ਅਬੋਹਰ (ਸੁਨੀਲ ਨਾਗਪਾਲ, ਜ.ਬ) : ਪਿੰਡ ਭੰਗਾਲਾ ਦੇ ਨਜ਼ਦੀਕ ਬਣੀ ਕਾਲੋਨੀ 'ਚ ਇਕ ਕਲਯੁੱਗੀ ਪੁੱਤਰ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਤੜਕਸਾਰ ਆਪਣੀ ਮਾਂ ਦਾ ਕਹੀ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇਕ ਹੋਰ ਵਿਅਕਤੀ 'ਤੇ ਵੀ ਹਮਲਾ ਕਰ ਕੇ ਫੱਟੜ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਭੰਗਾਲਾ ਕਾਲੋਨੀ ਵਾਸੀ 70 ਸਾਲਾ ਹਰਪਾਲ ਕੌਰ ਪਤਨੀ ਭੋਲੂ ਸਿੰਘ ਦੇ ਚਾਰ ਪੁੱਤਰ ਰੇਸ਼ਮ ਸਿੰਘ, ਸਵਰਾਜ ਸਿੰਘ, ਸੁਖਜਿੰਦਰ ਸਿੰਘ ਅਤੇ ਬਲਕਾਰ ਸਿੰਘ ਉਰਫ ਕਾਲੀ ਹਨ। ਮ੍ਰਿਤਕਾ ਦੇ ਪੁੱਤਰ ਰੇਸ਼ਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਲਕਾਰ ਉਰਫ ਕਾਲੀ ਨਸ਼ੇੜੀ ਹੈ, ਜਿਸ ਕਰ ਕੇ 7 ਸਾਲ ਪਹਿਲਾਂ ਥੇੜੀ ਪਿੰਡ ਵਾਸੀ ਉਸਦੀ ਪਤਨੀ ਮਨਪ੍ਰੀਤ ਕੌਰ ਉਸ ਨੂੰ ਛੱਡ ਗਈ ਸੀ। ਇਸ ਤੋਂ ਬਾਅਦ ਬਲਕਾਰ ਸਿੰਘ ਦੇ ਬੱਲੂਆਨਾ ਵਾਸੀ ਅਮਰਜੀਤ ਕੌਰ ਪਤਨੀ ਬਲਦੇਵ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੇ ਸਾਰਿਆਂ ਨੂੰ ਆਪਣਾ-ਆਪਣਾ ਹਿੱਸਾ ਦੇ ਦਿੱਤਾ ਸੀ ਪਰ ਬਲਕਾਰ ਸਿੰਘ ਅਮਰਜੀਤ ਕੌਰ ਨਾਲ ਮਿਲ ਕੇ ਮਾਂ ਨੂੰ ਆਪਣੇ ਹਿੱਸੇ ਦਾ ਕਰੀਬ 1 ਲੱਖ ਦਾ ਪਲਾਟ ਉਸ ਦੇ ਨਾਂ ਕਰਨ ਦਾ ਦਬਾਅ ਬਣਾਉਂਦਾ ਹੋਇਆ ਪ੍ਰੇਸ਼ਾਨ ਕਰਦਾ ਸੀ ਜਦਕਿ ਉਸਦੀ ਮਾਂ ਹਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਆਪਣਾ ਹਿੱਸਾ ਉਸਦੀ ਪਹਿਲੀ ਪਤਨੀ ਮਨਪ੍ਰੀਤ ਦੇ ਪੁੱਤਰ ਦੇ ਨਾਂ ਕਰੇਗੀ।
ਇਸੇ ਰੰਜਿਸ਼ ਕਰ ਕੇ ਉਸਨੇ ਅਮਰਜੀਤ ਕੌਰ ਨਾਲ ਯੋਜਨਾ ਬਣਾਈ ਅਤੇ ਤੜਕਸਾਰ ਕਹੀ ਨਾਲ ਹਮਲਾ ਕਰ ਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ। ਸਵੇਰੇ ਕਰੀਬ 4 ਵਜੇ ਉਨ੍ਹਾਂ ਦੀ ਗੁਆਂਢਣ ਵੀਰਪਾਲ ਕੌਰ ਨੇ ਇਹ ਘਟਨਾ ਵੇਖ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ। ਰੇਸ਼ਮ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਸਵਰਾਜ ਅਤੇ ਪਿੰਡ ਦੇ ਹੀ ਜਗਸੀਰ ਪੁੱਤਰ ਮਿੱਠੂ ਨਾਲ ਬਾਈਕ 'ਤੇ ਸਰਪੰਚ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਵਿਚ ਬਲਕਾਰ ਸਿੰਘ ਉਨ੍ਹਾਂ ਨੂੰ ਮਿਲਿਆ, ਜਿਸ ਨੇ ਉਨ੍ਹਾਂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਦੋਂ ਬਲਕਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਜਗਸੀਰ 'ਤੇ ਵੀ ਕਹੀ ਨਾਲ ਹਮਲਾ ਕਰ ਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਸੇ ਤਰ੍ਹਾਂ ਬਲਕਾਰ ਨੂੰ ਕਾਬੂ ਕਰ ਕੇ ਬੰਨ੍ਹ ਲਿਆ ਅਤੇ ਘਰ ਲੈ ਆਏ।
ਸੂਚਨਾ ਮਿਲਣ 'ਤੇ ਪਿੰਡ ਦਾ ਸਰਪੰਚ ਲਾਭ ਸਿੰਘ ਵੀ ਉਨ੍ਹਾਂ ਦੇ ਘਰ ਪਹੁੰਚ ਗਿਆ ਅਤੇ ਸਦਰ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਰਣਜੀਤ ਸਿੰਘ ਅਤੇ ਏ. ਐੱਸ. ਆਈ. ਦਿਆਲ ਸਿੰਘ ਮੌਕੇ 'ਤੇ ਪੁੱਜੇ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਉਂਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਘਟਨਾ ਵਾਲੀ ਥਾਂ 'ਤੇ ਜਾ ਕੇ ਵੇਖਿਆ ਤਾਂ ਮ੍ਰਿਤਕਾ ਦੀ ਲਾਸ਼ ਘਰ ਵਿਚ ਪਈ ਸੀ। ਉਨ੍ਹਾਂ ਰੇਸ਼ਮ ਸਿੰਘ ਦੇ ਬਿਆਨਾਂ 'ਤੇ ਉਸਦੇ ਭਰਾ ਬਲਕਾਰ ਅਤੇ ਅਮਰਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਹਾਈਟੈਕ ਹੋਏ ਸਮੱਗਲਰ, ਘਰ ਦੀਆਂ ਟੂਟੀਆਂ 'ਚੋਂ ਪਾਣੀ ਨਹੀਂ ਨਿਕਲਦੀ ਸੀ ਸ਼ਰਾਬ (ਵੀਡੀਓ)
NEXT STORY