਫੇ, 50 ਕੁਰਸੀਆਂ, 13 ਕੈਮਰੇ ਅਤੇ ਦੋ ਐੱਲ. ਸੀ. ਡੀ. ਵੇਚ ਕੇ ਵੀ ਉਨ੍ਹਾਂ ਦੇ ਪੈਸੇ ਪੂਰੇ ਕਰਨ ਸਬੰਧੀ ਵਾਅਦਾ ਕੀਤਾ ਗਿਆ ਸੀ ।
ਸ਼ਿਕਾਇਤਕਰਤਾਵਾਂ ਦੇ ਨਾਲ ਐਗਰੀਮੈਂਟ ਕਰਨ ਦੇ ਦੋ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੰਪਨੀ ਦੇ ਮਾਲਕਾਂ ਨੇ ਇਥੋਂ ਤਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਨੇ ਕਰੇਟਾ ਕਾਰ ਉਨ੍ਹਾਂ ਨੂੰ ਵਾਪਸ ਨਾ ਕੀਤੀ ਤਾਂ ਉਹ ਆਤਮ-ਹੱਤਿਆ ਕਰ ਲੈਣਗੇ ਅਤੇ ਉਨ੍ਹਾਂ ਨੂੰ ਕਤਲ ਕੇਸ ਵਿਚ ਫਸਾ ਦੇਣਗੇ । ਪੁਲਸ ਸਟੇਸ਼ਨ ਥਾਣਾ ਮਟੌਰ ਵਿਚ ਨਵਪ੍ਰੀਤ ਸਿੰਘ, ਉਸ ਦੀ ਪਤਨੀ ਵੀਰਪਾਲ ਕੌਰ, ਹਰਿੰਦਰ ਸਿੰਘ, ਅਵਤਾਰ ਸਿੰਘ ਨਿਵਾਸੀ ਪਿੰਡ ਸੋਹਾਣਾ, ਕਿਰਨਦੀਪ ਕੌਰ, ਮੋਹਿਤ ਖਾਨ, ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਵਿਕਾਸ ਭੰਡਾਰੀ, ਯੁਵਰਾਜ ਸਿੰਘ ਅਤੇ ਪ੍ਰਭੂ ਖਿਲਾਫ ਆਈ. ਪੀ. ਸੀ. ਦੀ ਧਾਰਾ 406 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ । ਫਿਲਹਾਲ ਇਸ ਕੇਸ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ।
ਮੋਦੀ ਦੀ ਜਾਨ ਨੂੰ ਖ਼ਤਰਾ ਕੇਵਲ ਇਸ ਅਹੁਦੇ ਦੇ ਦਾਅਵੇਦਾਰਾਂ ਅਤੇ ਫਿਰਕੂ ਕੱਟੜਵਾਦੀ ਸੰਗਠਨਾਂ ਤੋਂ
NEXT STORY