ਜਲੰਧਰ (ਵਰੁਣ) — ਇਥੋਂ ਦੀ ਭਗਤ ਸਿੰਘ ਕਾਲੋਨੀ ਨੇੜੇ ਉਸ ਸਮੇਂ ਭਜਦੌੜ ਮਚ ਗਈ ਜਦੋਂ ਜ਼ੋਰਦਾਰ ਧਮਾਕਿਆਂ ਤੋਂ ਬਾਅਦ ਗ਼ਰੀਬਾਂ ਦੀਆਂ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਮਕਸੂਦਾਂ ਫਲਾਈਓਵਰ ਦੇ ਨੇੜੇ ਅਤੇ ਭਗਤ ਸਿੰਘ ਕਾਲੋਨੀ ਦੇ ਬਾਹਰ ਸਥਿਤ ਝੁੱਗੀਆਂ ਵਿਚ ਇਕ ਤੋਂ ਬਾਅਦ ਇਕ 7 ਰੁਕ-ਰੁਕ ਕੇ ਹੋਏ ਜ਼ਬਰਦਸਤ ਧਮਾਕਿਆਂ ਨੇ ਨੇੜਲੇ ਰਿਹਾਇਸ਼ੀ ਇਲਾਕਿਆਂ ਵਿਚ ਦਹਿਸ਼ਤ ਫੈਲਾ ਦਿੱਤੀ। ਇਹ ਧਮਾਕੇ ਝੁੱਗੀਆਂ ਵਿਚ ਅੱਗ ਲੱਗਣ ਤੋਂ ਬਾਅਦ ਅੰਦਰ ਪਏ ਘਰੇਲੂ ਸਿਲੰਡਰਾਂ ਦੇ ਫਟਣ ਦੇ ਸਨ। ਝੁੱਗੀਆਂ ਨੂੰ ਢਕਣ ਲਈ ਪਾਈ ਗਈ ਤਰਪਾਲ ਕਾਰਣ ਅੱਗ ਲਗਾਤਾਰ ਫੈਲਦੀ ਗਈ। ਅੱਗ ਵਿਚ ਝੁੱਗੀਆਂ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਚੰਗੀ ਕਿਸਮਤ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਦੇ ਧੂੰਏਂ ਦੇ ਗੁਬਾਰ 5 ਕਿਲੋਮੀਟਰ ਤੋਂ ਦਿਖਾਈ ਦੇ ਰਹੇ ਸਨ। ਧਮਾਕੇ ਕਾਰਣ ਭਗਤ ਸਿੰਘ ਕਾਲੋਨੀ, ਕਾਲੀਆ ਕਾਲੋਨੀ ਅਤੇ ਗੁਰੂ ਅਮਰਦਾਸ ਨਗਰ ਦੇ ਲੋਕ ਸਹਿਮ ਗਏ ਸਨ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ
ਜਾਣਕਾਰੀ ਅਨੁਸਾਰ ਜਿਸ ਝੁੱਗੀ ਵਿਚ ਸਭ ਤੋਂ ਪਹਿਲਾਂ ਅੱਗ ਲੱਗੀ, ਉਹ ਸਬਜ਼ੀ ਵਿਕ੍ਰੇਤਾ ਸ਼ੰਕਰ ਦੀ ਸੀ। ਸ਼ੰਕਰ ਰੋਜ਼ਾਨਾ ਵਾਂਗ ਵੀਰਵਾਰ ਸਵੇਰੇ ਆਪਣੀ ਝੁੱਗੀ ਨੂੰ ਬੰਦ ਕਰ ਕੇ ਸਬਜ਼ੀ ਵੇਚਣ ਲਈ ਕਾਲੀਆ ਕਾਲੋਨੀ ਗਿਆ ਸੀ। ਲਗਭਗ 9.40 ਵਜੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਝੁੱਗੀ ਵਿਚ ਅੱਗ ਲੱਗ ਗਈ ਹੈ। ਉਹ ਤੁਰੰਤ ਆਪਣੀ ਝੁੱਗੀ ਵਿਚ ਪਹੁੰਚਿਆ ਅਤੇ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਤਰਪਾਲ ਕਾਰਣ ਅੱਗ ਨੇ 30 ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸ਼ੰਕਰ ਦੀ ਝੁੱਗੀ ਵਿਚ ਸਿਲੰਡਰ ਨਹੀਂ ਸੀ ਪਰ ਨੇੜਲੀ ਝੁੱਗੀ ਵਿਚ ਅੱਗ ਪਹੁੰਚੀ ਤਾਂ ਸਭ ਤੋਂ ਪਹਿਲਾ ਧਮਾਕਾ ਹੋਇਆ। ਜਿਉਂ ਹੀ ਧਮਾਕਾ ਹੋਇਆ, ਝੁੱਗੀਆਂ ਵਿਚੋਂ ਨਿਕਲ ਕੇ ਲੋਕ ਬਾਹਰ ਵੱਲ ਭੱਜੇ। ਝੁੱਗੀਆਂ ਵਿਚ ਕੁਝ ਬੱਚੇ ਵੀ ਸੌਂ ਰਹੇ ਸਨ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਕੁਝ ਲੋਕ ਆਪਣਾ ਸਾਮਾਨ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਉਕਤ ਸਥਾਨ ’ਤੇ ਕੁਲ 60 ਝੁੱਗੀਆਂ ਹਨ, ਜਿਨ੍ਹਾਂ ਵਿਚ 350 