ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਮੋਗਾ ਪੁਲਸ ਨੇ ਹੈਰੋਇਨ ਸਮੱਗਲਿੰਗ ਮਾਮਲੇ ਦੀ ਕਥਿਤ ਮੁਲਜ਼ਮ ਸਿਮਰਨ ਕੌਰ ਉਰਫ ਇੰਦੂ ਬਾਲਾ ਨਿਵਾਸੀ ਨੇੜੇ ਕੈਂਬਰਿਜ਼ ਸਕੂਲ ਅਜੀਤ ਨਗਰ ਮੋਗਾ ਦੀ ਲੱਖਾਂ ਰੁਪਏ ਮੁੱਲ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੁਲਸ ਵੱਲੋਂ ਸਬੰਧਤ ਅਥਾਰਟੀ ਨੂੰ ਲਿਖ ਕੇ ਭੇਜਿਆ ਗਿਆ ਸੀ ਕਿ ਕਥਿਤ ਮੁਲਜ਼ਮ ਸਿਮਰਨ ਕੌਰ ਉਰਫ ਇੰਦੂ ਬਾਲਾ ਖ਼ਿਲਾਫ਼ ਥਾਣਾ ਮਹਿਣਾ ਵਿਚ 28 ਨਵੰਬਰ 2021 ਨੂੰ 260 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਮਾਮਲਾ ਦਰਜ ਹੋਇਆ ਸੀ। ਜਾਂਚ ਸਮੇਂ ਪਤਾ ਲੱਗਾ ਕਿ ਉਸ ਨੇ ਆਪਣੀ ਜਾਇਦਾਦ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਵਿੱਕਰੀ ਕਰ ਕੇ ਬਣਾਈ ਹੈ।
ਸਬੰਧਤ ਅਥਾਰਟੀ ਵੱਲੋਂ ਆਦੇਸ਼ ਆਉਣ ’ਤੇ ਅੱਜ ਡੀ. ਐੱਸ. ਪੀ. ਸਰਬਜੀਤ ਸਿੰਘ ਅਤੇ ਥਾਣਾ ਚੜਿੱਕ ਦੇ ਮੁੱਖ ਅਫਸਰ ਗੁਰਪਾਲ ਸਿੰਘ ਨੇ ਜਾ ਕੇ ਉਨ੍ਹਾਂ ਦੇ ਮਕਾਨ ’ਤੇ ਆਰਡਰਾਂ ਦੀ ਕਾਪੀ ਚਿਪਕਾਈ। ਇਸ ਮੌਕੇ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸਰਬਜੀਤ ਸਿਘ ਨੇ ਕਿਹਾ ਕਿ ਜੇਕਰ ਹੋਰ ਵੀ ਕੋਈ ਨਸ਼ਾ ਸਮੱਗਲਰ ਆਪਣੀ ਜਾਇਦਾਦ ਨਸ਼ਾ ਵਿੱਕਰੀ ਕਰ ਕੇ ਬਣਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵੀ ਅਜਿਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੀ ਜ਼ਾਇਦਾਦ ਦੇ ਇਲਾਵਾ ਉਸ ਦੇ ਵ੍ਹੀਕਲਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ ਜਿਸ ਦੀ ਕੀਮਤ 52 ਲੱਖ 46 ਹਜ਼ਾਰ ਰੁਪਏ ਹੈ। ਕਥਿਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਪਿੰਡ ਅੱਤੋਵਾਲ ਵਿਚ ਚੱਲੀਆਂ ਗੋਲੀਆਂ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
NEXT STORY