ਜਲੰਧਰ (ਵਰੁਣ, ਵਿਕਰਮ)—ਕਬੀਰ ਨਗਰ ਦੀ ਗਲੀ ਨੰਬਰ 8 ਵਿਚ ਸੀਵਰੇਜ ਦੀਆਂ ਪਾਈਪਾਂ ਪਾਉਂਦੇ ਸਮੇਂ ਵੱਡਾ ਹਾਦਸਾ ਹੋ ਗਿਆ। ਮਿੱਟੀ ਪੁੱਟਦੇ ਸਮੇਂ ਅਚਾਨਕ ਮਿੱਟੀ ਦਾ ਇਕ ਵੱਡਾ ਹਿੱਸਾ ਡਿੱਗ ਗਿਆ, ਜਿਸ ਕਾਰਨ ਉਥੋਂ ਨਿਕਲ ਰਹੀ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ। ਮਿੱਟੀ ਡਿੱਗਣ ਨਾਲ 2 ਮਜ਼ਦੂਰ ਦੱਬ ਗਏ। ਵਾਟਰ ਪਾਈਪ ਤੋਂ ਪਾਣੀ ਨਿਕਲਣ ਕਾਰਣ ਖੱਡੇ ਵਿਚ ਪਾਣੀ ਵੀ ਭਰ ਗਿਆ। ਜਲਦਬਾਜ਼ੀ ਵਿਚ ਸਥਾਨਕ ਲੋਕਾਂ ਨੇ ਰਾਹਤ ਕਾਰਜ ਸ਼ੁਰੂ ਕਰ ਕੇ ਇਕ ਮਜ਼ਦੂਰ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਜੇ ਨੂੰ ਕੱਢਣ ਵਿਚ ਪ੍ਰਸ਼ਾਸਨ ਦੀ ਕੋਈ ਮਦਦ ਨਾ ਮਿਲਣ 'ਤੇ ਕਾਫੀ ਦੇਰ ਹੋ ਗਈ ਅਤੇ ਮਜ਼ਦੂਰ ਨੇ ਦਮ ਤੋੜ ਦਿੱਤਾ। ਕਰੀਬ ਢਾਈ ਘੰਟੇ ਬਾਅਦ ਲੋਕਾਂ ਨੇ ਰੱਸੀਆਂ ਪਾ ਕੇ ਮਜ਼ਦੂਰ ਦੀ ਲਾਸ਼ ਬਾਹਰ ਕੱਢੀ।
ਕਬੀਰ ਨਗਰ ਵਿਚ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਸੀ। ਵੀਰਵਾਰ ਨੂੰ ਸ਼ਾਮ ਕਰੀਬ ਪੌਣੇ 7 ਵਜੇ 10 ਫੁੱਟ ਡੂੰਘਾਈ 'ਤੇ ਜਾ ਕੇ ਮਜ਼ਦੂਰ ਮੁਹੰਮਦ ਸਈਦ ਅਤੇ ਉਸ ਦਾ ਸਾਥੀ ਮੁਹੰਮਦ ਦਾਊਦ ਦੋਵੇਂ ਵਾਸੀ ਬਿਹਾਰ ਹਾਲ ਵਾਸੀ ਆਨੰਦ ਨਗਰ ਮਿੱਟੀ ਪੁੱਟਣ ਦਾ ਕੰਮ ਕਰ ਰਹੇ ਸਨ। ਮੁਹੰਮਦ ਸਈਦ 10 ਫੁੱਟ ਡੂੰਘੇ ਖੱਡੇ ਵਿਚ ਸੀ, ਜਦਕਿ ਉਸ ਦਾ ਸਾਥੀ ਉੱਪਰ ਖੜ੍ਹਾ ਸੀ। ਮਿੱਟੀ ਪੁੱਟਣ ਸਮੇਂ ਅਚਾਨਕ ਮਿੱਟੀ ਦਾ ਵੱਡਾ ਹਿੱਸਾ ਖੱਡੇ ਵਿਚ ਧੱਸ ਗਿਆ। ਉੱਪਰ ਖੜ੍ਹਾ ਦਾਊਦ ਵੀ ਹੇਠਾਂ ਜਾ ਡਿੱਗਾ ਅਤੇ ਉਪਰੋਂ ਨਿਕਲ ਰਹੀ ਵਾਟਰ ਸਪਲਾਈ ਦੀ ਪਾਈਪ ਵੀ ਟੁੱਟ ਗਈ। ਲੋਕਾਂ ਨੇ ਹਾਦਸੇ ਨੂੰ ਵੇਖ ਕੇ ਤੁਰੰਤ ਪੁਲਸ ਨੂੰ ਫੋਨ ਕੀਤਾ।

