ਨਵਾਂਸ਼ਹਿਰ(ਤ੍ਰਿਪਾਠੀ)— ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਹੈੱਡ ਕੁਆਰਟਰ 'ਚ 3-4 ਦਹਾਕੇ ਪਹਿਲਾਂ ਪਾਇਆ ਗਿਆ ਸੀਵਰੇਜ ਜਿਥੇ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ, ਉਥੇ ਹੀ ਇਸ ਸਮੇਂ ਲੱਗਭਗ ਦੁੱਗਣੀ ਹੋ ਚੁੱਕੀ ਸ਼ਹਿਰ ਦੀ ਆਬਾਦੀ ਤੇ ਕਈ ਕਿਲੋਮੀਟਰ ਦੀ ਸ਼ਹਿਰ ਦੀ ਸੀਮਾ ਦੇ ਵਾਧੇ ਦੇ ਬਾਵਜੂਦ ਸ਼ਹਿਰ ਦੀ ਲੋੜ ਅਨੁਸਾਰ ਨਵਾਂ ਸੀਵਰੇਜ ਨਹੀਂ ਪਾਇਆ ਗਿਆ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸੇ ਸੀਵਰੇਜ ਤੋਂ ਵਾਂਝੇ ਹਨ ਤੇ ਥੋੜ੍ਹੇ ਜਿਹੇ ਮੀਂਹ ਨਾਲ ਹੀ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਨਵਾਂ ਸੀਵਰੇਜ ਪਾਉਣ ਦੀ ਲੋੜ
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੀ ਦੁੱਗਣੀ ਆਬਾਦੀ ਤੇ ਨਗਰ ਕੌਂਸਲ ਦੀ ਵਧੀ ਹੋਈ ਸੀਮਾ ਦੇ ਆਧਾਰ 'ਤੇ 35 ਕਿਲੋਮੀਟਰ ਨਵਾਂ ਸੀਵਰੇਜ ਪਾਉਣ ਦੀ ਲੋੜ ਹੈ, ਜਿਸ 'ਤੇ ਅਨੁਮਾਨਿਤ 45 ਕਰੋੜ ਰੁਪਏ ਖਰਚਾ ਆਵੇਗਾ। ਨਵਾਂਸ਼ਹਿਰ 'ਚ ਸੀਵਰੇਜ ਪਾਉਣ ਵਾਲੇ ਕੁਲਾਮ ਰੋਡ, ਮੂਸਾਪੁਰ ਰੋਡ, ਰਾਹੋਂ ਰੋਡ, ਸਲੋਹ ਰੋਡ ਆਦਿ ਨੂੰ ਪਹਿਲੇ ਫੇਸ 'ਚ ਸੀਵਰੇਜ ਪਾਉਣ ਅਧੀਨ ਲਿਆ ਜਾਣਾ ਸੀ, ਜਦਕਿ ਦੂਜੇ ਫੇਸ 'ਚ ਰੇਲਵੇ ਰੋਡ, ਕਰਿਆਮ ਰੋਡ, ਬੰਗਾ ਰੋਡ ਆਦਿ ਖੇਤਰ ਆਉਣੇ ਸਨ।
ਨਵਾਂ ਸੀਵਰੇਜ ਪ੍ਰਾਜੈਕਟ ਫੰਡਾਂ ਦੀ ਕਮੀ ਦੀ ਭੇਟ ਚੜ੍ਹਿਆ
ਨਵਾਂਸ਼ਹਿਰ 'ਚ 80 ਦੇ ਦਹਾਕੇ 'ਚ ਸੀਵਰੇਜ ਪਾਇਆ ਗਿਆ ਸੀ। ਅੰਦਰੂਨੀ ਸ਼ਹਿਰ 'ਚ 75 ਕਿਲੋਮੀਟਰ ਦੇ ਖੇਤਰ 'ਚ ਪਾਏ ਗਏ ਸੀਵਰੇਜ ਦੇ ਸਮੇਂ ਸ਼ਹਿਰ ਦੀ ਆਬਾਦੀ ਲੱਗਭਗ 25 ਹਜ਼ਾਰ ਸੀ ਪਰ ਜ਼ਿਲਾ ਬਣਨ ਤੋਂ ਬਾਅਦ ਜਿਥੇ ਅੱਜ ਆਬਾਦੀ ਦੁੱਗਣੀ ਤੋਂ ਵੱਧ ਲੱਗਭਗ 55 ਹਜ਼ਾਰ ਤੱਕ ਪਹੁੰਚ ਗਈ ਹੈ, ਉਥੇ ਹੀ ਸ਼ਹਿਰ ਦੇ ਬਾਹਰ ਵਿਕਸਿਤ ਹੋਈਆਂ ਕਾਲੋਨੀਆਂ ਨੂੰ ਜੋੜ ਕੇ ਨਵੀਂ ਨਗਰ ਕੌਂਸਲ ਦੀ ਸੀਮਾ 'ਚ ਆਸ-ਪਾਸ ਦੇ ਪਿੰਡਾਂ ਤੇ ਕਾਲੋਨੀਆਂ ਦੇ ਖੇਤਰ ਸ਼ਾਮਲ ਹੋ ਚੁੱਕੇ ਹਨ, ਜਿਸ ਕਾਰਨ ਪਿਛਲੀ ਸਰਕਾਰ ਦੇ ਸਮੇਂ ਬੇਸਿਕ ਅਰਬਨ ਇਨਫ੍ਰਾਸਟਰੱਕਚਰ ਪ੍ਰਾਜੈਕਟ ਤਹਿਤ 9.27 ਕਰੋੜ ਰੁਪਏ ਦੀ ਲਾਗਤ ਨਾਲ 13 ਕਿਲੋਮੀਟਰ ਸੀਵਰੇਜ ਪਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ, ਜਿਸ ਵਿਚ 50 ਲੱਖ ਰੁਪਏ ਖਰਚ ਕੀਤੇ ਗਏ ਸਨ ਪਰ ਖਰਚ ਕੀਤੀ ਰਾਸ਼ੀ ਦੇ ਫੰਡ ਵੀ ਜਾਰੀ ਨਹੀਂ ਹੋ ਪਾਏ।
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਪ੍ਰਾਜੈਕਟ ਜ਼ਰੂਰੀ ਫੰਡ ਜਾਰੀ ਨਾ ਹੋਣ ਕਰਕੇ ਵਿਚਾਲੇ ਹੀ ਲਟਕ ਗਿਆ ਸੀ। ਹਾਲਾਂਕਿ ਸ਼ਹਿਰ ਦੇ ਬਾਹਰ ਨਵੀਆਂ ਕਾਲੋਨੀਆਂ 'ਚ 1.75 ਕਰੋੜ ਰੁਪਏ ਦੀ ਲਾਗਤ ਨਾਲ 4.33 ਕਿਲੋਮੀਟਰ ਸੀਵਰੇਜ ਪਾਇਆ ਗਿਆ ਹੈ।
ਸੀਵਰੇਜ ਪਾਈਪਾਂ ਦੀ ਸਫਾਈ ਕਰਨ ਵਾਲੀ ਮਸ਼ੀਨ ਬਣੀ ਕਬਾੜ
ਸ਼ਹਿਰ 'ਚ ਥੋੜ੍ਹੇ ਮੀਂਹ ਮਗਰੋਂ ਪੈਦਾ ਹੋਣ ਵਾਲੀ ਜਲ ਭਰਾਅ ਦੀ ਹਾਲਤ ਦਾ ਮੁੱਖ ਕਾਰਨ ਸੀਵਰੇਜ ਪਾਈਪਾਂ 'ਚ ਜਮ੍ਹਾ ਹੋਣ ਵਾਲਾ ਕੂੜਾ ਤੇ ਪਾਲੀਥੀਨ ਦੇ ਲਿਫਾਫੇ ਹਨ। ਕੌਂਸਲਰ ਪਰਮ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ 3 ਲੱਖ ਰੁਪਏ ਦੀ ਲਾਗਤ ਵਾਲੀ ਸੀਵਰੇਜ ਪਾਈਪ ਨੂੰ ਸਾਫ ਕਰਨ ਵਾਲੀ ਮਸ਼ੀਨ ਕੁਝ ਸਾਲ ਪਹਿਲਾਂ ਖਰੀਦੀ ਗਈ ਸੀ ਤੇ ਇਸ ਨੂੰ ਚਲਾਉਣ ਲਹੀ ਕਰਮਚਾਰੀ ਨੂੰ ਬਾਕਾਇਦਾ ਟ੍ਰੇਨਿੰਗ ਦਿੱਤੀ ਗਈ ਸੀ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਦੇ ਮੁਹੱਲਾ ਪੰਡੋਰਾ ਵਿਖੇ ਪਾਣੀ ਵਾਲੀ ਟੈਂਕੀ ਕੋਲ ਪਏ ਕਬਾੜ 'ਚ ਉਕਤ ਮਸ਼ੀਨ ਵੀ ਕਬਾੜ ਬਣ ਚੁੱਕੀ ਹੈ।
ਮੀਂਹ ਦੇ ਪਾਣੀ ਲਈ ਵੱਖਰੀ ਹੁੰਦੀ ਹੈ ਸੀਵਰੇਜ ਲਾਈਨ
ਵਿਭਾਗ ਦੇ ਇਕ ਮਾਹਿਰ ਨੇ ਦੱਸਿਆ ਕਿ ਸੀਵਰੇਜ ਵਿਭਾਗ ਵੱਲੋਂ ਪਾਈਆਂ ਗਈਆਂ ਸੀਵਰੇਜ ਪਾਈਪਾਂ ਦੀ ਸਮਰੱਥਾ 'ਚ ਕੋਈ ਦਿੱਕਤ ਨਹੀਂ ਹੈ ਪਰ ਉਕਤ ਪਾਈਪਾਂ ਸਿਰਫ ਪਖਾਨੇ ਤੇ ਬਾਥਰੂਮ ਦੇ ਪਾਣੀ ਦੀ ਨਿਕਾਸੀ ਲਈ ਹਨ, ਜਦਕਿ ਘਰਾਂ ਤੇ ਮੀਂਹ ਦੇ ਪਾਣੀ ਲਈ ਅਲੱਗ ਸੀਵਰੇਜ ਹੁੰਦਾ ਹੈ ਪਰ ਉਕਤ ਸਾਰਾ ਪਾਣੀ ਇਕੋ ਸੀਵਰੇਜ 'ਚ ਹੀ ਪਾਇਆ ਜਾਂਦਾ ਹੈ, ਜਿਸ ਕਾਰਨ ਸਮੱਸਿਆ ਆਉਂਦੀ ਹੈ।
ਸ਼ਹੀਦ ਫੌਜੀ ਦੀ ਪਤਨੀ ਦੀ ਕਰਤੂਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਕੀਤਾ ਪਰਿਵਾਰ
NEXT STORY