ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਜਾਰੀ ਇੱਕ ਸਾਂਝੇ ਬਿਆਨ 'ਚ ਕੁਝ ਜਥੇਬੰਦੀਆਂ ਵੱਲੋਂ ਵਿਰਾਸਤੀ ਮਾਰਗ 'ਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲਗਭਗ 40 ਦਿਨਾਂ ਤੋਂ ਸਤਿਕਾਰ ਕਮੇਟੀ ਦੇ ਨਾਮ 'ਤੇ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਬੈਠੇ ਕੁਝ ਲੋਕਾਂ ਵੱਲੋਂ ਹਰ ਰੋਜ਼ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਅਹੁਦੇਦਾਰਾਂ ਅਤੇ ਅਧਿਕਾਰੀਆਂ ਪ੍ਰਤੀ ਬੇਹੱਦ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਵਾਲ ਕੀਤਾ ਕਿ ਅੱਜ ਵਿਰਾਸਤੀ ਮਾਰਗ 'ਤੇ ਕੀਤੇ ਗਏ ਪ੍ਰਦਰਸ਼ਨ 'ਚ ਧਰਨਾਕਾਰੀਆਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਵਾਲੇ ਭਾਈ ਮੋਹਕਮ ਸਿੰਘ ਅਤੇ ਮਨਜੀਤ ਸਿੰਘ ਭੋਮਾ ਪਹਿਲਾਂ ਇਹ ਸਪੱਸ਼ਟ ਕਰਨ ਕਿ ਜੇਕਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਇੰਨੀ ਹੀ ਮਾੜੀ ਹੈ, ਤਾਂ ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਥੇ ਸਰਵਿਸ ਕਿਉਂ ਦਿਵਾਈ ਹੈ।
ਇਹ ਵੀ ਪੜ੍ਹੋ : ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪੰਜਾਬ ਨੂੰ ਨਿਸ਼ਾਨਾ ਨਾ ਬਣਾਵੇ ਕੇਂਦਰ : ਸੁਖਬੀਰ ਬਾਦਲ
ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਵੱਡਾ ਹਿੱਸਾ ਇਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਥੋਂ ਪਰਿਵਾਰ ਪਾਲੇ ਹਨ। ਭਾਈ ਮੋਹਕਮ ਸਿੰਘ ਦੇ ਭਰਾ ਕਰਨਜੀਤ ਸਿੰਘ ਜੋ ਅਜੇ ਕੁਝ ਸਮਾਂ ਪਹਿਲਾਂ ਹੀ ਇਥੋਂ ਸੇਵਾਮੁਕਤ ਹੋਇਆ ਹੈ, ਲੰਮਾ ਸਮਾਂ ਪਬਲੀਕੇਸ਼ਨ ਮਹਿਕਮੇ 'ਚ ਇੰਚਾਰਜ ਰਿਹਾ। ਇਸ ਤੋਂ ਇਲਾਵਾ ਇਨ੍ਹਾਂ ਦੇ ਹੋਰ ਦੋ ਤਿੰਨ ਪਰਿਵਾਰਕ ਮੈਂਬਰ ਵੀ ਮੁਲਾਜ਼ਮ ਹਨ। ਭਾਈ ਮੋਹਕਮ ਸਿੰਘ ਲੋਕਾਂ ਨੂੰ ਮੂਰਖ ਬਣਾਉਣ ਦੀ ਥਾਂ ਆਪਣੇ ਭਰਾ ਕੋਲੋਂ ਹੀ ਜਾਣਕਾਰੀ ਲੈ ਲਵੇ ਕਿ ਪਾਵਨ ਸਰੂਪ ਕਿਥੇ ਗਏ ਹਨ ਅਤੇ ਕਿਸ-ਕਿਸ ਨੂੰ ਦਿੱਤੇ ਹਨ। ਦੂਜੇ ਪਾਸੇ ਭਾਈ ਮਨਜੀਤ ਸਿੰਘ ਭੋਮਾ ਦਾ ਭਰਾ ਮੇਜਰ ਸਿੰਘ ਪਹਿਲਾਂ ਸਰਵਿਸ ਕਰਦਾ ਰਿਹਾ ਹੈ ਅਤੇ ਹੁਣ ਭਾਈ ਰਣਜੀਤ ਸਿੰਘ ਵੀ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਹੈ। ਜੇਕਰ ਇਹ ਸੰਸਥਾ ਇੰਨੀ ਹੀ ਮਾੜੀ ਹੈ ਜਾਂ ਇਸ ਦੇ ਮੁਲਾਜ਼ਮ ਇਨ੍ਹਾਂ ਲੋਕਾਂ ਨੂੰ ਮਸੰਦ ਜਾਪਦੇ ਹਨ ਤਾਂ ਇਹ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਸਥਾ ਵਿੱਚੋਂ ਵਾਪਸ ਬੁਲਾ ਲੈਣ। ਉਨ੍ਹਾਂ ਕਿਹਾ ਕਿ ਅੱਧਾ-ਅੱਧਾ ਟੱਬਰ ਸ਼੍ਰੋਮਣੀ ਕਮੇਟੀ ਵਿਚ ਨੌਕਰੀਆਂ 'ਤੇ ਲਵਾਉਣ ਵਾਲੇ ਇਹ ਲੋਕ ਵੀ ਦੋਗਲੀ ਨੀਤੀ ਅਧੀਨ ਸੰਸਥਾ ਨੂੰ ਮੰਦਾ ਬੋਲ ਰਹੇ ਹਨ। ਉਨ੍ਹਾਂ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸੰਸਥਾ ਨੂੰ ਬਦਨਾਮ ਕਰਕੇ ਤੋੜਨ ਦੀਆਂ ਸਾਜ਼ਿਸ਼ਾਂ ਰਚਣ ਵਾਲੇ ਇਨ੍ਹਾਂ ਲੋਕਾਂ ਦੇ ਦੋਗਲੇ ਚਿਹਰੇ ਨੂੰ ਜਨਤਕ ਕਰਨ ਲਈ ਲਾਮਬੰਦ ਹੋਣ।
ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੱਡਾ ਧਮਾਕਾ ਕਰ ਸਕਦੇ ਹਨ ਸਰਨਾ
ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪੰਜਾਬ ਨੂੰ ਨਿਸ਼ਾਨਾ ਨਾ ਬਣਾਵੇ ਕੇਂਦਰ : ਸੁਖਬੀਰ ਬਾਦਲ
NEXT STORY