ਜਲੰਧਰ (ਵੈੱਬ ਡੈਸਕ, ਸੋਨੂੰ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ 24 ਫਰਵਰੀ ਨੂੰ ਦੇਸ਼ ਭਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਜਲੰਧਰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸਾਲਾਨਾ ਜੋੜ ਮੇਲਾ 25 ਫਰਵਰੀ ਤਕ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਚ ਮਨਾਇਆ ਜਾ ਰਿਹਾ ਹੈ। ਜਲੰਧਰ ਸ਼ਹਿਰ ਵਿਚ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਂਕ, ਡਾ. ਬੀ. ਆਰ. ਅੰਬੇਡਕਰ ਚੌਂਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜੋਤੀ ਚੌਂਕ), ਸ਼੍ਰੀ ਰਾਮ ਚੌਂਕ, ਲਵ-ਕੁਸ਼ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਮਾਈ ਹੀਰਾਂ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਂਕ, ਬਸਤੀ ਅੱਡਾ ਚੌਂਕ , ਭਗਵਾਨ ਵਾਲਮੀਕਿ ਚੌਂਕ ਅਤੇ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਹੁੰਦੇ ਹੋਏ ਸਤਿਗੁਰੂ ਰਵਿਦਾਸ ਧਾਮ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।
ਇਥੇ ਇਹ ਵੀ ਦੱਸ ਦੇਈਏ ਕਿ ਬਸਤੀ ਗੁਜ਼ਾਂ, ਸ਼ਾਸਤਰੀ ਨਗਰ, ਬਸਤੀ ਦਾਨਿਸ਼ਮੰਦਾ ਸਮੇਤ ਹੋਰਾਂ ਬਸਤੀਆਂ ਤੋਂ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਕਾਲੀ ਆਗੂ ਪਵਨ ਟੀਨੂੰ ਸਮੇਤ ਕਾਂਗਰਸੀ ਆਗੂ ਚਰਨਜੀਤ ਸਿੰਘ ਸਮੇਤ ਹੋਰ ਕਈ ਸਿਆਸੀ ਆਗੂਆਂ ਨੇ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਿਰਕਤ ਕੀਤੀ। ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਲਗਾਉਂਦੇ ਹੋਏ ਅੱਗੇ ਵੱਧ ਰਹੇ ਹਨ।
ਉਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ। ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਨੂੰ ਬੜੇ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਹੈ। ਸ਼ਾਨਦਾਰ ਪਾਲਕੀ ਦਾ ਆਯੋਜਨ ਕੀਤਾ ਗਿਆ ਹੈ। ਸ਼ੋਭਾ ਯਾਤਰਾ ਦੇ ਰਸਤੇ ਨੂੰ ਝੰਡੀਆਂ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਥਾਂ-ਥਾਂ ਉਪਰ ਸਵਾਗਤੀ ਮੰਚ ਲਾਏ ਗਏ। ਸ਼ੋਭਾ ਯਾਤਰਾ 'ਚ ਸ਼ਰਧਾਲੂਆਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਸੰਗਤ ਰਵਿਦਾਸ ਜੀ ਦੀ ਮਹਿਮਾ ਵਿਚ ਰੰਗੀ ਨਜ਼ਰ ਆਈ।
ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ਿਰਕਤ ਕਰਦਿਆਂ ਲੋਕਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨ ਦਾ ਸੱਦਾ ਦਿੱਤਾ। ਸੁਸ਼ੀਲ ਰਿੰਕੂ ਨੇ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸੰਸਾਰ ਨੂੰ ਸਮੁੱਚੀ ਲੋਕਾਈ ਦੇ ਭਲੇ ਦਾ ਮਾਰਗ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ ਅੱਜ ਵੀ ਸਾਡਾ ਰਾਹ ਰੁਸ਼ਨਾਉਂਦੀ ਹੈ, ਜਿਸ ਤੋਂ ਪ੍ਰੇਰਨਾ ਲੈ ਕੇ ਸਾਨੂੰ ਸਮਾਜ ਦੀ ਭਲਾਈ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਦਿਆਂ ਸੂਬੇ ਅਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲਿਜਾਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਅਤੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਮਾਰਗ ਦਰਸ਼ਨ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹਨ। ਉਨ੍ਹਾਂ ਹਰੇਕ ਨੂੰ ਗੁਰੂ ਜੀ ਵੱਲੋਂ ਦਿੱਤੇ ਆਪਸੀ ਪਿਆਰ, ਦਇਆ ਅਤੇ ਬਰਾਬਰੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਫਲਸਫਾ ਸਾਨੂੰ ਬਰਾਬਰੀ ਵਾਲੇ ਆਦਰਸ਼ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਸਮਾਗਮ ਲੋਕਾਂ ਨੂੰ ਜਾਤ-ਪਾਤ, ਰੰਗ, ਨਸਲ, ਧਰਮ ਦੇ ਭੇਦਭਾਵ ਤੋਂ ਉਪਰ ਉੱਠ ਕੇ ਮਨਾਉਣੇ ਚਾਹੀਦੇ ਹਨ। ਉਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੋਭਾ ਯਾਤਰਾ ਵਿੱਚ ਸੰਗਤ ਲਈ ਸੁਰੱਖਿਆ, ਆਵਾਜਾਈ, ਪੀਣ ਵਾਲੇ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤ ਵੱਧ ਚੜਕੇ ਸ਼ੋਭਾ ਯਾਤਰਾ ਵਿੱਚ ਭਾਗ ਲੈ ਸਕੇ। ਇਸ ਮੌਕੇ ਪੰਜਾਬ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਡੀ ਸੀ ਪੀ ਅੰਕੁਰ ਗੁਪਤਾ ਵੀ ਮੌਜੂਦ ਸਨ।
ਜੋੜ ਮੇਲੇ ਤੇ ਸ਼ੋਭਾ ਯਾਤਰਾ ਸਬੰਧੀ ਰੂਟ ਕੀਤੇ ਗਏ ਹਨ ਡਾਇਵਰਟ
ਜੋੜ ਮੇਲੇ ਅਤੇ ਸ਼ੋਭਾ ਯਾਤਰਾ ਵਿਚ ਭਾਰੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਅਤੇ ਵੀ. ਆਈ. ਪੀਜ਼ ਪਹੰੁਚਣਗੇ, ਜਿਸ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਆਮ ਲੋਕਾਂ ਦੀ ਸਹੂਲਤ ਲਈ ਜੋੜ ਮੇਲੇ ਵਿਚ 21 ਪੁਆਇੰਟਾਂ ਤੋਂ ਰੂਟ ਡਾਇਵਰਟ ਕੀਤੇ ਹਨ, ਜਦੋਂ ਕਿ 4 ਥਾਵਾਂ ਨੂੰ ਪਾਰਕਿੰਗ ਜ਼ੋਨ ਬਣਾਇਆ ਹੈ। ਸ਼ੋਭਾ ਯਾਤਰਾ ਵਾਲੇ ਦਿਨ ਵੀ 60 ਪੁਆਇੰਟਾਂ ਤੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਆਮ ਲੋਕਾਂ ਲਈ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ।
ਕਮਿਸ਼ਨਰੇਟ ਪੁਲਸ ਅਨੁਸਾਰ 23 ਫਰਵਰੀ ਨੂੰ ਸਵੇਰੇ 9 ਤੋਂ ਰਾਤ 10 ਵਜੇ ਤਕ ਸ਼ਹਿਰ ਤੋਂ ਕਪੂਰਥਲਾ ਨੂੰ ਆਉਣ-ਜਾਣ ਵਾਲਾ ਟ੍ਰੈਫਿਕ ਡਾ. ਅੰਬੇਡਕਰ ਚੌਕ, ਕਪੂਰਥਲਾ ਚੌਕ, ਵਾਇਆ ਬਸਤੀ ਬਾਵਾ ਖੇਲ ਰੂਟ ਦੀ ਥਾਂ ਪੀ. ਏ. ਪੀ. ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦੀ ਵਰਤੋਂ ਕਰਨਗੇ ਪਰ ਕਪੂਰਥਲਾ ਸਾਈਡ ਵਾਇਆ ਬਸਤੀ ਬਾਵਾ ਖੇਲ ਆਉਣ ਵਾਲੇ ਦੋਪਹੀਆ ਵਾਹਨ ਅਤੇ ਕਾਰਾਂ ਕਪੂਰਥਲਾ ਚੌਂਕ ਵਾਇਆ ਵਰਕਸ਼ਾਪ ਚੌਕ, ਮਕਸੂਦਾਂ ਚੌਂਕ ਅਤੇ ਫਿਰ ਨੈਸ਼ਨਲ ਹਾਈਵੇਅ ਵਾਲੇ ਰੂਟ ਦੀ ਵਰਤੋਂ ਕਰਨਗੇ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 25 ਫਰਵਰੀ ਤਕ ਡਾਇਵਰਟ ਕੀਤੇ ਰਸਤਿਆਂ ਦੀ ਹੀ ਵਰਤੋਂ ਕਰਨ ਤਾਂ ਕਿ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)
ਜੋੜ ਮੇਲੇ ’ਚ ਡਾਇਵਰਟ ਕੀਤੇ ਪੁਆਇੰਟਸ
ਕਮਿਸ਼ਨਰੇਟ ਪੁਲਸ ਨੇ ਜੋੜ ਮੇਲੇ ਦੌਰਾਨ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਗੁਰੂ ਰਵਿਦਾਸ ਚੌਂਕ, ਨਜ਼ਦੀਕ ਘਈ ਹਸਪਤਾਲ, ਤਿਲਕ ਨਗਰ ਰੋਡ, ਨਜ਼ਦੀਕ ਵਡਾਲਾ ਪਿੰਡ ਬਾਗ, ਬੂਟਾ ਪਿੰਡ ਮੋੜ ਨਜ਼ਦੀਕ ਚਾਰਾ ਮੰਡੀ, ਮੈਨਬ੍ਰੋ ਚੌਕ, ਮੋੜ ਬਾਵਾ ਸ਼ੂ ਫੈਕਟਰੀ, ਜੱਗੂ ਚੌਕ, ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾ. ਅੰਬੇਡਕਰ ਭਵਨ ਮੋੜ, ਨਕੋਦਰ ਰੋਡ, ਟੀ-ਪੁਆਇੰਟ, ਖਾਲਸਾ ਸਕੂਲ ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਸਮਰਾ ਚੌਕ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਟੀ-ਪੁਆਇੰਟ ਨਜ਼ਦੀਕ ਕੋਠੀ ਪਵਨ ਟੀਨੂੰ ਤੋਂ ਟ੍ਰੈਫਿਕ ਡਾਇਵਰਟ ਕੀਤੀ ਹੈ, ਜਿਸ ਕਾਰਨ ਜੋੜ ਮੇਲੇ ਦੀ ਸਮਾਪਤੀ ਤਕ ਜਲੰਧਰ ਸ਼ਹਿਰ ਤੋਂ ਨਕੋਦਰ ਸ਼ਾਹਕੋਟ ਸਾਈਡ ਆਉਣ-ਜਾਣ ਵਾਲੇ ਸਾਰੇ ਵਾਹਨ ਸਤਲੁਜ ਚੌਂਕ ਤੋਂ ਹੁੰਦੇ ਹੋਏ ਸਮਰਾ ਚੌਂਕ ਕੂਲ ਰੋਡ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਸੀ. ਟੀ. ਇੰਸਟੀਚਿਊਟ ਵਾਇਆ ਪ੍ਰਤਾਪਪੁਰਾ, ਨਕੋਦਰ ਰੂਟ ਦੀ ਵਰਤੋਂ ਕਰਨਗੇ। ਵਡਾਲਾ ਚੌਕ ਵਾਇਆ ਗੁਰੂ ਰਵਿਦਾਸ ਚੌਂਕ, ਭਗਵਾਨ ਵਾਲਮੀਕਿ ਚੌਕ ਰੋਡ ’ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ।
ਇਹ ਵੀ ਪੜ੍ਹੋ: UK ਭੇਜਣ ਦੇ ਨਾਂ 'ਤੇ ਹੋਏ ਵੱਡੇ ਫਰਜ਼ੀਵਾੜੇ ਸਬੰਧੀ ਸਨਸਨੀ ਖ਼ੁਲਾਸਾ, ਧੰਦੇ ’ਚ ਗੁਜਰਾਤੀਆਂ ਨੇ ਵੀ ਕਮਾਏ ਕਰੋੜਾਂ ਰੁਪਏ
ਵਾਹਨਾਂ ਦੀ ਪਾਰਕਿੰਗ ਲਈ ਬਣਾਏ ਪੁਆਇੰਟਸ
-ਚਾਰਾ ਮੰਡੀ ਨਕੋਦਰ ਰੋਡ
-ਖਾਲਸਾ ਸਕੂਲ (ਨਕੋਦਰ ਰੋਡ)
-ਮਾਤਾ ਰਾਣੀ ਚੌਕ (ਮਾਡਲ ਹਾਊਸ ਵਾਲੀ ਸਾਈਡ)
-ਮੈਨਬ੍ਰੋ ਚੌਕ ਤੋਂ ਬੀ. ਐੱਸ. ਐੱਨ. ਐੱਲ. ਐਕਸਚੇਂਜ ਦੀਆਂ ਦੋਵੇਂ ਸਾਈਡਜ਼
23 ਫਰਵਰੀ ਨੂੰ ਇਨ੍ਹਾਂ 60 ਪੁਆਇੰਟਸ ਤੋਂ ਡਾਇਵਰਟ ਰਹੇਗਾ ਟ੍ਰੈਫਿਕ
ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਟੀ-ਪੁਆਇੰਟ ਨਜ਼ਦੀਕ ਕੋਠੀ ਪਵਨ ਟੀਨੂੰ, ਗੁਰੂ ਰਵਿਦਾਸ ਚੌਂਕ, ਨਜ਼ਦੀਕ ਘਈ ਹਸਪਤਾਲ, ਤਿਲਕ ਨਗਰ ਰੋਡ, ਬੂਟਾ ਪਿੰਡ ਮੋੜ, ਮੈਨਬ੍ਰੋ ਚੌਂਕ, ਮੋੜ ਬਾਵਾ ਸ਼ੂ ਫੈਕਟਰੀ, ਜੱਗੂ ਚੌਂਕ, ਮਾਤਾ ਰਾਣੀ ਚੌਕ, ਬਬਰੀਕ ਚੌਂਕ, ਡਾ. ਅੰਬੇਡਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ, ਮੋੜ ਅਵਤਾਰ ਨਗਰ, ਡਾ. ਅੰਬੇਡਕਰ ਚੌਂਕ, ਗੁਰੂ ਅਮਰਦਾਸ ਚੌਕ, ਮੋੜ ਰੈੱਡ ਕਰਾਸ ਭਵਨ, ਗੁਰੂ ਨਾਨਕ ਮਿਸ਼ਨ ਚੌਕ, ਸਮਰਾ ਚੌਕ, ਏ. ਪੀ. ਜੇ. ਕਾਲਜ ਦੇ ਸਾਹਮਣੇ, ਕਪੂਰਥਲਾ ਚੌਂਕ, ਫੁੱਟਬਾਲ ਚੌਂਕ, ਸਿੱਕਾ ਚੌਂਕ, ਪਰੂਥੀ ਹਸਪਤਾਲ, ਸ਼ਹੀਦ ਊਧਮ ਸਿੰਘ ਨਗਰ, ਬੈਕਸਾਈਡ ਵੀ-ਮਾਰਟ, ਪੁਰਾਣੀ ਸਬਜ਼ੀ ਮੰਡੀ ਚੌਕ, ਕਿਸ਼ਨਪੁਰਾ ਚੌਂਕ, ਮਾਈ ਹੀਰਾਂ ਗੇਟ, ਟਾਂਡਾ ਰੋਡ ਰੇਲਵੇ ਫਾਟਕ, ਅੱਡਾ ਹੁਸ਼ਿਆਰਪੁਰ, ਦੋਮੋਰੀਆ ਪੁਲ, ਇਕਹਿਰੀ ਪੁਲੀ, ਮੋੜ ਕਰਤਾਰ ਪੈਟਰੋਲ ਪੰਪ, ਪ੍ਰਤਾਪ ਬਾਗ ਦੇ ਸਾਹਮਣੇ, ਟੀ-ਪੁਆਇੰਟ ਫਗਵਾੜਾ ਗੇਟ, ਸ਼ਾਸਤਰੀ ਮਾਰਕੀਟ ਚੌਕ, ਜੀ. ਪੀ. ਓ. ਚੌਕ, ਨਾਮਦੇਵ ਚੌਂਕ, ਸਕਾਈਲਾਰਕ ਚੌਕ, ਸ਼੍ਰੀ ਰਾਮ ਚੌਂਕ, ਮੋਡ਼ ਫਰੈਂਡਜ਼ ਸਿਨੇਮਾ, ਮੁਹੱਲਾ ਮਖਦੂਮਪੁਰਾ, ਫੁੱਲਾਂ ਵਾਲਾ ਚੌਕ, ਭਗਵਾਨ ਵਾਲਮੀਕਿ ਚੌਂਕ, ਨਾਜ਼ ਸਿਨੇਮਾ ਸਾਹਮਣੇ, ਟੀ-ਪੁਆਇੰਟ ਸ਼ਕਤੀ ਨਗਰ, ਜੇਲ੍ਹ ਚੌਂਕ, ਮੋੜ ਲਕਸ਼ਮੀ ਨਾਰਾਇਣ ਮੰਦਰ, ਪੁਰਾਣੀ ਸਬਜ਼ੀ ਮੰਡੀ ਚੌਕ, ਪਟੇਲ ਚੌਕ, ਵਰਕਸ਼ਾਪ ਚੌਂਕ, ਟੀ-ਪੁਆਇੰਟ ਗੋਪਾਲ ਨਗਰ, ਨਜ਼ਦੀਕ ਗਰਾਊਂਡ ਸਾਈਂ ਦਾਸ ਸਕੂਲ, ਚੌਂਕ ਝੰਡੀਆਂਵਾਲਾ ਪੀਰ, ਟੀ-ਪੁਆਇੰਟ ਬਸਤੀ ਪੀਰਦਾਦ, ਵਾਈ ਪੁਆਇੰਟ ਈਵਨਿੰਗ ਕਾਲਜ, ਟੀ-ਪੁਆਇੰਟ ਅਸ਼ੋਕ ਨਗਰ, ਗੁਰਦੁਆਰਾ ਸਾਹਿਬ ਅਾਦਰਸ਼ ਨਗਰ, ਸੇਂਟ ਸੋਲਜਰ ਕਾਲਜ 120 ਫੁੱਟੀ ਰੋਡ, ਬੈਕਸਾਈਡ ਥਾਣਾ ਬਸਤੀ ਬਾਵਾ ਖੇਲ, ਗਲੀ ਸਿੰਘ ਸਭਾ ਗੁਰਦੁਆਰਾ ਸਾਹਿਬ ਬਸਤੀ ਗੁਜ਼ਾਂ ਅਤੇ ਆਦਰਸ਼ ਨਗਰ ਚੌਂਕ ਆਦਿ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸਾਨੀ ਅੰਦੋਲਨ ਦਰਮਿਆਨ ਸੁਨੀਲ ਜਾਖੜ ਦੀ ਕਿਸਾਨਾਂ ਨੂੰ ਸਲਾਹ, ਪੋਸਟ ਪਾ ਕੇ ਆਖ ਦਿੱਤੀ ਵੱਡੀ ਗੱਲ
NEXT STORY