ਅੰਮ੍ਰਿਤਸਰ (ਸਰਬਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੀਤੇ ਜਾ ਰਹੇ ਰਾਹਤ ਕਾਰਜਾਂ ਅਤੇ ਸੰਗਤਾਂ ਵੱਲੋਂ ਭੇਜੀ ਜਾ ਰਹੀ ਵਿੱਤੀ ਸਹਾਇਤਾ ਦੇ ਵੇਰਵਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਮੱਦੇਨਜ਼ਰ ਲੋੜਵੰਦਾਂ ਤੱਕ ਲਗਾਤਾਰ ਪਹੁੰਚ ਅਪਣਾ ਰਹੀ ਹੈ ਅਤੇ ਸੰਗਤਾਂ ਦੀ ਮੰਗ ਅਤੇ ਲੋੜਾਂ ਨੂੰ ਮੁੱਖ ਰੱਖਦਿਆਂ ਸਿੱਖ ਸੰਸਥਾ ਵੱਲੋਂ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਰਾਹਤ ਕਾਰਜਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ, ਉਥੇ ਸੰਗਤਾਂ ਵੱਲੋਂ ਵੀ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 19 ਸਤੰਬਰ ਤੱਕ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਮੁਲਾਜ਼ਮਾਂ ਅਤੇ ਸੰਗਤਾਂ ਵੱਲੋਂ ਕੀਤੀ ਸਹਾਇਤਾ ਦੇ ਵੇਰਵੇ ਵੈੱਬਸਾਈਟ ’ਤੇ ਪਾਏ ਗਏ ਹਨ, ਜਦਕਿ ਅੱਜ ਤੱਕ 6 ਕਰੋੜ 9 ਲੱਖ 49 ਹਜ਼ਾਰ ਤੋਂ ਵੱਧ ਦੀ ਰਕਮ ਸ਼੍ਰੋਮਣੀ ਕਮੇਟੀ ਕੋਲ ਆਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 19 ਸਤੰਬਰ ਤੱਕ ਹੋਏ ਖ਼ਰਚਿਆਂ ਦਾ ਵੇਰਵਾ ਵੀ ਜਨਤਕ ਕੀਤਾ ਗਿਆ ਹੈ, ਜਿਸ ਵਿਚ ਰਾਹਤ ਕਾਰਜਾਂ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 91 ਲੱਖ 4 ਹਜ਼ਾਰ ਰੁਪਏ ਤੋਂ ਵੱਧ ਦੇ ਖ਼ਰਚਿਆਂ ਦੇ ਨਾਲ-ਨਾਲ 23 ਲੱਖ 26 ਹਜ਼ਾਰ ਤੋਂ ਵੱਧ ਮੈਡੀਕਲ ਸੇਵਾਵਾਂ ਦਾ ਖ਼ਰਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੰਗਤਾਂ ਵੱਲੋਂ ਚੜ੍ਹਤ ਵਿਚ ਭੇਜੀਆਂ ਰਸਦਾਂ ਅਤੇ ਜ਼ਰੂਰੀ ਸਮਾਨ ਵੀ ਪੀੜਤਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...
