ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਜਨਵਰੀ ਤੋਂ 30 ਜੂਨ ਤੱਕ ਤਲਾਕ ਦੇ 35 ਮਾਮਲਿਆਂ ’ਚੋਂ 32 ’ਚ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ, ਜਦੋਂ ਕਿ 3 ਮਾਮਲਿਆਂ ’ਚ ਅਦਾਲਤ ਨੇ ਫ਼ੈਸਲਾ ਸੁਣਾਇਆ। ਅੰਕੜਿਆਂ ਅਨੁਸਾਰ ਹਿੰਦੂ ਮੈਰਿਜ ਐਕਟ ਤਹਿਤ ਕਰੀਬ 2,094 ਵਿਆਹਾਂ ਸਬੰਧੀ ਝਗੜੇ ਜ਼ਿਲ੍ਹਾ ਅਦਾਲਤਾਂ ’ਚ ਲਟਕੇ ਹੋਏ ਹਨ। ਇਨ੍ਹਾਂ ’ਚੋਂ ਸਾਲ 2024 ’ਚ ਦਰਜ 590 ਮਾਮਲਿਆਂ ’ਚੋਂ ਹੁਣ ਤੱਕ 35 ਮਾਮਲਿਆਂ ’ਤੇ ਫ਼ੈਸਲਾ ਹੋ ਚੁੱਕਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੂਨ ਤੱਕ 2692 ਵਿਆਹਾਂ ਸਬੰਧੀ ਝਗੜਿਆਂ ਦੇ ਮਾਮਲੇ ਤੀਜੇ ਨੰਬਰ ’ਤੇ ਰਹੇ ਹਨ। ਅਜਿਹੇ ਮਾਮਲੇ ਸਿਵਲ ਕਿਸਮ ਦੇ ਬਕਾਇਆ ਮਾਮਲਿਆਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਆਉਂਦੇ ਹਨ।
ਹੁਣ ਔਰਤਾਂ ਲਈ ਚਿੰਤਾ ਦਾ ਕਾਰਨ ਨਹੀਂ ਹੈ ਤਲਾਕ : ਐਡਵੋਕੇਟ ਸੇਠ
ਐਡਵੋਕੇਟ ਆਯੂਸ਼ ਸੇਠ ਨੇ ਕਿਹਾ ਕਿ ਨੌਜਵਾਨ ਪਤਨੀਆਂ ਆਰਥਿਕ ਤੌਰ ’ਤੇ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਤਲਾਕ ਹੁਣ ਔਰਤਾਂ ਲਈ ਚਿੰਤਾ ਦਾ ਕਾਰਨ ਨਹੀਂ ਹੈ ਕਿਉਂਕਿ ਔਰਤਾਂ ਆਪਸੀ ਸਹਿਮਤੀ ਨਾਲ ਵਿਆਹ ਖ਼ਤਮ ਕਰ ਕੇ ਜਲਦੀ ਹੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਨੂੰ ਤਰਜ਼ੀਹ ਦਿੰਦੀਆਂ ਹਨ। ਹਾਲ ਹੀ ਦੇ ਮਾਮਲਿਆਂ ’ਚੋਂ ਇਕ ਮਾਮਲੇ ’ਚ ਔਰਤ ਨੇ ਵਿਆਹ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਵਾਲੇ ਨੌਕਰੀ ਛੱਡਣ ਲਈ ਦਬਾਅ ਪਾ ਰਹੇ ਸਨ।
ਬੱਚਿਆਂ ਲਈ ਫ਼ਾਇਦੇਮੰਦ ਹੈ ਸੁਖਾਵੇਂ ਢੰਗ ਨਾਲ ਤਲਾਕ : ਐਡਵੋਕੇਟ ਸਿਹਾਗ
ਐਡਵੋਕੇਟ ਰਮਨ ਸਿਹਾਗ ਨੇ ਕਿਹਾ ਕਿ ਆਮ ਤੌਰ ’ਤੇ ਤਲਾਕ ਹੋਣ ’ਚ ਕਈ ਸਾਲ ਲੱਗ ਜਾਂਦੇ ਹਨ। ਇਸ ਕਾਰਨ ਦੁਬਾਰਾ ਵਿਆਹ ਦਾ ਸਮਾਂ ਨਿਕਲ ਜਾਂਦਾ ਹੈ ਜਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਕਾਰਨ ਨਵੀਂ ਜ਼ਿੰਦਗੀ ਸ਼ੁਰੂ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਸ ਲੰਬਾ ਚੱਲਣ ਕਾਰਨ ਸਮਾਂ ਹੀ ਨਹੀਂ, ਸਗੋਂ ਪੈਸਾ ਵੀ ਜ਼ਿਆਦਾ ਲੱਗਦਾ ਹੈ। ਨਾਲ ਹੀ ਸਭ ਤੋਂ ਮਹੱਤਵਪੂਰਨ ਚੀਜ਼ ਬੱਚੇ ਦੀ ਕਸਟੱਡੀ ਹੈ। ਅਦਾਲਤ ਨੂੰ ਬੱਚੇ ਦੀ ਕਸਟੱਡੀ ਦਾ ਫ਼ੈਸਲਾ ਕਰਨ ’ਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਤਾ-ਪਿਤਾ ਵਿਚਕਾਰ ਸੁਖਾਵੇਂ ਢੰਗ ਨਾਲ ਤਲਾਕ ਵੀ ਬੱਚਿਆਂ ਲਈ ਫ਼ਾਇਦੇਮੰਦ ਹੁੰਦਾ ਹੈ। ਸੁਖਾਵੇਂ ਢੰਗ ਨਾਲ ਅਲੱਗ ਹੋਣ ’ਤੇ ਮਾਪੇ ਬੱਚੇ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਸਟੱਡੀ ਆਪਸ ਵਿਚ ਤੈਅ ਕਰ ਲੈਂਦੇ ਹਨ।
ਪੰਜਾਬ ਵੱਲੋਂ 1999 'ਚ ਸ਼ਹੀਦਾਂ ਲਈ ਬਣਾਈ ਗਈ ਨੀਤੀ ਬਣੀ ਮਿਸਾਲ
NEXT STORY