ਬਾਬਾ ਬਕਾਲਾ ਸਾਹਿਬ (ਅਠੌਲਾ) - ਬੀਤੇ ਦਿਨੀਂ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਦਾਊਦ ਵਿਖੇ ਵਾਪਰੇ ਗੋਲੀ ਕਾਂਡ ਦੇ ਮੱਦੇਨਜ਼ਰ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਦੇ ਦਫਤਰ ਮੂਹਰੇ ਭਾਰਤੀ ਇਨਕਲਾਬੀ ਮਾਰਕਸਵਾਦੀ ਦੇ ਵਰਕਰਾਂ ਨੇ ਜਿਉਂ ਹੀ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਥਾਣਾ ਅਫਸਰ ਹਰਸੰਦੀਪ ਸਿੰਘ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤੇ ਜਾਣ ਪਿੱਛੋਂ ਜਿੱਤ ਦੀ ਰੈਲੀ 'ਚ ਬਦਲਦਿਆਂ ਇਹ ਰੋਸ ਧਰਨਾ ਲਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਗਿਆ।
ਵਰ੍ਹਦੇ ਮੀਂਹ 'ਚ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਕਮੇਟੀ ਮੈਂਬਰਾਂ ਕਾਮਰੇਡ ਅਮਰੀਕ ਸਿੰਘ ਦਾਊਦ ਤੇ ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਦਾਊਦ ਵਿਖੇ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ 'ਤੇ ਪਲਵਿੰਦਰ ਸਿੰਘ ਉਰਫ ਬੱਬੂ ਸਮੇਤ 4 ਹੋਰ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਬਲਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤੇ, ਜਿਸ ਨਾਲ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਬਿਆਸ ਵਿਖੇ ਮੁਕੱਦਮਾ ਦਰਜ ਕਰਨ ਪਿੱਛੋਂ ਵੀ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।
ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਬੁਟਾਰੀ, ਗੁਰਨਾਮ ਸਿੰਘ ਭਿੰਡਰ, ਲਖਵਿੰਦਰ ਸਿੰਘ ਦਾਊਦ, ਸਵਿੰਦਰ ਸਿੰਘ ਤਿੰਮੋਵਾਲ, ਕਮਲ ਸ਼ਰਮਾ ਮੱਦ, ਪੀੜਤ ਬਲਵਿੰਦਰ ਸਿੰਘ ਦਾਊਦ, ਨਰਿੰਦਰ ਸਿੰਘ ਫੌਜੀ, ਹਰਦੇਵ ਸਿੰਘ ਬੁੱਟਰ ਆਦਿ ਵੀ ਹਾਜ਼ਰ ਸਨ।
2 ਲੱਖ 72 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਮਾਮਲੇ 'ਚੋਂ ਦੋਸ਼ੀ ਬਰੀ
NEXT STORY