ਰਮਦਾਸ, (ਸਾਰੰਗਲ)- ਅੱਜ ਉਸ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਬਿਜਲੀ ਮੁਲਾਜ਼ਮਾਂ ਵੱਲੋਂ ਸਰਹੱਦੀ ਕਸਬਾ ਰਮਦਾਸ ਅਧੀਨ ਆਉਂਦੇ ਦਰਜਨ ਦੇ ਕਰੀਬ ਪਿੰਡਾਂ ਦੀ ਰੋਜ਼ਾਨਾ ਅੱਧੀ ਰਾਤ ਤੋਂ ਤੜਕਸਾਰ ਬਿਜਲੀ ਬੰਦ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ।
ਇਸ ਦੌਰਾਨ ਪਿੰਡ ਵਾਸੀਆਂ ਦੀ ਹਮਾਇਤ 'ਤੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਗੁਰਵਿੰਦਰਬੀਰ ਸਿੰਘ ਥੋਬਾ, ਜਸਪਾਲ ਸਿੰਘ ਥੰਗਈ ਜਨਰਲ ਸਕੱਤਰ, ਸਵਰਨ ਸਿੰਘ, ਗੁਰਪਾਲ ਸਿੰਘ, ਗੁਰਭੇਜ ਸਿੰਘ, ਹਰਪਾਲ ਸਿੰਘ, ਕਰਨਬੀਰ ਸਿੰਘ, ਜਸਵੰਤ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਾਵਰਕਾਮ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਨੰਗਲ ਸੋਹਲ, ਜੱਟਾ, ਪਸ਼ੀਆ, ਮੰਦਰਾਂਵਾਲੀ, ਸਿੰਘੋਕੇ, ਨਿੱਸੋਕੇ, ਕੋਟ, ਗੱਗੜ, ਪੰਜਗਰਾਈਆਂ, ਕਤਲਾ, ਰੂੜੇਵਾਲ, ਥੰਗਈ, ਭਗਵਾਨਪੁਰਾ, ਪੰਡੋਰੀ, ਸ਼ਾਹ ਹਬੀਬ ਕੋਟਲੀ, ਘੁਮਰਾਏ, ਦਰੀਆ ਮੂਸਾ, ਮਹਿਮਦ ਮੰਦਰਾਂਵਾਲੀ ਆਦਿ ਦੇ ਬਾਹਰਵਾਰ ਬਿਜਲੀ ਬੰਦ ਕਰਨ ਲਈ ਟੀ-ਆਫ ਪੁਆਇੰਟ ਲਾਏ ਗਏ ਹਨ ਅਤੇ ਜਦੋਂ ਕਿਤੇ ਕਿਸੇ ਇਕ ਪਿੰਡ ਦੀ ਬਿਜਲੀ ਖਰਾਬ ਹੁੰਦੀ ਹੈ ਤਾਂ ਟੀ-ਆਫ ਪੁਆਇੰਟ 'ਤੇ ਫੀਡਰ ਤੋਂ ਬਿਜਲੀ ਬੰਦ ਕਰਨ ਦੀ ਬਜਾਏ ਬਿਜਲੀ ਮੁਲਾਜ਼ਮ ਸਿੱਧੀ ਮੇਨ ਸਪਲਾਈ ਤੋਂ ਬਿਜਲੀ ਬੰਦ ਕਰ ਦਿੰਦੇ ਹਨ, ਜਿਸ ਨਾਲ ਉਕਤ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਇਹ ਸਭ ਪਿਛਲੇ ਕਰੀਬ 15 ਦਿਨਾਂ ਤੋਂ ਰੋਜ਼ਾਨਾ ਅੱਧੀ ਰਾਤ ਤੋਂ ਲੈ ਕੇ ਸਵੇਰੇ ਤੜਕਸਾਰ 5 ਵਜੇ ਤੱਕ ਬਿਜਲੀ ਬੰਦ ਰੱਖ ਕੇ ਪਿੰਡ ਵਾਸੀਆਂ ਨਾਲ ਭਾਣਾ ਵਰਤਾਇਆ ਜਾ ਰਿਹਾ ਹੈ, ਜਿਸ ਨਾਲ ਸਰਹੱਦ ਕੰਢੇ ਵਸੇ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਜਦੋਂ ਸ਼ਿਕਾਇਤ ਕੇਂਦਰ 'ਚ ਸ਼ਿਕਾਇਤ ਦਰਜ ਕਰਵਾਉਣੀ ਹੁੰਦੀ ਹੈ ਤਾਂ ਉਥੇ ਕੋਈ ਵੀ ਬਿਜਲੀ ਮੁਲਾਜ਼ਮ ਫੋਨ ਨਹੀਂ ਚੁੱਕਦਾ, ਜਿਸ ਕਰ ਕੇ ਸਰਹੱਦੀ ਪਿੰਡਾਂ ਦੇ ਲੋਕ ਇਸ ਭਰ ਗਰਮੀ ਵਿਚ ਹਾੜ੍ਹੇ ਕੱਢਣ ਲਈ ਮਜਬੂਰ ਹਨ।
ਉਕਤ ਮਾਮਲੇ ਸਬੰਧੀ ਜਦੋਂ ਐੱਸ. ਡੀ. ਓ. ਰਮਦਾਸ ਪਾਵਰਕਾਮ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀ ਘਾਟ ਹੋਣ ਕਰ ਕੇ ਰਾਤ ਸਮੇਂ ਬਿਜਲੀ ਖਰਾਬ ਹੋਣ ਮੌਕੇ ਅਗਲੇ ਦਿਨ ਠੀਕ ਕੀਤੀ ਜਾਂਦੀ ਹੈ ਅਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਪਿੰਡ ਵਾਸੀਆਂ ਨੂੰ ਨਾ ਕਰਨੀ ਪਵੇ ਤੇ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਵੇਗਾ।
ਪਾਵਰਕਾਮ ਪੈਨਸ਼ਨਰਾਂ ਕੀਤਾ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਮੁਜ਼ਾਹਰਾ
NEXT STORY