ਦੇ ਲਗਭਗ ਲੋਕ ਰਹਿੰਦੇ ਹਨ ਪਰ ਅੱਗ ਲੱਗਣ ਸਮੇਂ ਉਥੇ 20-25 ਲੋਕ ਹੀ ਮੌਜੂਦ ਸਨ। ਬਾਕੀ ਆਪਣੇ ਕੰਮਾਂ ’ਤੇ ਜਾ ਚੁੱਕੇ ਸਨ। ਸਿਲੰਡਰ ਦਾ ਧਮਾਕਾ ਹੋਣ ਤੋਂ ਬਾਅਦ ਅੱਗ ਹੋਰ ਫੈਲ ਗਈ, ਜਿਸ ਨੇ ਹੌਲੀ-ਹੌਲੀ ਲਗਭਗ 30 ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਝੁੱਗੀਆਂ ਵਿਚ ਪਏ ਗੈਸ ਸਿਲੰਡਰ ਫਟਣ ਨਾਲ 6 ਹੋਰ ਧਮਾਕੇ ਹੋ ਗਏ, ਜਿਨ੍ਹਾਂ ਕਾਰਣ ਨੇੜਲੇ ਇਲਾਕਿਆਂ ਦੇ ਲੋਕ ਵੀ ਘਰਾਂ ਵਿਚੋਂ ਬਾਹਰ ਆ ਗਏ। ਲਗਾਤਾਰ ਫੈਲ ਰਹੀ ਅੱਗ ਦੇ ਧੂੰਏਂ ਦਾ ਗੁਬਾਰ 5 ਕਿਲੋਮੀਟਰ ਦੂਰੋਂ ਵੀ ਦਿਖਾਈ ਦੇ ਰਿਹਾ ਸੀ। ਆਪਣੀਆਂ ਝੁੱਗੀਆਂ ਨੂੰ ਸੜਦਾ ਵੇਖ ਕੇ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ
ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ 9.55 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕੀਤਾ। ਕੁਝ ਹੀ ਮਿੰਟਾਂ ਵਿਚ ਫਾਇਰ ਬ੍ਰਿਗੇਡ ਮਹਿਕਮਾ ਦੀ ਟੀਮ ਅਤੇ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ। 2 ਘੰਟੇ ਦੀ ਸਖ਼ਤ ਮੁਸ਼ੱਕਤ ਉਪਰੰਤ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਅੱਗ ’ਤੇ ਕਾਬੂ ਪਾ ਲਿਆ। ਇਕ ਪਾਸੇ ਜਿਥੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਥੇ ਹੀ ਦੂਜੇ ਪਾਸੇ ਝੁੱਗੀਆਂ ਵਿਚ ਰਹਿਣ ਵਾਲੇ ਲੋਕ ਆਪਣਾ ਸਾਮਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਸਨ। ਜਿਹੜੀਆਂ-ਜਿਹੜੀਆਂ ਝੁੱਗੀਆਂ ਵਿਚ ਗੈਸ ਸਿਲੰਡਰ ਪਏ ਸਨ, ਤੁਰੰਤ ਉਨ੍ਹਾਂ ਸਿਲੰਡਰਾਂ ਨੂੰ ਅੱਗ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਰੱਖ ਦਿੱਤਾ ਗਿਆ।
ਅੱਗ ਵਿਚ ਇਕ ਬਜ਼ੁਰਗ ਜੋੜਾ ਮਾਮੂਲੀ ਝੁਲਸਿਆ ਪਰ ਝੁੱਗੀਆਂ ਵਿਚ ਪਿਆ ਘਰੇਲੂ ਸਾਮਾਨ, ਟੀ. ਵੀ., ਐੱਲ. ਸੀ. ਡੀ. ਅਤੇ ਇਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਐੱਮ. ਐੱਲ. ਏ. ਬਾਵਾ ਹੈਨਰੀ ਸਮੇਤ ਕਈ ਕੌਂਸਲਰ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਐੱਸ. ਡੀ. ਐੱਮ., ਪਟਵਾਰੀ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਪਹੁੰਚ ਗਏ ਸਨ।
ਝੁੱਗੀਆਂ ’ਚ ਦਿੱਤਾ ਹੋਇਐ ਬਿਜਲੀ ਕੁਨੈਕਸ਼ਨ, ਤਾਰਾਂ ਦਾ ਵੀ ਫੈਲਿਆ ਹੈ ਜਾਲ