ਐਡਵੋਕੇਟ ਧਾਮੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹਾਂ ਨਾਲ ਨੁਕਸਾਨੇ ਬੰਨ੍ਹਾਂ ਦੀ ਮਜ਼ਬੂਤੀ ਲਈ ਕਾਰਜ ਕਰ ਰਹੀਆਂ ਸੰਗਤਾਂ ਨੂੰ ਹੁਣ ਤੱਕ 22 ਹਜ਼ਾਰ ਲੀਟਰ ਡੀਜ਼ਲ ਦਿੱਤਾ ਜਾ ਚੁੱਕਾ ਹੈ, ਜਿਸ ਵਿਚ ਖੇਮਕਰਨ ਹਲਕੇ ਲਈ 6 ਹਜ਼ਾਰ ਲੀਟਰ, ਡੇਰਾ ਬਾਬਾ ਨਾਨਕ ਲਈ 5 ਹਜ਼ਾਰ ਲੀਟਰ ਅਤੇ ਸੁਲਤਾਨਪੁਰ ਲੋਧੀ ਏਰੀਏ ਲਈ 11 ਹਜ਼ਾਰ ਲੀਟਰ ਡੀਜ਼ਲ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਦੀ ਮੰਗ ਅਨੁਸਾਰ ਆਉਂਦੇ ਦਿਨਾਂ ਵਿਚ 8 ਹਜ਼ਾਰ ਲੀਟਰ ਡੀਜ਼ਲ ਹੋਰ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸੇ ਤਰ੍ਹਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਡੀਜ਼ਲ ਅਤੇ ਮਿਆਰੀ ਬੀਜ ਦੇਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਖੇਤਰਾਂ ਅੰਦਰ ਗੁਰਦੁਆਰਾ ਸਾਹਿਬਾਨ ਦੇ ਹੋਏ ਨੁਕਸਾਨ ਦੇ ਵੇਰਵੇ ਵੀ ਇਕੱਤਰ ਕੀਤੇ ਜਾ ਰਹੇ ਹਨ, ਤਾਂ ਜੋ ਲੋੜ ਅਨੁਸਾਰ ਸਹਾਇਤਾ ਰਾਸ਼ੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਗੇ ਸਰਦੀ ਦੇ ਆ ਰਹੇ ਮੌਸਮ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਨੂੰ ਕੰਬਲ ਤੇ ਗੱਦੇ ਮੁਹੱਈਆ ਕਰਵਾਉਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਪਾਰਦਰਸ਼ਤਾ ਦੇ ਨਾਲ ਕਾਰਜ ਕਰ ਹੀ ਹੈ ਅਤੇ ਇਸ ਦੇ ਸਾਰੇ ਵੇਰਵੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ https://floodreilef.sgpc.net ’ਤੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ, ਜੋ ਨਿਯਮਾਂ ਵਿਚ ਰਹਿ ਕੇ ਕਾਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਬਿਨਾਂ ਕਾਰਨ ਸ਼੍ਰੋਮਣੀ ਕਮੇਟੀ ’ਤੇ ਇਲਜ਼ਾਮ ਲਗਾਉਣੇ ਠੀਕ ਨਹੀਂ ਹਨ, ਸਗੋਂ ਇਸ ਮੁਸੀਬਤ ਸਮੇਂ ਸਾਰਿਆਂ ਨੂੰ ਰਲ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਅਮਰੀਕ ਸਿੰਘ ਵਿਛੋਆ, ਮੈਂਬਰ ਰਣਜੀਤ ਸਿੰਘ ਕਾਹਲੋਂ, ਸਤਪਾਲ ਸਿੰਘ ਤਲਵੰਡੀ ਭਾਈ, ਤਰਸੇਮ ਸਿੰਘ ਰਤੀਆ, ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ ਞੀ ਹਾਜ਼ਰ ਸਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦਾ ਅਗਲਾ ਰੂਟ ਵੀ ਜਨਤਕ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੂਬਿਆਂ ਅੰਦਰ ਸੰਗਤਾਂ ਵੱਲੋਂ ਨਗਰ ਕੀਰਤਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ’ਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਇਸ ਸਮੇਂ ਮਹਾਰਾਸ਼ਟਰ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਜਿਥੋਂ ਇਹ 23 ਸਤੰਬਰ ਨੂੰ ਨਾਗਪੁਰ ਤੋਂ ਚੱਲ ਕੇ ਚੰਦਰਪੁਰ ਵਿਖੇ ਵਿਸ਼ਰਾਮ ਕਰੇਗਾ। 