ਪਟਿਆਲਾ (ਬਲਜਿੰਦਰ) - ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲੇ ਦੀਆਂ ਮੰਡੀਆਂ ਵਿਚ ਕਣਕ ਦੇ ਢੇਰ ਲੱਗ ਚੁੱਕੇ ਹਨ। ਸਰਕਾਰ ਤੋਂ ਇਸ ਵਾਰ ਲਿਫਟਿੰਗ ਦਾ ਕੰਮ ਸੰਭਲ ਨਹੀਂ ਰਿਹਾ। ਜ਼ਿਲੇ ਦੀਆਂ ਮੰਡੀਆਂ ਵਿਚ 35 ਫੀਸਦੀ ਹੀ ਲਿਫਟਿੰਗ ਹੋ ਸਕੀ ਹੈ। ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਹੁਣ ਤੱਕ ਜ਼ਿਲੇ ਦੀਆਂ ਮੰਡੀਆਂ ਵਿਚ 787743 ਮੀਟ੍ਰਿਕ ਟਨ ਕਣਕ ਆਈ ਹੈ। ਉਸ ਵਿਚੋਂ 773210 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ ਲਿਫਟਿੰਗ ਹੁਣ ਤੱਕ ਸਿਰਫ 3.20 ਲੱਖ ਮੀਟ੍ਰਿਕ ਟਨ ਕਣਕ ਦੀ ਹੀ ਲਿਫਟਿੰਗ ਹੋ ਸਕੀ ਹੈ। ਲਿਫਟਿੰਗ ਢਿੱਲੀ ਹੋਣ ਕਾਰਨ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ। ਖਰੀਦ ਦਾ 75 ਫੀਸਦੀ ਕੰਮ ਖਤਮ ਵੀ ਹੋ ਚੁੱਕਾ ਹੈ ਪਰ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਦੀ ਚਿੰਤਾ ਵਧਦੀ ਜਾ ਰਹੀ ਹੈ।
ਆੜ੍ਹਤੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਆੜ੍ਹਤੀਆ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ ਹੇਠ ਹੌਲੀ ਲਿਫਟਿੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਾਕਿਸ ਪ੍ਰਬੰਧਾਂ ਕਾਰਨ ਲਿਫਟਿੰਗ 'ਚ ਦੇਰੀ ਹੋ ਰਹੀ ਹੈ। ਐੱਫ. ਸੀ. ਆਈ. ਦੇ ਗੋਦਾਮਾਂ ਵਿਚ ਜੋ ਕਣਕ ਜਾ ਰਹੀ ਹੈ, ਉਸ ਦੀ ਅਨਲੋਡਿੰਗ ਸਹੀ ਸਮੇਂ 'ਤੇ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਇਥੇ ਐੈੱਫ. ਸੀ. ਆਈ. ਕੋਲ ਇਕ ਧਰਮ ਕੰਡਾ ਹੈ, ਜੋ ਕਿ ਕਾਫੀ ਪੁਰਾਣਾ ਹੈ। ਇਸ ਕੰਡੇ 'ਤੇ ਵੱਡੇ ਟਰੱਕ ਦੀ ਤੁਲਾਈ ਨਹੀਂ ਹੋ ਸਕਦੀ, ਜਿਸ ਕਾਰਨ ਵੀ ਲਿਫਟਿੰਗ ਵਿਚ ਕਾਫੀ ਦੇਰੀ ਹੋ ਰਹੀ ਹੈ। ਛੋਟਾ ਟਰੱਕ 300 ਬੋਰੀਆਂ ਇਕ ਗੇੜੇ ਵਿਚ ਲੈ ਕੇ ਜਾਂਦਾ ਹੈ।
