ਜਲੰਧਰ (ਵਿਸ਼ੇਸ਼)– ਅਮਰੀਕਾ ਦੇ ਕਨੈਕਟੀਕਟ ਸੂਬੇ ਦੀ ਸਰਕਾਰ ਖ਼ਾਲਿਸਤਾਨ ਸਮਰਥਕਾਂ ਦੇ ਭਾਰਤ ਵਿਰੁੱਧ ਚਲਾਏ ਜਾਣ ਵਾਲੇ ਸਿੱਖ ਦਮਨ ਦੇ ਕੂੜ ਪ੍ਰਚਾਰ ਦੇ ਜਾਲ ਵਿਚ ਫਸ ਗਈ ਹੈ। ਸਟੇਟ ਆਫ਼ ਕਨੈਕਟੀਕਟ ਜਨਰਲ ਅਸੈਂਬਲੀ ਨੇ 29 ਅਪ੍ਰੈਲ ਨੂੰ ‘ਸਿੱਖ ਆਜ਼ਾਦੀ ਦਿਵਸ’ (ਦੂਜੇ ਸ਼ਬਦਾਂ ਵਿਚ ਖ਼ਾਲਿਸਤਾਨ ਐਲਾਨ ਦਿਵਸ) ਦੇ ਰੂਪ ’ਚ ਮਾਨਤਾ ਦਿੱਤੀ ਹੈ। ਇਸ ਸਬੰਧੀ ਕਨੈਕਟੀਕਟ ਸੂਬੇ ਵੱਲੋਂ ਇਕ ਪ੍ਰਸ਼ੰਸਾ-ਪੱਤਰ ਸੂਬੇ ਦੀ ਸੀਨੇਟਰ ਕੈਥੀ ਉਸਟਨ ਨੇ ਜਾਰੀ ਕੀਤਾ, ਜਿਸ ਨੂੰ ਕਈ ਹੋਰ ਸੀਨੇਟਰਾਂ ਅਤੇ ਸੂਬੇ ਦੇ ਪ੍ਰਤੀਨਿਧੀਆਂ ਦਾ ਸਮਰਥਨ ਹਾਸਲ ਹੈ।
ਇਸ ਪ੍ਰਸ਼ੰਸਾ-ਪੱਤਰ ਨੂੰ ਬੀਤੇ ਦਿਨੀਂ ਨਾਰਵਿਚ ਸਿਟੀ ਹਾਲ ਦੇ ਬਾਹਰ ਪੜ੍ਹਿਆ ਗਿਆ, ਜਿੱਥੇ ਮੇਅਰ ਪੀਟਰ ਨਿਸਟਰੋਮ, ਨਾਰਵਿਚ ਸਿਟੀ ਕੌਂਸਲ ਦੇ ਮੈਂਬਰ ਸਵਰਣਜੀਤ ਸਿੰਘ ਖ਼ਾਲਸਾ ਅਤੇ ਡੈਰੇਲ ਵਿਲਸਨ ਵੀ ਮੌਜੂਦ ਸਨ। ਮੇਅਰ ਨਿਸਟਰੋਮ ਨੇ ਕਿਹਾ, ‘‘ਕਨੈਕਟੀਕਟ ਸਟੇਟ ਦੀ ਜਨਰਲ ਅਸੈਂਬਲੀ ਸਿੱਖ ਕੌਮ ਦੀ ਆਜ਼ਾਦੀ ਦੇ ਐਲਾਨਨਾਮੇ ਦੀ 36ਵੀਂ ਬਰਸੀ ਦੇ ਸਨਮਾਨ ’ਚ ਵਰਲਡ ਸਿੱਖ ਪਾਰਲੀਮੈਂਟ ਨੂੰ ਆਪਣੇ ਵੱਲੋਂ ਵਧਾਈ ਦਿੰਦੀ ਹੈ।’’ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਸਰਬਤ ਖ਼ਾਲਸਾ ਵੱਲੋਂ ਬਣਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਵੀ ਪੜ੍ਹਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਵਿਖੇ ਡਾਲਫਿਨ ਹੋਟਲ ਨੇੜੇ ਗੋਲ਼ੀਆਂ ਚੱਲਣ ਦੀ ਵਾਰਦਾਤ ਦਾ ਅਸਲ ਕਾਰਨ ਆਇਆ ਸਾਹਮਣੇ
