ਜਲੰਧਰ (ਪੁਨੀਤ)–ਪਾਵਰਕਾਮ ਵੱਲੋਂ ਦਿੱਤੀ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਨਵਾਂ ਕੁਨੈਕਸ਼ਨ ਅਪਲਾਈ ਕਰਨ ਵਾਲੇ ਘਰੇਲੂ ਖ਼ਪਤਕਾਰਾਂ ਨੂੰ ਬਿਜਲੀ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਪਾ ਰਹੀ। ਵਿਭਾਗ ਕੋਲ ਸਿੰਗਲ ਫੇਸ ਮੀਟਰ ਆਊਟ ਆਫ਼ ਸਟਾਕ ਹੋ ਚੁੱਕੇ ਹਨ, ਜਿਸ ਕਾਰਨ ਖ਼ਪਤਕਾਰਾਂ ਦੀ ਪ੍ਰੇਸ਼ਾਨੀ ਵਧੀ ਹੈ। ਵੱਡੇ-ਵੱਡੇ ਦਾਅਵੇ ਕਰਨ ਵਾਲੇ ਪਾਵਰਕਾਮ ਦੇ ਹਾਲਾਤ ਖ਼ਰਾਬ ਹੁੰਦੇ ਨਜ਼ਰ ਆ ਰਹੇ ਹਨ। ਆਰਥਿਕ ਤੰਗੀ ਦੇ ਇਸ ਦੌਰ ਵਿਚ ਮੀਟਰ ਨਾ ਹੋਣ ਕਾਰਨ ਨਵੇਂ ਕੁਨੈਕਸ਼ਨਾਂ ’ਤੇ ਇਕ ਤਰ੍ਹਾਂ ਨਾਲ ਰੋਕ ਲੱਗ ਗਈ ਹੈ, ਜਿਹੜੀ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਦੇ ਵਿਰੋਧ ਦਾ ਕਾਰਨ ਬਣ ਸਕਦੀ ਹੈ। ਆਲਮ ਇਹ ਹੈ ਕਿ ਪਾਵਰਕਾਮ ਨਾਰਥ ਜ਼ੋਨ ਅਧੀਨ ਨਵੇਂ ਕੁਨੈਕਸ਼ਨ ਲੁਆਉਣ ਵਾਲੇ ਖ਼ਪਤਕਾਰਾਂ ਦੀਆਂ ਹਜ਼ਾਰਾਂ ਫਾਈਲਾਂ ਪੈਂਡਿੰਗ ਪਈਆਂ ਹਨ। ਨਵਾਂ ਮੀਟਰ ਲੁਆਉਣ ਲਈ ਲੋਕ ਆਪਣੇ ਪੱਧਰ ’ਤੇ ਯਤਨ ਕਰ ਰਹੇ ਹਨ ਪਰ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਮੀਟਰ ਉਪਲੱਬਧ ਨਹੀਂ ਹਨ।
ਇਹ ਵੀ ਪੜ੍ਹੋ : ਨੀਟੂ ਸ਼ਟਰਾਂ ਵਾਲੇ ਦਾ ਗੁਆਂਢੀ ਨਾਲ ਪੈ ਗਿਆ ਪੰਗਾ, ਰੋ-ਰੋ ਸੁਣਾਇਆ ਦੁੱਖ਼ੜਾ
ਵਿਭਾਗ ਵੱਲੋਂ ਨਵੇਂ ਮੀਟਰ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਖ਼ਪਤਕਾਰਾਂ ਨੂੰ ਜਲਦ ਕੁਨੈਕਸ਼ਨ ਲਾਉਣ ਸਬੰਧੀ ਮਿੱਠੀ ਗੋਲੀ ਦਿੱਤੀ ਜਾ ਰਹੀ ਹੈ। ਨਵੇਂ ਮੀਟਰ ਮੰਗਵਾਉਣ ਲਈ ਅਧਿਕਾਰੀਆਂ ਵੱਲੋਂ ਆਪਣੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ ਪਰ ਮੀਟਰਾਂ ਦੀ ਖੇਪ ਆਉਣ ਸਬੰਧੀ ਸਹੀ ਤਾਰੀਖ਼ ਦਾ ਪਤਾ ਨਹੀਂ ਲੱਗ ਪਾ ਰਿਹਾ, ਇਸ ਕਾਰਨ ਸਬ-ਡਿਵੀਜ਼ਨ ਪੱਧਰ ’ਤੇ ਅਧਿਕਾਰੀ ਖ਼ਪਤਕਾਰਾਂ ਨੂੰ ਮਿਲਣ ਤੋਂ ਵੀ ਕੰਨੀਂ ਕਤਰਾਅ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੀਟਰਾਂ ਦੀ ਘਾਟ ਕਾਫ਼ੀ ਸਮੇਂ ਤੋਂ ਆ ਰਹੀ ਹੈ। ਵਿਭਾਗ ਵੱਲੋਂ ਜਿਵੇਂ-ਕਿਵੇਂ ਕੰਮ ਚਲਾਇਆ ਜਾ ਰਿਹਾ ਸੀ ਪਰ ਹੁਣ ਕੰਮ ਚਲਾਉਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪੈਸੇ ਜਮ੍ਹਾ ਕਰਵਾਉਣ ਵਾਲੇ ਖ਼ਪਤਕਾਰਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਫੀਲਡ ਸਟਾਫ਼ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰੀ ਦਫ਼ਤਰਾਂ ’ਚ ਪ੍ਰੀ-ਪੇਡ ਕੁਨੈਕਸ਼ਨ ਲਾਉਣ ’ਤੇ ਧਿਆਨ ਕੇਂਦਰਿਤ
ਪਾਵਰਕਾਮ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਪ੍ਰੀ-ਪੇਡ ਬਿਜਲੀ ਦੇਣ ਦੀ ਸਹੂਲਤ 1 ਮਾਰਚ ਤੋਂ ਸ਼ੁਰੂ ਕੀਤੀ ਜਾਣੀ ਹੈ, ਜਿਸ ਕਾਰਨ ਅਧਿਕਾਰੀਆਂ ਦਾ ਪੂਰਾ ਧਿਆਨ ਪ੍ਰੀ-ਪੇਡ ਕੁਨੈਕਸ਼ਨ ਲਾਉਣ ’ਤੇ ਕੇਂਦਰਿਤ ਹੈ। ਵਿਭਾਗ ਵੱਲੋਂ ਜਲੰਧਰ ਸਰਕਲ ਨੂੰ ਸਰਕਾਰੀ ਦਫ਼ਤਰਾਂ ਵਿਚ ਲਾਉਣ ਲਈ 5 ਹਜ਼ਾਰ ਨਵੇਂ ਸਮਾਰਟ ਮੀਟਰ ਭਿਜਵਾਏ ਗਏ ਹਨ। ਇਸ ਯੋਜਨਾ ਨੂੰ ਸ਼ੁਰੂ ਕਰਨ ਵਿਚ 15 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਬਚਿਆ ਹੈ, ਜਿਸ ਕਾਰਨ ਪਾਵਰਕਾਮ ਫੀਲਡ ਸਟਾਫ਼ ਇਸ ’ਤੇ ਕੰਮ ਕਰ ਰਿਹਾ ਹੈ। ਪਾਵਰਕਾਮ ਦੇ ਹੈੱਡ ਆਫਿਸ ਪਟਿਆਲਾ ਵੱਲੋਂ ਜ਼ੋਨ ਦਫ਼ਤਰਾਂ ਵਿਚ ਸਰਕੂਲਰ ਭੇਜ ਕੇ ਮੀਟਰ ਬਦਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜ਼ੋਨ ਅਤੇ ਸਰਕਲ ਦੇ ਅਧਿਕਾਰੀ ਰੋਜ਼ਾਨਾ ਇਸ ’ਤੇ ਰਿਪੋਰਟ ਲੈ ਰਹੇ ਹਨ। ਪਾਵਰਕਾਮ ਵੱਲੋਂ ਕੇਂਦਰ ਤੋਂ ਮਿਲਣ ਵਾਲੇ ਫੰਡ ਦਾ ਲਾਭ ਲੈਣ ਲਈ ਸਰਕਾਰੀ ਦਫ਼ਤਰਾਂ ਨੂੰ ਪ੍ਰੀ-ਪੇਡ ਬਿਜਲੀ ਨਾਲ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ : ‘ਆਪ’ ਬੰਦੀ ਸਿੰਘਾਂ ਦੀ ਰਿਹਾਈ ਦੇ ਖ਼ਿਲਾਫ਼, ਫਿਰੌਤੀਆਂ ਤੋਂ ਡਰਦੇ ਆਲੂ ਵਪਾਰੀ ਨਹੀਂ ਆ ਰਹੇ ਪੰਜਾਬ : ਸੁਖਬੀਰ ਬਾਦਲ
ਮੁਫ਼ਤ ਬਿਜਲੀ ਕਾਰਨ ਘਰਾਂ ਵਿਚ ਲੱਗ ਰਹੇ 2-2 ਕੁਨੈਕਸ਼ਨ
ਵਿਭਾਗ ਵੱਲੋਂ ਪ੍ਰਤੀ ਖ਼ਪਤਕਾਰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਵੱਲੋਂ ਘਰਾਂ ਵਿਚ 2-2 ਕੁਨੈਕਸ਼ਨ ਲੁਆਏ ਜਾ ਰਹੇ ਹਨ। ਸਰਕਾਰ ਵੱਲੋਂ ਇਸ ਸਕੀਮ ਨੂੰ ਸ਼ੁਰੂ ਕਰਨ ਤੋਂ ਬਾਅਦ ਲੱਖਾਂ ਕੁਨੈਕਸ਼ਨ ਅਪਲਾਈ ਹੋ ਚੁੱਕੇ ਹਨ। ਕਈ ਘਰ ਤਾਂ ਅਜਿਹੇ ਹਨ, ਜਿੱਥੇ 3 ਮੀਟਰ ਅਪਲਾਈ ਕੀਤੇ ਜਾ ਚੁੱਕੇ ਹਨ। ਪਿਤਾ ਦੇ ਨਾਂ ’ਤੇ ਚੱਲ ਰਹੇ ਕੁਨੈਕਸ਼ਨ ਦੀ ਸੂਰਤ ਵਿਚ ਦੋਵਾਂ ਲੜਕਿਆਂ ਦੇ ਨਾਂ ’ਤੇ ਵੀ ਕੁਨੈਕਸ਼ਨ ਕੀਤਾ ਜਾ ਰਿਹਾ ਹੈ। ਲੋਕਾਂ ਵਿਚ ਵੱਧ ਕੁਨੈਕਸ਼ਨ ਲੁਆਉਣ ਦੀ ਹੋੜ ਮਚ ਚੁੱਕੀ ਹੈ।
ਮੀਟਰਾਂ ਦੀ ਖੇਪ ਜਲਦ ਪਹੁੰਚ ਜਾਵੇਗੀ : ਇੰਜੀ. ਇੰਦਰਪਾਲ
ਡਿਪਟੀ ਚੀਫ਼ ਇੰਜੀਨੀਅਰ ਅਤੇ ਪਾਵਰਕਾਮ ਜਲੰਧਰ ਸਰਕਲ ਦੇ ਹੈੱਡ ਇੰਜੀ. ਇੰਦਰਪਾਲ ਸਿੰਘ ਨੇ ਕਿਹਾ ਕਿ ਜ਼ਿਆਦਾ ਗਿਣਤੀ ਵਿਚ ਅਪਲਾਈ ਹੋਣ ਕਾਰਨ ਮੀਟਰ ਖਤਮ ਹੋਏ ਹਨ। ਮੀਟਰ ਮੰਗਵਾਉਣ ਲਈ ਹੈੱਡ ਆਫਿਸ ਨੂੰ ਚਿੱਠੀ ਭੇਜੀ ਜਾ ਚੁੱਕੀ ਹੈ। ਜਲਦ ਸਰਕਲ ਵਿਚ ਮੀਟਰਾਂ ਦੀ ਨਵੀਂ ਖੇਪ ਪਹੁੰਚ ਜਾਵੇਗੀ ਅਤੇ ਇਸ ਤੋਂ ਬਾਅਦ ਮੀਟਰ ਲਾਉਣੇ ਸ਼ੁਰੂ ਕਰਵਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ : 'ਅਸ਼ੀਰਵਾਦ' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਮੰਤਰੀ ਬਲਜੀਤ ਕੌਰ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਵਲੋਂ ਵੱਡੀ ਰਾਹਤ
NEXT STORY