ਵੱਡਾ ਟਰੱਕ 500 ਬੋਰੀਆਂ ਲੈ ਜਾਂਦਾ ਹੈ। ਦੂਜਾ ਡੀ-ਲੋਡਿੰਗ ਠੀਕ ਸਮੇਂ 'ਤੇ ਨਾ ਹੋਣ ਕਾਰਨ ਟਰੱਕ ਦੇ ਇਕ ਦਿਨ ਵਿਚ ਘੱਟ ਚੱਕਰ ਲਗਦੇ ਹਨ। ਪ੍ਰਧਾਨ ਸ਼ੇਰੂ ਨੇ ਦੱਸਿਆ ਕਿ ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਣਕ ਦਾ ਵਜ਼ਨ ਵੀ ਘਟ ਜਾਂਦਾ ਹੈ। ਉਸ ਦੀ ਕਾਟ ਆੜ੍ਹਤੀਆਂ ਨੂੰ ਲੱਗ ਜਾਂਦੀ ਹੈ।
ਟਰੱਕ ਯੂਨੀਅਨਾਂ ਦਾ ਬਾਈਕਾਟ ਵੀ ਬਣ ਰਿਹਾ ਹੈ ਵੱਡਾ ਕਾਰਨ
ਟਰੱਕ ਯੂਨੀਅਨਾਂ ਨੂੰ ਤੋੜੇ ਜਾਣ ਤੋਂ ਬਾਅਦ ਇਸ ਵਾਰ ਰੇਟ ਨੂੰ ਲੈ ਕੇ ਸਰਕਾਰ ਤੇ ਯੂਨੀਅਨਾਂ ਵਿਚ ਸਹਿਮਤੀ ਨਹੀਂ ਬਣ ਸਕੀ। ਪੂਰੇ ਸੂਬੇ ਵਿਚ ਟਰੱਕ ਯੂਨੀਅਨਾਂ ਨੇ ਇਸ ਵਾਰ ਲਿਫਟਿੰਗ ਦਾ ਬਾਈਕਾਟ ਕਰ ਰੱਖਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਪਾਰਟੀਆਂ ਨੇ ਸ਼ੈਲਰਾਂ ਦੇ ਟਰੱਕ ਤੇ ਟਰਾਲੀਆਂ ਰਾਹੀਂ ਲਿਫਟਿੰਗ ਦਾ ਕੰਮ ਚਲਾਇਆ ਹੈ। ਇਕਦਮ ਇੰਨੀ ਵੱਡੀ ਗਿਣਤੀ ਵਿਚ ਲਿਫਟਿੰਗ ਦਾ ਕੰਮ ਸਹੀ ਤਰੀਕੇ ਨਾਲ ਕਰਨਾ ਆਸਾਨ ਨਹੀਂ ਹੋਵੇਗਾ।
ਖਰੀਦ ਦਾ ਵੀ ਰਿਹਾ ਮਾੜਾ ਹਾਲ : ਚੰਦੂਮਾਜਰਾ
ਹਲਕਾ ਸਨੌਰ ਤੋਂ ਜ਼ਿਲੇ ਦੇ ਇਕੋ-ਇਕ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲਿਫਟਿੰਗ ਦਾ ਹੀ ਨਹੀਂ ਬਲਕਿ ਖਰੀਦ ਦਾ ਵੀ ਮਾੜਾ ਹਾਲ ਰਿਹਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਕਣਕ ਦੇ ਸੀਜ਼ਨ ਵਿਚ ਕਿਸਾਨਾਂ ਨੂੰ 10-10 ਦਿਨਾਂ ਤੱਕ ਮੰਡੀਆਂ 'ਚ ਕੱਟਣੇ ਪਏ। ਕਈ ਮੰਡੀਆਂ ਵਿਚ ਤਾਂ ਖੁਦ ਵੀ ਗਏ। ਅਧਿਕਾਰੀਆਂ ਨੂੰ ਬੁਲਾ ਕੇ ਮੌਕੇ 'ਤੇ ਖਰੀਦ ਸ਼ੁਰੂ ਕਰਵਾਈ। ਇਕ ਤਾਂ ਮੌਸਮ ਨੇ ਕਿਸਾਨਾਂ ਦੀ ਪ੍ਰੀਖਿਆ ਲਈ, ਦੂਜਾ ਸਰਕਾਰ ਨੇ ਵੀ ਇਸ ਸੀਜ਼ਨ ਵਿਚ ਇਕ ਕਿਸਮ ਦਾ ਕਿਸਾਨਾਂ ਦਾ ਇਮਤਿਹਾਨ ਹੀ ਲਿਆ।
ਮਹੰਤ ਨੇ ਪਿੰਡ ਵਾਸੀਆਂ 'ਤੇ ਲਾਏ ਕੁੱਟ-ਮਾਰ ਦੇ ਦੋਸ਼
NEXT STORY