ਪ੍ਰੋਗਰਾਮ ਵਿਚ ਮੌਜੂਦ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਸਿਟੀ ਆਫ਼ ਨਾਰਵਿਚ ਅਤੇ ਸਟੇਟ ਆਫ਼ ਕਨੈਕਟੀਕਟ ਸਿੱਖਾਂ ਦੇ ਸਹਿਯੋਗੀ ਅਤੇ ਭਾਈਵਾਲ ਰਹੇ ਹਨ ਅਤੇ ਸਿੱਖਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਸੰਘਰਸ਼ ਸਾਂਝਾ ਕਰਨ ਲਈ ਹਮੇਸ਼ਾ ਪਲੇਟਫਾਰਮ ਪ੍ਰਦਾਨ ਕਰਵਾਇਆ ਹੈ। ਹਿੰਮਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਖੇਤਰ ’ਤੇ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਹੈ ਅਤੇ ਪੰਜਾਬ ਅਜੇ ਵੀ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ’ਚ ਆਪਣੀ ਆਜ਼ਾਦੀ ਦੀ ਮੰਗ ਕਰਦਾ ਹੈ।
ਸਿੱਖ ਵਰਲਡ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਨੂੰ ਅਜਿਹੇ ਮੁਕਾਮ ’ਤੇ ਧੱਕ ਦਿੱਤਾ ਹੈ ਕਿ ਉਨ੍ਹਾਂ ਨੂੰ ਇਹ ਪ੍ਰਸਤਾਵ ਪਾਸ ਕਰਨਾ ਪਿਆ ਅਤੇ ਆਜ਼ਾਦ ਹੋਣ ਦੀ ਕੌਮੀ ਇੱਛਾ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ। ਪ੍ਰੋਗਰਾਮ ਵਿਚ ਅਮਰੀਕੀ ਸੀਨੇਟਰ ਕ੍ਰਿਸ ਮਰਫੀ ਦਾ ਵਿਸ਼ੇਸ਼ ਸੁਨੇਹਾ ਵੀ ਪੜ੍ਹਿਆ ਗਿਆ। ਕਨੈਕਟੀਕਟ ਦੇ ਲੈਫਟੀਨੈਂਟ ਗਵਰਨਰ ਯੂਜ਼ਨ ਬਾਇਸਿਵਿਜ਼ ਨੇ ਵੀ ਸਿੱਖਾਂ ਨੂੰ ਸ਼ੁੱਭਕਾਮਨਾਵਾਂ ਭੇਜੀਆਂ, ਜਿਸ ਨੂੰ ਸਿਟੀ ਆਫ਼ ਨਾਰਵਿਚ ਦੇ ਪ੍ਰਤੀਨਿਧੀਆਂ ਨੇ ਪੜ੍ਹ ਕੇ ਸੁਣਾਇਆ।
29 ਅਪ੍ਰੈਲ 1986 ਕਿਉਂ?
