ਜਲਾਲਾਬਾਦ/ਜਲੰਧਰ (ਗੁਰਮਿੰਦਰ ਸਿੰਘ) : ਲੰਬੇ ਸਮੇਂ ਤੋਂ ਪਾਰਟੀ ਤੋਂ ਵੱਖ ਚੱਲ ਰਹੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਆਖਿਰਕਾਰ ਮੰਗਲਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ। ਸੋਮਵਾਰ ਨੂੰ ਘੁਬਾਇਆ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਮੰਗਲਵਾਰ ਨੂੰ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ 'ਚ ਸ਼ਮੂਲੀਅਤ ਕਰ ਲਈ। ਸੂਤਰਾਂ ਮੁਤਾਬਕ ਸ਼ੇਰ ਘੁਬਾਇਆ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿੱਕਟ 'ਤੇ ਚੋਣ ਲੜ ਸਕਦੇ ਹਨ। ਕਾਂਗਰਸ 'ਚ ਸ਼ਮੂਲੀਅਤ ਦੌਰਾਨ ਇਕ ਪਾਸੇ ਜਿੱਥੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਘੁਬਾਇਆ ਦੇ ਬਿਨਾਂ ਸ਼ਰਤ ਕਾਂਗਰਸ 'ਚ ਸ਼ਾਮਲ ਹੋਣ ਦੀ ਗੱਲ ਆਖੀ, ਉਥੇ ਹੀ ਦੂਜੇ ਪਾਸੇ ਘੁਬਾਇਆ ਨੇ ਆਖਿਆ ਕਿ ਫ਼ਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਮਿਲਣ ਤੋਂ ਬਆਦ ਹੀ ਉਨ੍ਹਾਂ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸ਼ੇਰ ਸਿੰਘ ਘੁਬਾਇਆ ਇਹ ਸਾਫ ਕਰ ਚੁੱਕੇ ਹਨ ਕਿ ਉਹ ਹਰ ਹਾਲ ਵਿਚ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨਗੇ ਹੀ ਲੜਨਗੇ।
ਕਿਵੇਂ ਪੈਦਾ ਹੋਏ ਪਾਰਟੀ ਨਾਲ ਮੱਤਭੇਦ
ਜਲਾਲਾਬਾਦ ਹਲਕਾ ਸ਼ੇਰ ਸਿੰਘ ਘੁਬਾਇਆ ਦਾ ਗੜ੍ਹ ਹੈ ਅਤੇ ਇਥੋਂ ਹੀ ਘੁਬਾਇਆ ਅਕਾਲੀ ਦਲ ਦੀ ਟਿਕਟ 'ਤੇ 3 ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ। ਜਿਸ 'ਚੋਂ ਦੋ ਵਾਰ ਘੁਬਾਇਆ ਜਿੱਤੇ ਸਨ ਜਦਕਿ ਇਕ ਵਾਰ ਹਾਰੇ ਸਨ। 2009 ਵਿਚ ਅਕਾਲੀ ਦਲ ਨੇ ਘੁਬਾਇਆ ਨੂੰ ਟਿਕਟ ਨਹੀਂ ਦਿੱਤੀ ਅਤੇ ਇਥੋਂ ਸੁਖਬੀਰ ਬਾਦਲ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ, ਉਦੋਂ ਤੋਂ ਹੀ ਘੁਬਾਇਆ ਪਾਰਟੀ ਤੋਂ ਨਾਰਾਜ਼ ਚੱਲਦੇ ਆ ਰਹੇ ਸਨ। ਪਾਰਟੀ ਨੇ ਘੁਬਾਇਆ ਨੂੰ ਵਿਧਾਨ ਸਭਾ ਚੋਣ ਲੜਾਉਣ ਦੀ ਬਜਾਏ ਫਿਰੋਜ਼ਪੁਰ ਤੋਂ ਲੋਕ ਸਭਾ ਸੀਟ ਤੋਂ ਮੈਦਾਨ 'ਚ ਉਤਾਰਿਆ, ਜਿਸ ਵਿਚ ਘੁਬਾਇਆ ਕਾਂਗਰਸ ਦੇ ਜਗਮੀਤ ਬਰਾੜ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ ਸਨ।
ਪਹਿਲੀ ਵਾਰ ਘੁਬਾਇਆ ਨੇ 1997 ਵਿਚ ਅਕਾਲੀ ਦਲ ਦੀ ਟਿਕਟ 'ਤੇ ਜਲਾਲਾਬਾਦ ਤੋਂ ਚੋਣ ਲੜੀ ਸੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੇ ਹੰਸ ਰਾਜ ਜੋਸਨ ਨੂੰ 3397 ਵੋਟਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਘੁਬਾਇਆ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2002 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਪਾਰਟੀ ਨੇ ਘੁਬਾਇਆ ਨੂੰ ਜਲਾਲਾਬਾਦ ਤੋਂ ਮੈਦਾਨ ਵਿਚ ਉਤਾਰਿਆ, ਇਥੇ ਘੁਬਾਇਆ ਨੂੰ 4331 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 2007 ਵਿਚ ਘੁਬਾਇਆ ਨੇ ਕਾਂਗਰਸ ਦੇ ਹੰਸ ਰਾਜ ਜੋਸਨ ਨੂੰ 44077 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਮੁੜ ਜਲਾਲਾਬਾਦ 'ਤੇ ਆਪਣਾ ਦਬਦਬਾ ਕਾਇਮ ਕਰ ਲਿਆ। ਇਸ ਦਰਮਿਆਨ ਪਾਰਟੀ ਨੇ ਘੁਬਾਇਆ ਦੀ ਬਲੀ ਲੈਂਦੇ ਹੋਏ ਜੱਦੀ ਹਲਕੇ ਜਲਾਲਾਬਾਦ ਤੋਂ ਲਾਂਭੇ ਕਰਕੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਾਉਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਘੁਬਾਇਆ ਲਗਾਤਾਰ ਪਾਰਟੀ ਤੋਂ ਦੂਰ ਹੁੰਦੇ ਗਏ। ਹਾਲਾਂਕਿ ਘੁਬਾਇਆ ਨੇ ਦੋ ਵਾਰ 2009 ਅਤੇ 2014 ਵਿਚ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜੀ ਅਤੇ ਦੋਵੇਂ ਪੂਰ ਜੇਤੂ ਰਹੇ।
ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਨੇ ਕੀਤਾ ਕਿਨਾਰਾ
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ, ਦਾਅਵਾ ਕੀਤਾ ਗਿਆ ਸੀ ਕਿ ਇਸ ਵੀਡੀਓ ਵਿਚ ਨਜ਼ਰ ਆਉਣ ਵਾਲਾ ਕਥਿਤ ਸ਼ਖਸ ਸ਼ੇਰ ਸਿੰਘ ਘੁਬਾਇਆ ਹਨ। ਇਹ ਮਾਮਲਾ ਲੰਬਾ ਸਮਾਂ ਸੁਰਖੀਆਂ ਵਿਚ ਰਿਹਾ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਅਕਾਲੀ ਦਲ ਵਲੋਂ ਸ਼ੇਰ ਸਿੰਘ ਘੁਬਾਇਆ ਤੋਂ ਕਿਨਾਰਾ ਕਰ ਲਿਆ ਗਿਆ।
ਕਾਨਫਰੰਸ ਦੌਰਾਨ ਵਿਧਾਇਕ ਅਜੈਬ ਸਿੰਘ ਭੱਟੀ ਨੇ ਕੱਢੀ ਗਾਲ
NEXT STORY