ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਚੀਫ ਸਕੱਤਰ ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਤਵਾਦ ਦਾ ਦਰਦ ਉਨ੍ਹਾਂ ਨੇ ਬਹੁਤ ਨੇੜਿਓਂ ਦੇਖਿਆ ਹੈ। ਅੱਤਵਾਦ ਦੇ ਦੌਰ 'ਚ ਉਹ ਅੰਮ੍ਰਿਤਸਰ 'ਚ ਤਾਇਨਾਤ ਸਨ। ਉਸ ਸਮੇਂ ਮੌਜੂਦਾ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਅੰਮ੍ਰਿਤਸਰ 'ਚ ਹੀ ਸਨ। ਉਨ੍ਹਾਂ ਅਕਤੂਬਰ 1987 ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਤਵਾਦੀਆਂ ਨੇ ਅੰਮ੍ਰਿਤਸਰ 'ਚ ਇਕ ਮੰਦਿਰ 'ਚ ਬੰਬ ਸੁੱਟਿਆ, ਜਿਸ ਨਾਲ 35-40 ਲੋਕ ਸ਼ਹੀਦ ਹੋ ਗਏ। ਅਜੇ ਪ੍ਰਸ਼ਾਸਨ ਅਤੇ ਪੁਲਸ ਇਨ੍ਹਾਂ ਸ਼ਹੀਦ ਲੋਕਾਂ ਦੀ ਮਦਦ ਲਈ ਲੱਗੀ ਹੀ ਸੀ ਕਿ ਇਕ ਹੋਰ ਮੰਦਿਰ 'ਚ ਬੰਬ ਫਟਣ ਦੀ ਸੂਚਨਾ ਮਿਲ ਗਈ, ਜਿਸ 'ਚ ਹੋਰ 35-40 ਲੋਕ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਕਰਫਿਊ ਲਗਾਉਣਾ ਪਿਆ ਅਤੇ ਉਨ੍ਹਾਂ ਸਮੇਤ ਸੁਰੇਸ਼ ਅਰੋੜਾ ਨੇ ਮਿਲ ਕੇ ਉਸ ਸਮੇਂ ਸ਼ਹੀਦ ਹੋਣ ਵਾਲੇ ਲੋਕਾਂ ਦਾ ਆਖਰੀ ਸੰਸਕਾਰ ਕਰਵਾਇਆ।ਸੁਰੇਸ਼ ਕੁਮਾਰ ਪੰਜਾਬ ਕੇਸਰੀ ਵੱਲੋਂ ਐਤਵਾਰ ਨੂੰ ਆਯੋਜਿਤ ਕੀਤੇ ਗਏ 115ਵੇਂ ਸਮਾਰੋਹ 'ਚ ਹਿੱਸਾ ਲੈਣ ਲਈ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦਾ ਵੀ ਦਿਲ ਭਰ ਆਇਆ ਸੀ। ਇਨ੍ਹਾਂ ਹੀ ਨਹੀਂ ਹਾਦਸਿਆਂ ਦਾ ਦੌਰ ਚੱਲਦਾ ਰਿਹਾ। ਤਰਨਤਾਰਨ ਦੇ ਨੇੜੇ ਪੈਂਦੇ ਜੰਡਿਆਲਾ 'ਚ ਅੱਤਵਾਦੀਆਂ ਨੇ ਇਕ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ ਸੀ। ਉਹ ਅੰਮ੍ਰਿਤਸਰ ਤੋਂ ਤੁਰੰਤ ਸ਼੍ਰੀ ਅਰੋੜਾ ਨਾਲ ਪੁਲਸ ਥਾਣੇ ਪਹੁੰਚੇ। ਉਥੇ ਉਨ੍ਹਾਂ ਤੋਂ ਪਹਿਲਾਂ ਹੀ ਐੱਮ. ਐੱਸ. ਬਿੱਟਾ ਮੌਕੇ 'ਤੇ ਮੌਜੂਦ ਸਨ। ਉਦੋਂ ਹਾਲਾਤ ਆਮ ਹੋਣ ਤੋਂ ਬਾਅਦ ਉਹ ਖੁਦ ਬਿੱਟਾ ਨੂੰ ਅੰਮ੍ਰਿਤਸਰ 'ਚ ਉਨ੍ਹਾਂ ਦੇ ਘਰ ਛੱਡ ਕੇ ਆਏ ਸਨ।
ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਤਵਾਦੀਆਂ ਦਾ ਦਰਦ ਪੰਜਾਬ ਕੇਸਰੀ ਪਰਿਵਾਰ ਨੇ ਸਮਝਿਆ ਹੈ, ਜਿਨ੍ਹਾਂ ਨੇ ਸ਼ਹੀਦ ਪਰਿਵਾਰ ਫੰਡ ਦੀ ਮਾਰਫਤ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅੱਜ ਚਾਰੇ ਪਾਸੇ ਝੂਠ ਦਾ ਬੋਲਬਾਲਾ ਹੈ ਅਤੇ ਗਰੀਬਾਂ ਦੀ ਕੋਈ ਵੀ ਮਦਦ ਨਹੀਂ ਕਰਦਾ। ਅਜਿਹੇ ਮਜਬੂਰ ਲੋਕਾਂ ਦੀ ਮਦਦ ਲਈ ਅਸੀਂ ਸਾਰਿਆਂ ਨੇ ਅੱਗੇ ਆਉਣਾ ਹੈ। ਮੁਸ਼ਕਲਾਂ ਭਾਵੇਂ ਬਹੁਤ ਜ਼ਿਆਦਾ ਹਨ ਪਰ ਨਾਲ ਹੀ ਅਫਵਾਹਾਂ ਦਾ ਦੌਰ ਵੀ ਚੱਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਹਜ਼ਾਰਾਂ ਕੁਰਬਾਨੀਆਂ ਦੇਣ ਤੋਂ ਬਾਅਦ ਬਹਾਲ ਹੋਈ ਅਮਨ-ਸ਼ਾਂਤੀ ਨੂੰ ਹਰ ਕੀਮਤ 'ਤੇ ਬਰਕਰਾਰ ਰੱਖੇਗੀ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵੇਗੀ।
ਕੈਪਟਨ ਅਤੇ ਸੁਖਬੀਰ 'ਚ ਸਿਆਸੀ ਤਕਰਾਰ ਵਧਣ ਦੇ ਅਸਾਰ!
NEXT STORY