ਧੂਰੀ, (ਸੰਜੀਵ ਜੈਨ)- ਆੜ੍ਹਤੀਆ ਐਸੋਸੀਏਸ਼ਨ ਧੂਰੀ ਨੇ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਖਰੀਦ ਏਜੰਸੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਵੀਰਵਾਰ ਨੂੰ ਨਵੀਂ ਅਨਾਜ ਮੰਡੀ ਵਿਖੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਨੇ ਮਾੜੇ ਪ੍ਰਬੰਧਾਂ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਲੰਘੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੱਲ ਰਹੇ ਕਣਕ ਦੇ ਸੀਜ਼ਨ 'ਚ ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਨੂੰ ਕੋਈ ਵੀ ਮੁਸ਼ਕਲ ਨਾ ਆਉਣ ਦੀ ਗੱਲ ਆਖੀ ਸੀ। ਉਨ੍ਹਾਂ ਇਸ ਲਈ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਵੀ ਕੀਤੀਆਂ ਸਨ ਪਰ ਹੇਠਲੇ ਪੱਧਰ 'ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਸ਼ਰੇਆਮ ਮੁੱਖ ਮੰਤਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਸਿਰਫ ਇਕੋ ਏਜੰਸੀ ਨੇ ਭੇਜਿਆ ਬਾਰਦਾਨਾ
ਉਨ੍ਹਾਂ ਕਿਹਾ ਕਿ ਧੂਰੀ ਮੰਡੀ ਵਿਚ ਕਣਕ ਦੀ ਖਰੀਦ ਜਾਰੀ ਹੈ ਅਤੇ ਬਾਰਦਾਨੇ ਦੀ ਘਾਟ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੂਰੀ ਮੰਡੀ 'ਚ ਪਨਗਰੇਨ ਤੋਂ ਸਿਵਾਏ ਕਿਸੇ ਹੋਰ ਖਰੀਦ ਏਜੰਸੀ ਵੱਲੋਂ ਅਜੇ ਤੱਕ ਬਾਰਦਾਨਾ ਹੀ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ 'ਤੇ ਕਣਕ 'ਚ ਵੱਧ ਨਮੀ ਹੋਣ ਦਾ ਬਹਾਨਾ ਬਣਾ ਕੇ ਕਣਕ ਦੀ ਖਰੀਦ ਕਰਨ ਤੋਂ ਨਾਂਹ-ਨੁੱਕਰ ਕਰਨ ਦਾ ਦੋਸ਼ ਲਾਇਆ ਅਤੇ ਪ੍ਰਸ਼ਾਸਨ, ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਖਰੀਦ ਏਜੰਸੀਆਂ ਨੇ ਆਪਣਾ ਢਿੱਲੜ ਰਵੱਈਆ ਨਾ ਬਦਲਿਆ ਤਾਂ ਜਲਦੀ ਹੀ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਜ਼ਾਰੀ ਲਾਲ, ਜਾਗ ਸਿੰਘ, ਹਰਦੇਵ ਸਿੰਘ ਵੜੈਚ, ਪ੍ਰੇਮ ਸ਼ਰਮਾ, ਮੇਜਰ ਸਿੰਘ, ਗੁਰਦੀਪ ਸਿੰਘ, ਰਾਜਿੰਦਰ ਸਿੰਘ, ਆਸ਼ੂ ਸਿੰਗਲਾ, ਰਮੇਸ਼ ਕੁਮਾਰ, ਸਤਵੀਰ ਗੋਇਲ, ਤਰੁਨ ਕੁਮਾਰ, ਨਰੇਸ਼ ਬਾਂਸਲ, ਹਰਵਿੰਦਰ ਕੁਮਾਰ, ਬਿਮਲ ਮੁਨੀ, ਹਰਮਨਜੀਤ ਸਿੰਘ, ਮੁਕੇਸ਼ ਸਿੰਗਲਾ, ਅਖਿਲੇਸ਼ ਕੁਮਾਰ, ਭਵਨਜੀਤ ਸਿੰਘ ਆਦਿ ਸਮੇਤ ਹੋਰ ਆੜ੍ਹਤੀਏ ਵੀ ਮੌਜੂਦ ਸਨ।
ਝੂਠਾ ਨਿਕਲਿਆ ਲੁੱਟ ਦਾ ਡਰਾਮਾ, ਕੰਪਨੀ ਦੇ 2 ਮੁਲਾਜ਼ਮਾਂ ਸਣੇ 3 ਨਾਮਜ਼ਦ
NEXT STORY