ਸਥਾਨਕ ਲੋਕਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਦਾਊਦ ਨੂੰ ਬਾਹਰ ਕੱਢ ਲਿਆ ਪਰ ਮੁਹੰਮਦ ਸਈਦ ਨੂੰ ਬਾਹਰ ਕੱਢਣ 'ਚ ਪ੍ਰਸ਼ਾਸਨ ਵਲੋਂ ਕੋਈ ਮਦਦ ਨਹੀਂ ਪਹੁੰਚੀ। ਉਥੇ ਹੀ ਜਿਸ ਤਰ੍ਹਾਂ ਹਨੇਰਾ ਹੁੰਦਾ ਗਿਆ, ਲੋਕਾਂ ਦੀ ਮੁਸ਼ਕਲਾਂ ਵਧਦੀਆਂ ਗਈਆਂ। ਲਾਈਟਾਂ ਦਾ ਪ੍ਰਬੰਧ ਕਰ ਕੇ ਅੰਦਰ ਦੱਬੇ ਮਜ਼ਦੂਰ ਨੂੰ ਰੱਸੀਆਂ ਪਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਹਾਦਸੇ ਤੋਂ ਤੁਰੰਤ ਬਾਅਦ ਹੀ ਠੇਕੇਦਾਰ ਦਾ ਮੁਨਸ਼ੀ ਵੀ ਗਾਇਬ ਹੋ ਗਿਆ। ਉਥੇ ਹੀ ਖੱਡੇ ਦੀ ਚੌੜਾਈ ਘੱਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਪਰ ਹਾਦਸੇ ਦੇ ਢਾਈ ਘੰਟਿਆਂ ਬਾਅਦ ਜਦੋਂ ਲੋਕਾਂ ਨੇ ਮੁਹੰਮਦ ਸਈਦ ਨੂੰ ਬਾਹਰ ਕੱਢਿਆ ਤਾਂ ਉਸ ਦੇ ਸਾਹ ਰੁਕ ਗਏ ਸਨ। 108 ਨੰਬਰ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਓਧਰ ਮੌਤ ਦੇ ਮੂੰਹ 'ਚੋਂ ਵਾਪਸ ਆਏ ਮੁਹੰਮਦ ਦਾਊਦ ਦਾ ਕਹਿਣਾ ਹੈ ਕਿ ਜੇ. ਸੀ. ਬੀ. ਮਸ਼ੀਨ ਵੀ ਕਾਫੀ ਦੇਰ ਨਾਲ ਆਈ ਹੈ। ਜੇਕਰ ਸਹੀ ਸਮੇਂ ਕੰਮ ਹੁੰਦਾ ਤਾਂ ਉਸ ਦੇ ਸਾਥੀ ਮਜ਼ਦੂਰ ਦੀ ਜਾਨ ਬਚ ਸਕਦੀ ਸੀ। ਹਾਦਸੇ ਵਿਚ ਮਾਰੇ ਗਏ ਮਜ਼ਦੂਰ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਗਿਆ ਹੈ।

ਇਕ ਮਹੀਨੇ ਦੇ ਸਮੇਂ ਵਿਚ ਹੋਣਾ ਸੀ ਕੰਮ, 2 ਮਜ਼ਦੂਰ ਲਾਉਣ ਕਾਰਣ ਹੋਇਆ ਲੇਟ ਛ: ਕੌਂਸਲਰ
ਇਸ ਹਾਦਸੇ ਤੋਂ ਬਾਅਦ ਇਲਾਕਾ ਕੌਂਸਲਰ ਸਰਫੋ ਦੇਵੀ ਅਤੇ ਉਸ ਦਾ ਪਤੀ ਵੀ ਪਹੁੰਚ ਗਿਆ। ਕੌਂਸਲਰ ਨੇ ਦੋਸ਼ ਲਾਇਆ ਕਿ ਸੀਵਰੇਜ ਪਾਉਣ ਦਾ ਕੰਮ ਸਿਰਫ 6 ਮਹੀਨਿਆਂ ਦਾ ਸੀ ਪਰ ਠੇਕੇਦਾਰ ਦੀ ਲਾਪ੍ਰਵਾਹੀ ਕਾਰਣ ਦੇਰੀ ਹੋਈ। ਠੇਕੇਦਾਰ ਨੇ ਇਸ ਕੰਮ ਲਈ ਸਿਰਫ 2 ਮਜ਼ਦੂਰ ਲਾਏ ਸਨ, ਜਿਸ ਕਾਰਣ 6 ਮਹੀਨੇ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਹੋਇਆ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਵੀ ਕਿਹਾ ਪਰ ਕੋਈ ਐਕਸ਼ਨ ਤਕ ਨਹੀਂ ਹੋਇਆ।