24 ਸਤੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਦਰਪੁਰ ਤੋਂ, 25 ਨੂੰ ਗੁਰਦੁਆਰਾ ਸਾਹਿਬ ਗੋਬਿੰਦ ਨਗਰ ਕਰੀਮਪੁਰ ਤੇਲੰਗਾਨਾ ਤੋਂ, 26 ਸਤੰਬਰ ਨੂੰ ਗੁਰਦੁਆਰਾ ਬ੍ਰਹਮਬਾਲਾ ਸਾਹਿਬ ਸਿੱਖ ਛਾਉਣੀ ਹੈਦਰਾਬਾਦ ਤੋਂ, 27 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਕਲੋਨੀ ਵਿਜੈਵਾੜਾ ਤੋਂ, 28 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਚੇਨਈ ਤਾਮਿਲਨਾਡੂ ਤੋਂ, 29 ਸਤੰਬਰ ਨੂੰ ਗੁਰਦੁਆਰਾ ਸਾਹਿਬ ਉਰਸੂਲ ਬੰਗਲੌਰ ਤੋਂ, 30 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਬਲੀ ਕਰਨਾਟਕਾ ਤੋਂ, 1 ਅਕਤੂਬਰ ਨੂੰ ਗੁਰਦੁਆਰਾ ਗੁਰੂ ਦਰਬਾਰ ਬਾਬਾ ਨਾਨਕ ਕੋਹਲਾਪੁਰ ਮਹਾਰਾਸ਼ਟਰ ਤੋਂ ਚੱਲ ਕੇ ਪੂਨੇ ਮਹਾਰਾਸ਼ਟਰ ਜਾਵੇਗਾ, ਜਿਥੋਂ 3 ਅਕਤੂਬਰ ਨੂੰ ਸੋਲਾਪੁਰ ਮਹਾਰਾਸ਼ਟਰ ਲਈ ਰਵਾਨਾ ਹੋਵੇਗਾ।
ਇਸੇ ਤਰ੍ਹਾਂ 4 ਅਕਤੂਬਰ ਨੂੰ ਸੋਲਾਪੁਰ ਤੋਂ ਚਲ ਕੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕਾ ਪੁੱਜੇਗਾ, ਜਿਥੋਂ 5 ਅਕਤੂਬਰ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਮਹਾਰਾਸ਼ਟਰ ਪਹੁੰਚੇਗਾ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਨੂੰ ਨਾਂਦੇੜ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਵੇਗਾ ਅਤੇ 7 ਅਕਤੂਬਰ ਨੂੰ ਇਹ ਨਗਰ ਕੀਰਤਨ ਔਰੰਗਾਬਾਦ ਮਹਾਰਾਸ਼ਟਰ ਲਈ ਰਵਾਨਾ ਹੋਵੇਗਾ। 8 ਅਕਤੂਬਰ ਨੂੰ ਔਰੰਗਾਬਾਦ ਤੋਂ ਮਨਮਾੜ, 9 ਅਕਤੂਬਰ ਨੂੰ ਮਨਮਾੜ ਤੋਂ ਉਲ੍ਹਾਸਨਗਰ ਮੁੰਬਈ, 10 ਅਕਤੂਬਰ ਨੂੰ ਓੁਲ੍ਹਾਸਨਗਰ ਤੋਂ ਖਾਲਸਾ ਕਾਲਜ ਮਾਟੂੰਗਾ ਮੁੰਬਈ, 11 ਅਕਤੂਬਰ ਨੂੰ ਮਾਟੂੰਗਾ ਤੋਂ ਗੁਰਦੁਆਰਾ ਨਾਨਕ ਦਰਬਾਰ ਬੋਰੀਵਾਲੀ ਮੁੰਬਈ, 12 ਅਕਤੂਬਰ ਨੂੰ ਬੋਰੀਵਾਲੀ ਤੋਂ ਸੂਰਤ ਗੁਜਰਾਤ, 13 ਅਕਤੂਬਰ ਨੂੰ ਸੂਰਤ ਤੋਂ ਅਹਿਮਦਾਬਾਦ, 14 ਅਕਤੂਬਰ ਨੂੰ ਅਹਿਮਦਾਬਾਦ ਤੋਂ ਇੰਦੌਰ ਮੱਧ ਪ੍ਰਦੇਸ਼ ਜਾਵੇਗਾ, ਜਿਥੋਂ 16 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਮਰਗੜ੍ਹ ਡੇਰਾ ਕਾਰਸੇਵਾ ਕੋਟਾਂ ਵਿਖੇ ਪਹੁੰਚੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਪੰਜਾਬ ਵਿਚ ਪ੍ਰਵੇਸ਼ ਕਰੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਇਤਿਹਾਸਕ ਮੌਕਿਆਂ ’ਤੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰੀਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹ 'ਚ ਡੁੱਬੇ ਫਿਰੋਜ਼ਪੁਰ ਦੇ ਪਿੰਡਾਂ ਦੀ ਪੰਜਾਬੀ ਅਦਾਕਾਰ ਗੈਵੀ ਚਾਹਲ ਨੇ ਕੀਤੀ ਮਦਦ
NEXT STORY