ਖਾਲੜਾ/ਭਿੱਖੀਵਿੰਡ (ਭਾਟੀਆ, ਰਾਜੀਵ, ਬਖਤਾਵਰ) - ਐਸ. ਜੀ. ਪੀ. ਸੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੇ ਖਜ਼ਾਨਚੀ ਨੂੰ ਥਾਣਾ ਖਾਲੜਾ ਦੀ ਪੁਲਸ ਨੇ ਚੋਰੀ ਦੀ ਬੰਦੂਕ ਸਮੇਤ ਅੱਜ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਸਬ ਡਵੀਜਨ ਭਿੱਖੀਵਿੰਡ ਦੇ ਡੀ. ਐਸ. ਪੀ ਸੁਲੱਖਣ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਨੇ ਥਾਣਾ ਖਾਲੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 8-9 ਫਰਵਰੀ 2018 ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਸ਼ਹੀਦ ਬਾਬਾ ਤਾਰਾ ਸਿੰਘ ਪਿੰਡ ਵਾਂ ਵਿਖੇ ਗੋਲਕ ਤੋੜ ਕੇ 186600 ਰੁਪਏ ਨਕਦੀ, ਇਕ ਡਬਲ ਬੈਰਲਰ ਬੰਦੂਕ, ਕੈਮਰੇ ਦਾ ਡੀ. ਵੀ. ਆਰ. ਚੋਰੀ ਹੋ ਗਿਆ ਸੀ, ਜਿਸ ਦੇ ਖਿਲਾਫ ਥਾਣਾ ਖਾਲੜਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ। ਇਸ ਮੌਕੇ ਮਾਨ ਨੇ ਕਿਹਾ ਐਸ. ਐਸ. ਪੀ ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾਂ ਪੁਲਸ ਪਾਰਟੀ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਗੁਰਦੁਆਰਾ ਸਾਹਿਬ ਦਾ ਖਜਾਨਚੀ ਕੁਲਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸਰਾਏ ਵਲਟੋਹਾ ਨਸ਼ੇ ਕਰਨ ਦਾ ਆਦੀ ਹੈ।
ਇਸ ਸੂਚਨਾ ਦੇ ਆਧਾਰ 'ਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਐਸ. ਐਚ. ਓ. ਖਾਲੜਾ ਗੁਰਚਰਨ ਸਿੰਘ ਨੇ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਆਪਣਾ ਦੋਸ਼ ਕਬੂਲ ਕਰ ਲਿਆ। ਉਸ ਨੇ ਕਿਹਾ ਕਿ ਉਸ ਨੇ ਹੀ ਚੋਰੀ ਕੀਤੀ ਹੈ ਅਤੇ ਉਹ ਹੈਰੋਇਨ ਪੀਣ ਦਾ ਆਦੀ ਹੈ। ਉਸ ਨੇ ਨਸ਼ੇ ਦੀ ਪੂਰਤੀ ਲਈ ਗੋਲਕ ਵਿਚੋਂ ਪੈਸੇ ਚੋਰੀ ਕੀਤੇ ਸਨ। ਦੋਸ਼ੀ ਕੁਲਦੀਪ ਸਿੰਘ ਨੇ ਕਿਹਾ ਕਿ ਘਟਨਾ ਵਾਲੇ ਦਿਨ ਉਹ ਗੁਰਦੁਆਰਾ ਸਾਹਿਬ 'ਚੋਂ ਦੁਪਹਿਰ ਨੂੰ ਹੀ ਚਲਾ ਗਿਆ ਤੇ ਰਾਤ ਸਮੇਂ ਪਹਿਰੇਦਾਰ ਤੋਂ ਬੱਚਦਾ ਹੋਇਆ ਮੈਨੇਜਰ ਸਾਹਿਬ ਦੇ ਦਫਤਰ ਨੂੰ ਚਾਬੀ ਨਾਲ ਜਿੰਦਰਾ ਖੋਲ ਕੇ ਬੰਦੂਕ ਨੂੰ ਇਸ ਕਰਕੇ ਚੋਰੀ ਕੀਤਾ ਤਾਂ ਜੋ ਚੋਰੀ ਦਾ ਸ਼ੱਕ ਨਾ ਹੋ ਸਕੇ। ਇਸ ਦੇ ਨਾਲ ਹੀ ਡੀ. ਐਸ. ਪੀ. ਮਾਨ ਨੇ ਦੱਸਿਆ ਕਿ ਦੋਸ਼ੀ ਪਾਸੋਂ ਬੰਦੂਕ ਬਰਾਮਦ ਕਰ ਲਈ ਹੈ ਪਰ ਕੈਮਰੇ ਦਾ ਡੀ.ਵੀ.ਆਰ, ਨਕਦੀ ਬਰਾਮਦ ਕਰਨ ਅਜੇ ਬਾਕੀ ਹੈ। ਇਸ ਪ੍ਰੈਸ ਕਾਨਫਰੰਸ ਮੌਕੇ ਐੱਸ. ਐਚ. ਓ. ਭਿੱਖੀਵਿੰਡ ਕਸ਼ਮੀਰ ਸਿੰਘ, ਐੱਸ. ਆਈ. ਖਾਲੜਾ ਹਰਪਾਲ ਸਿੰਘ, ਐੱਚ. ਸੀ. ਮੋਹਕਮ ਸਿੰਘ, ਐਚ. ਸੀ ਬਲਵਿੰਦਰ ਸਿੰਘ, ਪ੍ਰਗਟ ਸਿੰਘ ਆਦਿ ਪੁਲਸ ਮੁਲਾਜ਼ਮ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਪੰਚਾਇਤ ਘਰ 'ਚ ਮਿਲੀ ਸੀ ਨਾਬਾਲਗ ਲੜਕੀ ਦੀ ਲਾਸ਼, ਦੋਸ਼ੀ ਗ੍ਰਿਫਤਾਰ
NEXT STORY