29 ਅਪ੍ਰੈਲ 1986 ਨੂੰ ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ‘ਸਰਬੱਤ ਖਾਲਸਾ’ ਨੇ ਆਜ਼ਾਦੀ ਦਾ ਪ੍ਰਸਤਾਵ ਪਾਸ ਕੀਤਾ ਸੀ। ਇਸੇ ਦਿਨ ਨੂੰ ਸਿੱਖ ਆਜ਼ਾਦੀ ਦੇ ਐਲਾਨਨਾਮਾ ਦਿਵਸ ਵਜੋਂ ਐਲਾਨਿਆ ਗਿਆ ਹੈ।
ਮਾਨਤਾ ਸਵੀਕਾਰ ਨਾ ਕਰਨ ਯੋਗ, ਬਾਈਡੇਨ ਸਰਕਾਰ ਤੁਰੰਤ ਦਖ਼ਲ ਦੇਵੇ: ਆਰ. ਪੀ. ਸਿੰਘ
ਅਮਰੀਕਾ ਦੇ ਕਨੈਕਟੀਕਟ ਸੂਬੇ ਵੱਲੋਂ 29 ਅਪ੍ਰੈਲ 1986 ਨੂੰ ਸਿੱਖ ਆਜ਼ਾਦੀ ਦੇ ਐਲਾਨਨਾਮਾ ਦਿਵਸ ਦੇ ਰੂਪ ’ਚ ਮਾਨਤਾ ਦੇਣਾ ਸਵੀਕਾਰ ਨਾ ਕਰਨ ਯੋਗ ਹੈ ਅਤੇ ਪੂਰੀ ਤਰ੍ਹਾਂ ਆਲੋਚਨਾ ਦੇ ਲਾਇਕ ਹੈ। ਜੋ ਬਾਈਡੇਨ ਸਰਕਾਰ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਵੇ ਕਿਉਂਕਿ ਇਹ ਭਾਰਤ ਦੇ ਅੰਦਰ ਆਜ਼ਾਦ ਖ਼ਾਲਿਸਤਾਨ ਦੀ ਮਾਨਤਾ ਨੂੰ ਖੁੱਲ੍ਹਾ ਸਮਰਥਨ ਹੈ ।- ਆਰ. ਪੀ. ਸਿੰਘ, ਕੌਮੀ ਬੁਲਾਰਾ, ਭਾਜਪਾ
ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ
ਕਨੈਕਟੀਕਟ ਸੂਬੇ ਨੂੰ ਮਾਮਲੇ ਦਾ ਬੁਨਿਆਦੀ ਗਿਆਨ ਤਕ ਨਹੀਂ: ਸੁੱਖੀ ਚਾਹਲ
ਕਨੈਕਟੀਕਟ ਸੂਬਾ ਆਪਣੇ ਫਤਵੇ ਅਤੇ ਅਧਿਕਾਰ ਖੇਤਰ ਦੀ ਲਛਮਣ ਰੇਖਾ ਪਾਰ ਕਰਕੇ ਭਾਰਤ ਦੇ ਮਾਮਲਿਆਂ ਵਿਚ ਦਖ਼ਲ ਦੇ ਰਿਹਾ ਹੈ। ਉਹ ਜਿਸ ਬਾਰੇ ਗੱਲ ਕਰ ਰਿਹਾ ਹੈ, ਉਸ ਬਾਰੇ ਉਸ ਨੂੰ ਬੁਨਿਆਦੀ ਗਿਆਨ ਤਕ ਨਹੀਂ ਹੈ। ਕਨੈਕਟੀਕਟ ਸੂਬੇ ਦੇ ਇਸ ਕੰਮ ਲਈ ਮੈਂ ਉਸ ਦੀ ਸਖਤ ਨਿੰਦਾ ਕਰਦਾ ਹਾਂ, ਖ਼ਾਸ ਤੌਰ ’ਤੇ ਜਦੋਂ ਅਮਰੀਕਾ ਅਤੇ ਭਾਰਤ ਰਣਨੀਤਕ ਅਤੇ ਸੁਰੱਖਿਆ ਮੋਰਚਿਆਂ ਸਮੇਤ ਸਾਰੇ ਖੇਤਰਾਂ ਵਿਚ ਆਪਣੇ ਸਬੰਧਾਂ ਨੂੰ ਡੂੰਘਾ ਕਰ ਰਹੇ ਹਨ।- ਸੁੱਖੀ ਚਾਹਲ, ਮੁੱਖ ਸੰਪਾਦਕ, ਖਾਲਸਾ ਟੂਡੇ, ਕੈਲੀਫੋਰਨੀਆ
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਟਿਆਲਾ ਝੜਪ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ, ਪੁਲਸ ਅਫਸਰਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ
NEXT STORY