ਮੋਗਾ, (ਗਰੋਵਰ, ਗੋਪੀ)- ਅੱਜ ਜੀ. ਟੀ. ਰੋਡ ਮੋਗਾ ਸਥਿਤ 132 ਕੇ. ਵੀ. ਸਬ ਸਟੇਸ਼ਨ ਮੋਗਾ ਦੇ ਮੇਨ ਗੇਟ ਨੂੰ ਬੰਦ ਕਰ ਕੇ ਤਨਖਾਹਾਂ ਅਤੇ ਪੈਨਸ਼ਨਾਂ ਸਮੇਂ ਸਿਰ ਨਾ ਮਿਲਣ ਦੇ ਰੋਸ ਵਜੋਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਨ ਕਨਵੀਨਰ ਗੁਰਮੇਲ ਨਾਹਰ ਨੇ ਕਿਹਾ ਕਿ ਪਿਛਲੇ ਮਹੀਨੇ ਦੀ ਤਨਖਾਹ ਤੇ ਪੈਨਸ਼ਨਾਂ ਵੀ ਮੁਲਾਜ਼ਮਾਂ ਨੂੰ ਸਮੇਂ ਸਿਰ ਨਹੀਂ ਮਿਲੀਆਂ, ਜਿਸਦੇ ਰੋਸ ਵਜੋਂ ਸਮੁੱਚੇ ਪੰਜਾਬ 'ਚ ਧਰਨੇ ਲਾਏ ਗਏ ਅਤੇ ਹੈੱਡ ਆਫਿਸ ਪਟਿਆਲਾ ਦੇ ਤਿੰਨੋਂ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕਰ ਕੇ ਤੁਰੰਤ ਤਨਖਾਹਾਂ ਰਿਲੀਜ਼ ਕਰਵਾਈਆਂ ਗਈਆਂ।
ਇਸ ਵਾਰ ਫਿਰ ਤਨਖਾਹ ਤੇ ਪੈਨਸ਼ਨ ਰਿਲੀਜ਼ ਨਹੀਂ ਕੀਤੀ ਜਾ ਰਹੀ, ਜਿਸਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਦਫਤਰ ਦੇ ਮੇਨ ਗੇਟ ਨੂੰ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਖਾਤਿਆਂ 'ਚ ਨਹੀਂ ਪਾਈ ਜਾਂਦੀ ਤਾਂ ਮੁਲਾਜ਼ਮਾਂ ਵੱਲੋਂ ਤਿੱਖੇ ਸੰਘਰਸ਼ ਦੇ ਰੂਪ 'ਚ ਸਮੁੱਚਾ ਕੰਮ ਬੰਦ ਕੀਤਾ ਜਾਵੇਗਾ। ਇਸ ਧਰਨੇ ਨੂੰ ਗੱਬਰ ਸਿੰਘ ਪ੍ਰਧਾਨ, ਪੰਜਾਬ ਆਗੂ ਗੁਰਮੀਤ ਧਾਲੀਵਾਲ, ਸੁਖਮੰਦਰ ਬਹੋਨਾ, ਚਮਕੌਰ ਸਿੰਘ, ਦਰਬਾਰਾ ਸਿੰਘ, ਸਵਰਨਜੀਤ ਨਾਹਰ, ਹਰਜੀਤ ਸਿੰਘ ਜੇ. ਈ., ਕੁਲਵੰਤ ਸਿੰਘ, ਹਰਮੇਲ ਸਿੰਘ, ਦਰਸ਼ਨ ਸ਼ਰਮਾ, ਅਮਨਦੀਪ ਸਿੰਘ, ਜਗਸੀਰ ਡਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਬਾਘਾਪੁਰਾਣਾ, (ਚਟਾਨੀ, ਰਾਕੇਸ਼, ਮੁਨੀਸ਼)—ਪਾਵਰਕਾਮ ਅੰਦਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਆਈ. ਟੀ. ਆਈ. ਐਸੋਸੀਏਸ਼ਨ, ਪੈਨਸ਼ਨ ਐਸੋਸੀਏਸ਼ਨ ਆਦਿ ਵੱਲੋਂ ਤਨਖਾਹਾਂ ਅਤੇ ਪੈਨਸ਼ਨਾਂ 'ਤੇ ਲਾਈ ਰੋਕ ਸਬੰਧੀ ਡਵੀਜ਼ਨ ਦਫਤਰ ਬਾਘਾਪੁਰਾਣਾ ਵਿਖੇ ਸਾਂਝਾ ਧਰਨਾ ਲਾ ਕੇ ਸਰਕਾਰ ਤੇ ਪਾਵਰਕਾਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਨਿੱਤ ਦਿਨ ਬਿਜਲੀ ਕਾਮਿਆਂ 'ਤੇ ਮਾਰੂ ਹਮਲੇ ਕਰ ਰਹੀ ਹੈ, ਜਿਵੇਂ ਸਰਕਾਰੀ ਥਰਮਲ ਪਲਾਂਟ ਬੰਦ ਕਰਨਾ, ਠੇਕਾ ਕਾਮਿਆਂ ਨੂੰ ਛਾਂਟੀ ਕਰ ਕੇ ਭੁੱਖੇ ਮਰਨ ਲਈ ਮਜਬੂਰ ਕਰਨਾ ਤੇ ਰੈਗੂਲਰ ਕਾਮਿਆਂ ਦੀਆਂ ਦੂਰ-ਦੁਰਾਡੇ ਇਲਾਕਿਆਂ ਵਿਚ ਬਦਲੀਆਂ ਕਰਨਾ, ਟਰਾਂਸਫਾਰਮਰ ਰਿਪੇਅਰ ਵਰਕਸ਼ਾਪ ਬੰਦ ਕਰ ਦੇਣੀਆਂ, ਪਾਵਰਕਾਮ ਅੰਦਰੋਂ ਕੱਚੇ ਕਾਮਿਆਂ ਦੀ ਛਾਂਟੀ ਕਰ ਦੇਣੀ, ਪਾਰਟ ਟਾਈਮ ਕਾਮਿਆਂ ਦੀ ਛਾਂਟੀ ਕਰ ਦੇਣੀ ਆਦਿ।
ਉਨ੍ਹਾਂ ਕਿਹਾ ਕਿ ਜੇਕਰ ਤਨਖਾਹਾਂ ਅਤੇ ਪੈਨਸ਼ਨਾਂ ਤੁਰੰਤ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਗੁਰਮੇਲ ਸਿੰਘ ਬਰਾੜ, ਕਮਲੇਸ਼ ਕੁਮਾਰ ਬਾਘਾਪੁਰਾਣਾ, ਬਲਵੰਤ ਸਿੰਘ ਘੋਲੀਆਂ, ਭਰਪੂਰ ਸਿੰਘ, ਪਾਲ ਸਿੰਘ ਰਾਉਂਕੇ, ਪਾਲ ਸਿੰਘ ਬੀਹਲਾ, ਰਛਪਾਲ ਸਿੰਘ ਡੇਮਰੂ, ਬਲਵੰਤ ਸਿੰਘ ਬਾਘਾਪੁਰਾਣਾ ਬੀ. ਕੇ. ਯੂ. ਏਕਤਾ ਉਗਰਾਹਾਂ, ਹਰਮੰਦਰ ਸਿੰਘ ਡੇਮਰੂ, ਜਗਤਾਰ ਸਿੰਘ ਖਾਈ ਆਦਿ ਹਾਜ਼ਰ ਸਨ।
ਕੋਟ ਈਸੇ ਖਾਂ, (ਗਰੋਵਰ, ਸੰਜੀਵ)-ਪੰਜਾਬ ਦੀ ਕਾਲ ਮੁਤਾਬਿਕ ਸਬ ਡਵੀਜ਼ਨ ਕੋਟ ਈਸੇ ਖਾਂ ਦੇ ਜੁਝਾਰੂ ਮੁਲਾਜ਼ਮ ਸਾਥੀਆਂ ਵੱਲੋਂ ਸਾਥੀ ਕੇਸਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਗੇਟ ਰੈਲੀ ਅਤੇ ਮੈਨੇਜਮੈਂਟ ਦੀ ਅਰਥੀ ਫੂਕੀ ਗਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਥੀ ਬਲਵਿੰਦਰ ਸਿੰਘ ਸਾਬਕਾ ਪ੍ਰਧਾਨ ਸਿਟੀ ਮੰਡਲ ਮੋਗਾ, ਸਾਥੀ ਇੰਦਰਜੀਤ ਸਿੰਘ ਪ੍ਰਧਾਨ ਸਿਟੀ ਮੰਡਲ ਮੋਗਾ, ਸਾਥੀ ਸੁਖਮੰਦਰ ਸਿੰਘ ਸਕੱਤਰ ਸਿਟੀ ਮੰਡਲ ਮੋਗਾ, ਸਾਥੀ ਕੇਸਰ ਸਿੰਘ ਸਰਕਲ ਮੀਤ ਪ੍ਰਧਾਨ ਅਤੇ ਸ/ਡ ਪ੍ਰਧਾਨ ਪ੍ਰਦੀਪ ਕੁਮਾਰ, ਸਕੱਤਰ ਰਣਧੀਰ ਸਿੰਘ ਕੈਸ਼ੀਅਰ ਨੇ ਸੰਬੋਧਨ ਕਰਦਿਆਂ ਸਰਕਾਰ ਤੇ ਮੈਨੇਜਮੈਂਟ ਵੱਲੋਂ ਸਮੇਂ ਸਿਰ ਫਰਵਰੀ ਮਹੀਨੇ ਦੀ ਤਨਖਾਹ ਮੁਲਾਜ਼ਮਾਂ ਦੇ ਖਾਤਿਆਂ 'ਚ ਨਾ ਪਾਉਣ ਖਿਲਾਫ ਰੋਸ ਰੈਲੀ ਕੀਤੀ।
ਉਨ੍ਹਾਂ ਕਿਹਾ ਕਿ ਮੈਨੇਜਮੈਂਟ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਦੀਆਂ ਮੰਨੀਆਂ ਹੱਕੀ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ, ਸਗੋਂ ਹਰ ਮਹੀਨੇ ਤਨਖਾਹਾਂ ਲੇਟ ਕਰ ਕੇ ਮੁਲਾਜ਼ਮਾਂ ਨੂੰ ਆਰਥਕ ਤੰਗੀ 'ਚ ਲਿਆਉਣਾ ਚਾਹੁੰਦੀ ਹੈ ਅਤੇ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਮੁਲਾਜ਼ਮਾਂ ਨੂੰ ਬੇਰੋਜ਼ਗਾਰ ਕਰਨ 'ਤੇ ਤੁਲੀ ਹੋਈ ਹੈ। ਜੇਕਰ ਮੈਨੇਜਮੈਂਟ ਨੇ ਤਨਖਾਹਾਂ ਨਾ ਪਾਈਆਂ ਤਾਂ ਜੁਆਇੰਟ ਫੋਰਮ ਦੀ ਲੀਡਰਸ਼ਿਪ ਵੱਲੋਂ ਸੰਘਰਸ਼ ਲਾਗੂ ਕੀਤਾ ਜਾਵੇਗਾ। ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵੀ ਲੇਟ ਕੀਤੀਆਂ ਜਾ ਰਹੀਆਂ ਹਨ।
ਬੱਧਨੀ ਕਲਾਂ (ਬੱਬੀ)-ਸਬ ਡਵੀਜ਼ਨ ਬੱਧਨੀ ਕਲਾਂ ਦੇ ਬਿਜਲੀ ਕਾਮਿਆਂ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਬਿਜਲੀ ਦਫਤਰ ਬੱਧਨੀ ਕਲਾਂ ਵਿਖੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਰੋਹ ਭਰਪੂਰ ਰੈਲੀ ਕੀਤੀ। ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਗੁਰਮੀਤ ਸਿੰਘ ਡਾਲਾ ਸਬ ਡਵੀਜ਼ਨ ਪ੍ਰਧਾਨ ਟੀ. ਐੱਸ. ਯੂ., ਮੱਖਣ ਸਿੰਘ ਡਵੀਜ਼ਨ ਪ੍ਰਧਾਨ ਟੀ. ਐੱਸ. ਯੂ., ਗੁਰਚਰਨ ਸਿੰਘ ਬੁੱਟਰ ਡਵੀਜ਼ਨ ਆਗੂ ਫੈੱਡਰੇਸ਼ਨ ਏਟਕ, ਸੇਵਕ ਸਿੰਘ ਬਿਲਾਸਪੁਰ, ਗੁਰਮੇਲ ਸਿੰਘ ਭੱਟੀ ਢੁੱਡੀਕੇ, ਮੁਖਤਿਆਰ ਸਿੰਘ ਲੋਪੋਂ, ਅਮਰਜੀਤ ਸਿੰਘ ਬੌਡੇ, ਕੌਰ ਚੰਦ, ਜਰਨੈਲ ਸਿੰਘ, ਤੀਰਥ ਸਿੰਘ, ਗੁਰਿੰਦਰ ਸਿੰਘ ਅਤੇ ਫੈੱਡਰੇਸ਼ਨ ਏਟਕ ਦੇ ਸਬ ਡਵੀਜ਼ਨ ਪ੍ਰਧਾਨ ਦਰਬਾਰਾ ਸਿੰਘ, ਜਗਤਾਰ ਸਿੰਘ ਆਦਿ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਸਮੇਂ ਸਿਰ ਤਨਖਾਹ ਨਾ ਦੇ ਕੇ ਪ੍ਰੇਸ਼ਾਨ ਕੀਤਾ ਗਿਆ ਸੀ ਤੇ ਇਸ ਵਾਰ ਵੀ ਪਿਛਲੇ ਮਹੀਨੇ ਵਾਂਗ ਫਰਵਰੀ ਮਹੀਨੇ ਦੀ ਤਨਖਾਹ ਅੱਜ 1 ਮਾਰਚ ਨੂੰ ਨਹੀਂ ਪਾਈ ਗਈ, ਜਿਸ ਨਾਲ ਹਜ਼ਾਰਾਂ ਬਿਜਲੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰਾਂ 'ਚ ਭਾਰੀ ਰੋਸ ਫੈਲ ਗਿਆ। ਇਸ ਮੌਕੇ ਇਕੱਠੇ ਹੋਏ ਬਿਜਲੀ ਕਾਮਿਆਂ ਨੇ ਸਰਕਾਰ ਅਤੇ ਪਾਵਰਕਾਮ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸ਼ਨਪੁਰਾ ਕਲਾਂ (ਭਿੰਡਰ)-ਪਾਵਰਕਾਮ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸਬ ਡਵੀਜ਼ਨ ਭਿੰਡਰ ਕਲਾਂ ਵਿਖੇ ਫਰਵਰੀ ਮਹੀਨੇ ਦੀ ਤਨਖਾਹ ਨਾ ਭੇਜਣ ਦੇ ਰੋਸ ਵਜੋਂ ਸਰਕਾਰ ਤੇ ਮੈਨੇਜਮੈਂਟ ਖਿਲਾਫ ਸਾਂਝੀ ਰੋਸ ਰੈਲੀ ਕੀਤੀ। ਟੀ. ਐੱਸ. ਯੂ. ਸਬ ਡਵੀਜ਼ਨ ਭਿੰਡਰ ਕਲਾਂ ਦੇ ਪ੍ਰਧਾਨ ਪ੍ਰਕਾਸ਼ ਸਿੰਘ ਕੋਕਰੀ ਬੁੱਟਰਾਂ, ਡਵੀਜ਼ਨ ਪ੍ਰਧਾਨ ਸੁਖਮੰਦਰ ਸਿੰਘ, ਸਕੱਤਰ ਰਾਜ ਕੁਮਾਰ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਸਬ ਡਵੀਜ਼ਨ ਦਾ ਕੰਮ ਬੰਦ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਕੈਸ਼ ਕਾਊਂਟਰ ਵੀ ਬੰਦ ਕੀਤੇ ਜਾਣਗੇ। ਜੇਕਰ ਫਿਰ ਵੀ ਸਰਕਾਰ ਦੇ ਕੰਨ 'ਤੇ ਜੂੰ ਨਾ ਸਰਕੀ ਤਾਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਡਵੀਜ਼ਨ ਪੱਧਰ 'ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ।
ਮਹਿਲਾ ਪੁਲਸ ਮੁਲਾਜ਼ਮ ਨਾਲ ਧੱਕਾ-ਮੁੱਕੀ ਕਰਨ ਵਾਲਾ ਕਾਬੂ
NEXT STORY