ਜਲੰਧਰ (ਖੁਰਾਣਾ)– ਇਸ ਸਾਲ ਦੇ ਸ਼ੁਰੂ ਵਿਚ ਜਦੋਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਸੀ, ਉਦੋਂ ਸਮਾਰਟ ਸਿਟੀ ਦੀ ਆਲ ਇੰਡੀਆ ਰੈਂਕਿੰਗ ਵਿਚ ਜਲੰਧਰ ਨੇ 11ਵੀਂ ਰੈਂਕਿੰਗ ਪ੍ਰਾਪਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅੱਜ ਉਹੀ ਜਲੰਧਰ ਸ਼ਹਿਰ ਸਮਾਰਟ ਸਿਟੀ ਦੀ ਆਲ ਇੰਡੀਆ ਰੈਂਕਿੰਗ ਵਿਚ ਸਿੱਧੇ 60 ਅੰਕ ਲੁੜਕ ਕੇ 71ਵੇਂ ਸਥਾਨ ’ਤੇ ਪਹੁੰਚ ਗਿਆ ਹੈ ਕਿਉਂਕਿ ਜਲਦਬਾਜ਼ੀ ਵਿਚ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਦੇ ਲਗਭਗ ਸਾਰੇ ਪ੍ਰਾਜੈਕਟ ਇਸ ਸਮੇਂ ਠੱਪ ਪਏ ਹੋਏ ਹਨ। ਨਾ ਸਿਰਫ਼ ਜ਼ਿਆਦਾਤਰ ਪ੍ਰਾਜੈਕਟਾਂ ਦਾ ਕੰਮ ਰੁਕਿਆ ਹੋਇਆ ਹੈ, ਸਗੋਂ ਸਾਰੇ ਪ੍ਰਾਜੈਕਟ ਘੋਰ ਵਿਵਾਦਾਂ ਵਿਚ ਆ ਚੁੱਕੇ ਹਨ ਅਤੇ ਕੰਮ ਬੰਦ ਹੋਣ ਨਾਲ ਲੋਕ ਵੀ ਕਾਫ਼ੀ ਪਰੇਸ਼ਾਨ ਹੋ ਰਹੇ ਹਨ।
ਸਿਰਫ਼ ਕਾਂਗਰਸੀਆਂ ਨੂੰ ਖ਼ੁਸ਼ ਕਰਨ ਲਈ ਕਰਵਾਏ ਗਏ ਸਨ ਧੜਾਧੜ ਉਦਘਾਟਨ
ਫਰਵਰੀ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਸਮੇਂ ਦੀ ਸੱਤਾ ਧਿਰ ਭਾਵ ਕਾਂਗਰਸ ਦੇ ਉਮੀਦਵਾਰਾਂ ਨੂੰ ਖ਼ੁਸ਼ ਕਰਨ ਲਈ ਸਮਾਰਟ ਸਿਟੀ ਦੇ ਤਤਕਾਲੀਨ ਅਧਿਕਾਰੀਆਂ ਨੇ ਚੋਣ ਕੋਡ ਆਫ਼ ਕੰਡਕਟ ਲੱਗਣ ਤੋਂ ਕੁਝ ਦਿਨ ਪਹਿਲਾਂ ਹੀ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਦੇ ਧੜਾਧੜ ਉਦਘਾਟਨ ਕਰਵਾ ਦਿੱਤੇ। ਇਨ੍ਹਾਂ ਵਿਚ 50 ਕਰੋੜ ਦਾ ਸਮਾਰਟ ਰੋਡਜ਼ ਪ੍ਰਾਜੈਕਟ, 70 ਕਰੋੜ ਦਾ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਅਤੇ ਕਈ ਹੋਰ ਸ਼ਾਮਲ ਸਨ, ਜਿਨ੍ਹਾਂ ’ਤੇ ਕੁਝ ਹੀ ਸਮਾਂ ਕੰਮ ਚੱਲਿਆ ਅਤੇ ਅੱਜ ਲਗਭਗ ਸਾਰੇ ਪ੍ਰਾਜੈਕਟ ਠੱਪ ਪਏ ਹਨ।
