ਲੁਧਿਆਣਾ (ਰਾਜ) : ਮਹਾਨਗਰ ਦੇ ਨਿਊ ਚੰਦਰ ਨਗਰ ਇਲਾਕੇ ਦੀ ਨਾਲੇ ਵਾਲੀ ਰੋਡ 'ਤੇ ਅੱਧੀ ਰਾਤ ਨੂੰ ਸ਼ਰੇਆਮ ਹਥਿਆਰਬੰਦ ਲੁਟੇਰਿਆਂ ਵੱਲੋਂ ਦਹਿਸ਼ਤ ਫੈਲਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲਗਭਗ ਦੋ ਦਿਨ ਪਹਿਲਾਂ ਰਾਤ ਦੇ 1 ਵਜੇ ਦੇ ਕਰੀਬ ਜਦੋਂ ਦੋ ਰਾਹਗੀਰ ਆਪਣੇ ਹੱਥਾਂ 'ਚ ਖਾਣ-ਪੀਣ ਦੇ ਸਮਾਨ ਦਾ ਲਿਫ਼ਾਫ਼ਾ ਲੈ ਕੇ ਸੁੰਨਸਾਨ ਸੜਕ ਤੋਂ ਲੰਘ ਰਹੇ ਸਨ ਤਾਂ 3 ਮੋਟਰਸਾਈਕਲਾਂ 'ਤੇ ਸਵਾਰ 9 ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਹੱਥਾਂ 'ਚ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਰਾਹਗੀਰਾਂ ਦੇ ਅੱਗੇ-ਪਿੱਛੇ ਮੋਟਰਸਾਈਕਲ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਲੁਟੇਰਿਆਂ ਦੇ ਹਮਲਾਵਰ ਰੁੱਖ ਨੂੰ ਦੇਖ ਕੇ ਇੱਕ ਰਾਹਗੀਰ ਆਪਣੀ ਜਾਨ ਬਚਾਉਣ ਲਈ ਪਿੱਛੇ ਵੱਲ ਭੱਜ ਗਿਆ, ਜਿਸ ਦੇ ਪਿੱਛੇ ਇੱਕ ਲੁਟੇਰਾ ਤਲਵਾਰ ਲੈ ਕੇ ਦੌੜਿਆ। ਦੂਜੇ ਪਾਸੇ, ਬਾਕੀ ਲੁਟੇਰਿਆਂ ਨੇ ਦੂਜੇ ਰਾਹਗੀਰ ਨੂੰ ਚਾਰੇ ਪਾਸਿਓਂ ਘੇਰ ਕੇ ਉਸ ਦੀ ਧੌਣ 'ਤੇ ਤਲਵਾਰ ਧਰ ਦਿੱਤੀ।
ਲੁਟੇਰਿਆਂ ਨੇ ਜ਼ਬਰਦਸਤੀ ਉਸ ਦੀਆਂ ਜੇਬਾਂ ਦੀ ਤਲਾਸ਼ੀ ਲਈ ਅਤੇ ਪਰਸ ਵਿੱਚੋਂ ਨਕਦੀ ਤੇ ਉਸ ਦਾ ਕੀਮਤੀ ਮੋਬਾਈਲ ਫੋਨ ਖੋਹ ਲਿਆ। ਰਾਹਗੀਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਸਾਰੇ 9 ਬਦਮਾਸ਼ ਆਪਣੇ ਮੋਟਰਸਾਈਕਲਾਂ 'ਤੇ ਨਾਲੇ ਵਾਲੀ ਰੋਡ ਤੋਂ ਫ਼ਰਾਰ ਹੋ ਗਏ । ਇਲਾਕਾ ਨਿਵਾਸੀ ਐਡਵੋਕੇਟ ਸੁਮਿਤ ਜੈਸਵਾਲ ਵੱਲੋਂ ਸੀ. ਸੀ. ਟੀ. ਵੀ. (CCTV) ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨ 'ਤੇ ਇਸ ਪੂਰੀ ਵਾਰਦਾਤ ਦੀ ਵੀਡੀਓ ਸਾਹਮਣੇ ਆਈ। ਫੁਟੇਜ ਵਿੱਚ 3 ਬਾਈਕਾਂ 'ਤੇ ਸਵਾਰ 9 ਲੁਟੇਰੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲਹਿਰਾਉਂਦੇ ਅਤੇ ਦੋਵਾਂ ਰਾਹਗੀਰਾਂ ਨੂੰ ਘੇਰ ਕੇ ਲੁੱਟ-ਖੋਹ ਕਰਦੇ ਸਾਫ਼ ਦਿਖਾਈ ਦੇ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਚੌਂਕੀ ਜਗਤਪੁਰੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਪੀੜਤ ਵੱਲੋਂ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਚੌਂਕੀ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਪੁਲਸ ਸ਼ਿਕਾਇਤਕਰਤਾ ਦੇ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਆਪਣੇ ਪੱਧਰ 'ਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਬਦਮਾਸ਼ਾਂ ਦੇ ਹੁਲੀਏ, ਬਾਈਕ ਨੰਬਰਾਂ ਅਤੇ ਭੱਜਣ ਦੀ ਦਿਸ਼ਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਰਾਤ ਵੇਲੇ ਤਲਵਾਰਾਂ ਦੇ ਜ਼ੋਰ 'ਤੇ ਦਹਿਸ਼ਤ ਫੈਲਾਉਣ ਵਾਲੇ ਇਨ੍ਹਾਂ ਬਦਮਾਸ਼ਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ
NEXT STORY