ਹਾਦਸੇ ਤੋਂ ਬਾਅਦ ਇਕ ਹੋਰ ਹਾਦਸਾ, ਰੈਸਕਿਊ ਟੀਮ 'ਚ ਸ਼ਾਮਲ ਨੌਜਵਾਨ ਨੂੰ ਲੱਗਾ ਕਰੰਟ
10 ਫੁੱਟ ਦੀ ਡੂੰਘਾਈ 'ਚ ਫਸੇ ਮੁਹੰਮਦ ਸਈਦ ਨੂੰ ਬਚਾਉਣ ਲਈ ਸਥਾਨਕ ਲੋਕ ਕੋਸ਼ਿਸ਼ ਕਰ ਰਹੇ ਸਨ। ਹਨੇਰਾ ਹੋਇਆ ਤਾਂ ਲੋਕਾਂ ਨੇ ਉਥੋਂ ਕਿਸੇ ਤਰ੍ਹਾਂ ਬਿਜਲੀ ਦਾ ਕੁਨੈਸ਼ਨ ਲੈ ਕੇ ਬੱਲਬ ਲਗਾ ਦਿੱਤਾ, ਜਿਸ ਤਰ੍ਹਾਂ ਹੀ ਨੌਜਵਾਨ ਨੇ ਬੱਲਬ ਨੂੰ ਫੜਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਤਾਰ ਨਾਲ ਚਿਪਕ ਗਿਆ ਅਤੇ ਦੇਖਦੇ ਹੀ ਦੇਖਦੇ 10 ਫੁੱਟ ਡੂੰਘੇ ਖੱਡੇ ਵਿਚ ਜਾ ਡਿੱਗਿਆ। ਹੇਠਾਂ ਡਿੱਗਣ ਨਾਲ ਨੌਜਵਾਨ ਨਾਲ ਚਿਪਕੀ ਤਾਰ ਦਾ ਪਲੱਗ ਮੇਨ ਸਪਲਾਈ ਨਾਲੋਂ ਨਿਕਲ ਗਿਆ, ਜਿਸ ਕਾਰਨ ਉਸ ਦੀ ਜਾਨ ਬਚੀ। ਜਲਦਬਾਜ਼ੀ ਵਿਚ ਲੋਕਾਂ ਨੇ ਉਸ ਨੂੰ ਵੀ ਖੱਡੇ ਵਿਚੋਂ ਬਾਹਰ ਕੱਢਿਆ।
ਜਾਂਚ 'ਚ ਲਾਪ੍ਰਵਾਹੀ ਹੋਵੇਗੀ ਤਾਂ ਕੇਸ ਦਰਜ ਕਰਵਾਵਾਂਗਾ : ਮੇਅਰ
ਇਸ ਮਾਮਲੇ ਬਾਰੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਉਹ ਇਸ ਸਮੇਂ ਦਿੱਲੀ 'ਚ ਹਨ ਅਤੇ ਹਾਦਸੇ ਬਾਰੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨੂੰ ਸੂਚਨਾ ਨਹੀਂ ਦਿੱਤੀ। ਕਿਸੇ ਵੀ ਕੌਂਸਲਰ ਨੇ ਠੇਕੇਦਾਰ ਦੇ ਦੇਰੀ ਨਾਲ ਚੱਲ ਰਹੇ ਕੰਮ ਬਾਰੇ ਸ਼ਿਕਾਇਤ ਨਹੀਂ ਕੀਤੀ। ਜੇਕਰ ਕਿਸੇ ਅਧਿਕਾਰੀ ਦੀ ਮਾਮਲੇ ਦੀ ਜਾਂਚ 'ਚ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ 'ਤੇ ਕੇਸ ਦਰਜ ਕਰਵਾਇਆ ਜਾਵੇਗਾ।
ਕੈਪਟਨ ਨੇ ਵਿਧਾਇਕ ਸੰਜੇ ਤਲਵਾੜ ਨੂੰ ਦਿੱਤੇ ਅਨੇਕਾਂ ਪ੍ਰਾਜੈਕਟ
NEXT STORY