ਸਮਾਰਟ ਰੋਡਜ਼ ਪ੍ਰਾਜੈਕਟ ਉਸ ਸਮੇਂ ਜਲਦਬਾਜ਼ੀ ਵਿਚ ਤਿਆਰ ਕੀਤਾ ਗਿਆ ਅਤੇ ਚਾਲੂ ਵੀ ਕਰ ਦਿੱਤਾ ਗਿਆ, ਜੋ ਇਸ ਸਮੇਂ ਸ਼ਹਿਰ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸੇ ਤਰ੍ਹਾਂ ਸਪੋਰਟਸ ਹੱਬ ਪ੍ਰਾਜੈਕਟ ਤਹਿਤ ਹੁਣ ਤੱਕ ਚਾਰਦੀਵਾਰੀ ਦਾ ਕੰਮ ਵੀ ਪੂਰਾ ਨਹੀਂ ਕੀਤਾ ਜਾ ਸਕਿਆ।
ਇਹ ਵੀ ਪੜ੍ਹੋ: ਡੇਢ ਸਾਲਾ ਬੱਚੇ ਦੇ ਰੋਣ 'ਤੇ ਖ਼ਫ਼ਾ ਵਿਅਕਤੀ ਦਾ ਸ਼ਰਮਨਾਕ ਕਾਰਾ, ਪਹਿਲਾਂ ਤੋੜੀ ਲੱਤ ਫਿਰ ਦਿੱਤੀ ਰੂੰਹ ਕੰਬਾਊ ਮੌਤ
ਸਮਾਰਟ ਸਿਟੀ ਦੇ ਪ੍ਰਾਜੈਕਟ ਵਾਸਤੇ ਲਈ ਗਈ ਕਰੋੜਾਂ ਦੀ ਮਸ਼ੀਨਰੀ ਕੂੜਾ ਢੋਣ ਦੇ ਕੰਮ ਵਿਚ ਲਗਾ ਦਿੱਤੀ ਗਈ
ਨਗਰ ਨਿਗਮ ਦੇ ਅਧਿਕਾਰੀਆਂ ਨੇ ਸਮਾਰਟ ਸਿਟੀ ਤਹਿਤ ਹੋਏ ਕੰਮਾਂ ਦੀ ਮੌਕੇ ’ਤੇ ਜਾ ਕੇ ਕੋਈ ਜਾਂਚ-ਪੜਤਾਲ ਨਹੀਂ ਕੀਤੀ, ਜਿਸ ਕਾਰਨ ਹੁਣ ਲਗਭਗ ਸਾਰੇ ਪ੍ਰਾਜੈਕਟਾਂ ਵਿਚ ਘਪਲੇ ਸਾਹਮਣੇ ਆ ਰਹੇ ਹਨ ਪਰ ਇਨ੍ਹਾਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਹੁਣ ਸਮਾਰਟ ਸਿਟੀ ਵੱਲੋਂ ਲਗਭਗ 5 ਕਰੋੜ ਦੀ ਲਾਗਤ ਨਾਲ ਖ਼ਰੀਦੀ ਗਈ ਮਸ਼ੀਨਰੀ ਨੂੰ ਸ਼ਹਿਰ ਦਾ ਕੂੜਾ ਢੋਣ ਦੇ ਕੰਮ ਵਿਚ ਲਗਾ ਦਿੱਤਾ। ਇਸ ਕਾਰਨ ਆਉਣ ਵਾਲੇ ਸਮੇਂ ਵਿਚ ਨਿਗਮ ਅਧਿਕਾਰੀਆਂ ’ਤੇ ਸਵਾਲ ਖੜ੍ਹੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਵਰਿਆਣਾ ਵਿਚ ਸ਼ੁਰੂ ਹੋਣ ਜਾ ਰਹੇ ਬਾਇਓ-ਮਾਈਨਿੰਗ ਪ੍ਰਾਜੈਕਟ ਲਈ ਸਮਾਰਟ ਸਿਟੀ ਨੇ ਲਗਭਗ 5 ਕਰੋੜ ਦੀ ਮਸ਼ੀਨਰੀ, ਜਿਸ ਵਿਚ ਟਿੱਪਰ, ਲੋਡਰ ਅਤੇ ਜੇ. ਸੀ. ਬੀ. ਸ਼ਾਮਲ ਹੈ, ਨੂੰ ਖ਼ਰੀਦ ਰੱਖਿਆ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਇਹ ਮਸ਼ੀਨਰੀ ਨਿਗਮ ਦੀ ਵਰਕਸ਼ਾਪ ਵਿਚ ਪਈ ਹੋਈ ਸੀ। ਪਿਛਲੇ ਦਿਨੀਂ ਜਦੋਂ ਸ਼ਹਿਰ ਵਿਚ ਕੂੜੇ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਤਾਂ ‘ਆਪ’ ਵਿਧਾਇਕ ਰਮਨ ਅਰੋੜਾ ਦੀ ਸਿਫਾਰਸ਼ ’ਤੇ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਇਸ ਮਸ਼ੀਨਰੀ ਨੂੰ ਸ਼ਹਿਰ ਦਾ ਕੂੜਾ ਢੋਣ ਦੇ ਕੰਮ ਵਿਚ ਲਗਾਉਣ ਦੀ ਇਜਾਜ਼ਤ ਦੇ ਦਿੱਤੀ, ਜਿਸ ’ਤੇ ਅੱਜ ਕੰਮ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ
ਮਾਇਓ-ਮਾਈਨਿੰਗ ਪਲਾਂਟ ’ਤੇ ਕੰਮ ਕਰ ਰਹੀ ਕੰਪਨੀ ਨੇ ਮੰਗੀ ਮਸ਼ੀਨਰੀ
ਇਸ ਦੌਰਾਨ ਪਤਾ ਲੱਗਾ ਹੈ ਕਿ ਵਰਿਆਣਾ ਡੰਪ ’ਤੇ ਪਏ ਪੁਰਾਣੇ ਕੂੜੇ ਨੂੰ ਮੈਨੇਜ ਕਰਨ ਲਈ ਜੋ ਕੰਪਨੀ ਉਥੇ ਬਾਇਓ-ਮਾਈਨਿੰਗ ਪਲਾਂਟ ਲਗਾਉਣ ਜਾ ਰਹੀ ਹੈ, ਉਸ ਨੇ ਸਮਾਰਟ ਸਿਟੀ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਨਵੀਂ ਮਸ਼ੀਨਰੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲੇ ਕੰਪਨੀ ਦਾ ਕੰਮ ਕਾਫੀ ਲੇਟ ਚੱਲ ਰਿਹਾ ਹੈ, ਜਿਸ ਕਾਰਨ ਕੰਪਨੀ ਨੂੰ ਸਿਵਲ ਵਰਕ ਦੀ ਲਾਗਤ ’ਤੇ 3 ਫ਼ੀਸਦੀ ਪ੍ਰਤੀ ਮਹੀਨਾ ਦਾ ਜੁਰਮਾਨਾ, ਜੋ ਲਗਭਗ 14 ਲੱਖ ਰੁਪਏ ਬਣਦਾ ਹੈ, ਲਗਾਉਣ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਅਤੇ ਕੰਪਨੀ ਨੂੰ ਸਿਵਲ ਵਰਕ ਦਾ ਕੰਮ 1 ਸਤੰਬਰ ਤੱਕ ਨਿਪਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਉਣ ਵਾਲੇ ਸਮੇਂ ਵਿਚ ਨਵੀਂ ਮਸ਼ੀਨਰੀ ਨੂੰ ਲੈ ਕੇ ਬਾਇਓ-ਮਾਈਨਿੰਗ ਕੰਪਨੀ, ਨਗਰ ਨਿਗਮ ਅਤੇ ਸਮਾਰਟ ਸਿਟੀ ਵਿਚ ਵਿਵਾਦ ਹੋਣ ਦੀ ਸੰਭਾਵਨਾ ਬਣ ਗਈ ਹੈ।
ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡੇਰਾਬੱਸੀ ਦੇ MLA ਰੰਧਾਵਾ ਦੇ ਪੀ. ਏ. 'ਤੇ ਪੁਲਸ ਕੋਲੋਂ ਇਕ ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼
NEXT STORY