ਅੰਮ੍ਰਿਤਸਰ,(ਅਨਜਾਣ)–ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਕੋਠੀ ਘੇਰ ਕੇ ਖੇਤੀ ਸੁਧਾਰ ਕਾਨੂੰਨ ਦੀਆਂ ਅੱਜ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਹਰੇ ਵੀ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦ ਖੇਤੀ ਸੁਧਾਰ ਐਕਟ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ਤਾਂ ਇਸ ਬਾਰੇ ਕਿਸਾਨ ਜਥੇਬੰਧੀਆਂ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਸੀ, ਉਦੋਂ ਤੋਂ ਹੀ ਲੋਕ ਇਨਸਾਫ਼ ਪਾਰਟੀ ਨੇ ਇਸ ਦੇ ਵਿਰੋਧ 'ਚ ਝੰਡਾ ਚੁੱਕਦਿਆਂ ਚੰਡੀਗੜ੍ਹ ਤੱਕ ਰੋਸ ਮਾਰਚ ਕੱਢਿਆ ਸੀ। ਇਸ ਦੌਰਾਨ 10 ਲੱਖ ਪੋਸਟਰ ਵੰਡ ਕੇ ਕਿਸਾਨ ਤੇ ਪੰਜਾਬ ਵਾਸੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ ਸੀ ਤੇ ਇਸ ਉਪਰੰਤ ਲੋਕ ਸਭਾ ਘੇਰਨ ਦੇ ਪ੍ਰੋਗਰਾਮ ਤਹਿਤ ਦਿੱਲੀ ਵਲ ਕੂਚ ਕੀਤਾ ਗਿਆ ਪਰ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਪਾਣੀ ਦੀਆਂ ਤੋਪਾਂ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ। ਬੈਂਸ ਨੇ ਵਿਸ਼ਵਾਸ ਦਿਵਾਇਆ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਕਿਸਾਨਾ ਦੇ ਹਰੇਕ ਅੰਦੋਲਨ 'ਚ ਜ਼ਿਲ੍ਹਾ ਪੱਧਰ, ਸੂਬਾ ਪੱਧਰ ਜਾਂ ਦਿੱਲੀ 'ਚ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਦਰਸ਼ਨ 'ਚ ਵੱਧ ਚੜ੍ਹ ਕੇ ਹਿੱਸਾ ਲਵੇਗੀ। ਉਨ੍ਹਾਂ ਕਿਸਾਨਾ ਵੱਲੋਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਅੰਦੋਲਨ 'ਚ ਸ਼ਾਮਲ ਨਾ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਹੀ ਸਹਿਮਤੀ ਦੇ ਦਿੱਤੀ ਸੀ ਤੇ ਹੁਣ ਇਸ ਵਿਰੁੱਧ ਜਾਣ ਦਾ ਨਾਟਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਾ ਬੁਲਵਾ ਕੇ ਆਪਣੀ ਰਾਜਿਆਂ ਵਾਲੀ ਸੋਚ ਦਾ ਸਬੂਤ ਦਿੱਤਾ ਹੈ। ਬੈਂਸ ਨੇ ਆਮ ਆਦਮੀ ਪਾਰਟੀ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਜੇ ਕੇਜਰੀਵਾਲ ਸੱਚਮੁੱਚ ਪੰਜਾਬ ਹਿਤੈਸ਼ੀ ਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਹਿਤੈਸ਼ੀ ਹਨ ਤਾਂ ਉਹ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕਿਸਾਨਾ ਦੇ ਹੱਕ 'ਚ ਫੈਸਲੇ ਲੈਣ। ਉਨ੍ਹਾਂ ਕਿਹਾ ਕਿ ਕਿਸਾਨਾ ਦੀ ਮੌਤ ਦਾ ਸਮਾਨ ਕਿਸਾਨ ਵਿਰੋਧੀ ਕਾਲਾ ਕਾਨੂੰਨ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਭਾਵੇਂ ਇਸ ਲਈ ਕਿੰਨਾ ਵੀ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ। ਇਸ ਮੌਕੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਮਾਝਾ ਇੰਚਾਰਜ ਅਮਰੀਕ ਸਿੰਘ ਵਰਪਾਲ, ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਦੇ ਇਲਾਵਾ ਸੈਕੜਿਆਂ ਦੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਿਰ ਸਨ।
13 ਦੀ ਬੈਠਕ 'ਚ ਕਿਸਾਨ ਜਥੇਬੰਦੀਆਂ ਲੈਣਗੀਆਂ ਫੈਸਲਾ, ਦਿੱਲੀ ਜਾਣਾ ਜਾਂ ਨਹੀਂ
NEXT STORY