ਜਿੱਥੇ ਇਕ ਚੰਗਿਆੜੀ ਕਾਰਣ ਝੁੱਗੀ ਸੜ ਕੇ ਸੁਆਹ ਹੋ ਜਾਂਦੀ ਹੈ, ਉਥੇ ਹੀ 60 ਝੁੱਗੀਆਂ ਦੀ ਇਸ ਬਸਤੀ ਵਿਚ ਬਿਜਲੀ ਕੁਨੈਕਸ਼ਨ ਵੀ ਦਿੱਤਾ ਹੋਇਆ ਹੈ। ਦਰਅਸਲ ਝੁੱਗੀਆਂ ਵਿਚ ਪਾਣੀ ਅਤੇ ਬਿਜਲੀ ਦੋਵੇਂ ਸਹੂਲਤਾਂ ਦਿੱਤੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਮੈਡੀਕਲ ਸਟੋਰ ਮਾਲਕ ਦਾ ਬੇਰਹਿਮੀ ਨਾਲ ਕੀਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਕੋਈ ਪਛਾਣ ਪੱਤਰ ਤਾਂ ਕੋਈ ਬੈਂਕ ਦੀਆਂ ਕਾਪੀਆਂ ਲੱਭਦਾ ਮਿਲਿਆ
ਅੱਗ ਦੀਆਂ ਲਪਟਾਂ ਵਿਚ ਘਿਰਿਆ ਆਪਣਾ ਆਸ਼ਿਆਨਾ ਸੜਦਾ ਵੇਖ ਹਰ ਕੋਈ ਉੱਚੀ-ਉੱਚੀ ਰੋ ਰਿਹਾ ਸੀ। ਕੁਝ ਲੋਕਾਂ ਨੂੰ ਤਾਂ ਸਾਮਾਨ ਬਚਾਉਣ ਲਈ ਝੁੱਗੀ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ, ਕੁਝ ਦੂਰ ਖੜ੍ਹੇ ਹੋ ਕੇ ਮਿਹਨਤ ਦੀ ਕਮਾਈ ਨਾਲ ਬਣਾਏ ਆਪਣੇ ਆਸ਼ਿਆਨੇ ਨੂੰ ਅੱਗ ਨਾਲ ਸੜ ਕੇ ਸੁਆਹ ਹੁੰਦਾ ਦੇਖ ਰਹੇ ਸਨ। 2 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਕੋਈ ਆਪਣਾ ਟਰੰਕ ਲੱਭ ਰਿਹਾ ਸੀ, ਕੋਈ ਪਛਾਣ ਪੱਤਰ ਤੇ ਕੋਈ ਬੈਂਕ ਦੀਆਂ ਕਾਪੀਆਂ। ਲੋਕਾਂ ਨੇ ਦੱਸਿਆ ਕਿ ਅੱਗ ਵਿਚ ਬੱਚਿਆਂ ਦੇ ਸਰਟੀਫਿਕੇਟ, ਉਨ੍ਹਾਂ ਦੇ ਪਛਾਣ ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਸੜ ਕੇ ਸੁਆਹ ਹੋ ਗਏ।
ਮੁੱਖ ਮੰਤਰੀ ਕੋਲੋਂ ਕਰਾਂਗੇ ਮਦਦ ਦੀ ਮੰਗ : ਬਾਵਾ ਹੈਨਰੀ
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਹਲਕਾ ਨਾਰਥ ਦੇ ਵਿਧਾਇਕ ਬਾਵਾ ਹੈਨਰੀ ਨੇ ਸਭ ਤੋਂ ਪਹਿਲਾਂ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਲਈ ਰਾਸ਼ਨ ਦਾ ਸਾਮਾਨ ਵੀ ਪਹੁੰਚ ਜਾਵੇਗਾ। ਇਸ ਬਾਰੇ ਉਨ੍ਹਾਂ ਦੀ ਡੀ. ਸੀ. ਨਾਲ ਵੀ ਗੱਲ ਹੋ ਗਈ ਹੈ। ਦੂਜੇ ਪਾਸੇ ਐੱਸ. ਡੀ. ਐੱਮ. ਅਤੇ ਪਟਵਾਰੀ ਨੇ ਵੀ ਮੌਕੇ ’ਤੇ ਪਹੁੰਚ ਕੇ ਰਿਪੋਰਟ ਤਿਆਰ ਕਰ ਕੇ ਭੇਜ ਦਿੱਤੀ ਹੈ। ਬਾਵਾ ਹੈਨਰੀ ਨੇ ਕਿਹਾ ਕਿ ਉਹ ਇਨ੍ਹਾਂ ਲੋਕਾਂ ਬਾਰੇ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ ਤਾਂ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਸਮਾਜ-ਸੇਵਕ ਸੋਹਿਤ ਸ਼ਰਮਾ ਨੇ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਦੀ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ।
ਪਟਿਆਲਾ 'ਚ ਪਿਸਤੌਲ ਤੇ 4 ਕਾਰਤੂਸਾਂ ਸਮੇਤ 2 ਗ੍ਰਿਫ਼ਤਾਰ
NEXT STORY