ਮੋਗਾ (ਗੋਪੀ ਰਾਊਕੇ, ਆਜ਼ਾਦ) : ਇਕ ਪਾਸੇ ਜਿੱਥੇ ਕਾਂਗਰਸ ਨੇ ਸੂਬੇ ਦੀ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਪੰਜਾਬ ਵਿਚੋਂ ਨਸ਼ਿਆਂ 'ਤੇ ਖਾਸ ਕਰਕੇ ਸੰਥੈਟਿਕ ਡਰੱਗ ਦੇ ਖ਼ਾਤਮੇ ਲਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ਼.) ਦਾ ਗਠਨ ਕੀਤਾ ਸੀ, ਉੱਥੇ ਹੀ ਦੂਜੇ ਪਾਸੇ ਐੱਸ. ਟੀ. ਐੱਫ. ਮੋਗਾ 'ਚ ਤਾਇਨਾਤ ਇਕ ਸਹਾਇਕ ਥਾਣੇਦਾਰ ਦਾ ਨਸ਼ਾ ਤਸਕਰਾਂ ਨਾਲ ਕਥਿਤ ਸਬੰਧ ਹੋਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ, ਇੱਥੇ ਹੀ ਬੱਸ ਨਹੀਂ ਇਸ ਸਹਾਇਕ ਥਾਣੇਦਾਰ ਦੀਆਂ ਇਕ ਮਹਿਲਾ ਮਿੱਤਰ ਤੇ ਨਸ਼ਾ ਤਸਕਰਾਂ ਨਾਲ ਆਡੀਓ ਵਾਇਰਲ ਹੋਣ ਮਗਰੋਂ ਵਿਭਾਗ ਵਿਚ ਇਕ ਤਰ੍ਹਾਂ ਨਾਲ ਹਫੜਾ-ਦਫੜੀ ਮਚ ਗਈ ਹੈ।
'ਜਗ ਬਾਣੀ' ਕੋਲ ਇਸ ਮਾਮਲੇ ਸਬੰਧੀ ਵਾਇਰਲ ਹੋਈਆਂ ਆਡੀਓ ਵੀ ਮੌਜੂਦ ਹਨ। ਮਾਮਲੇ ਦੀ ਜਾਂਚ ਕਰ ਰਹੇ ਐੱਸ. ਟੀ. ਐੱਫ. ਫਿਰੋਜ਼ਪੁਰ ਦੇ ਡੀ. ਐਸ. ਪੀ. ਰਾਜਬੀਰ ਸਿੰਘ ਸੰਧੂ ਨੇ ਮਾਮਲੇ ਦੀ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ ਅਤੇ ਜਲਦੀ ਹੀ ਸੱਚ ਸਾਹਮਣੇ ਆ ਜਾਵੇਗਾ। ਮਾਮਲੇ ਦੇ ਸ਼ਿਕਾਇਤ ਕਰਤਾ ਬੱਬੂ ਛਾਬੜਾ ਦਾ ਦੋਸ਼ ਹੈ ਕਿ ਉਸਦੀ ਪਤਨੀ ਕਥਿਤ ਤੌਰ 'ਤੇ ਸਹਾਇਕ ਥਾਣੇਦਾਰ ਦੀ ਮਹਿਲਾ ਮਿੱਤਰ ਹੈ ਅਤੇ ਉਸ ਨੂੰ ਪਤਨੀ ਦੇ ਹੱਥ ਲੱਗੇ ਫੋਨ ਤੋਂ ਹੀ ਸਮੁੱਚਾ ਮਾਮਲਾ ਬੇਪਰਦ ਹੋਇਆ ਹੈ।
ਨਸ਼ਾ ਤਸਕਰਾਂ ਨਾਲ ਜੋ ਆਡੀਓ ਵਾਇਰਲ ਹੋਈਆਂ ਹਨ ਉਸ ਵਿਚ ਇਕ ਕਥਿਤ ਤਸਕਰ ਨੂੰ ਜਦੋਂ ਪੁਲਸ ਮੁਲਾਜ਼ਮ ਰੋਕਦੇ ਹਨ ਤਾਂ ਸਹਾਇਕ ਥਾਣੇਦਾਰ ਹੀ ਫੋਨ 'ਤੇ ਗੱਲ ਕਰ ਕੇ ਉਸਨੂੰ ਛੁਡਾਉਂਦਾ ਹੈ। ਪਤਾ ਲੱਗਾ ਹੈ ਕਿ ਲਾਕਡਾਊਨ ਅਤੇ ਕਰਫਿਊ ਦੇ ਦਿਨਾਂ ਦੌਰਾਨ ਇਹ ਸਹਾਇਕ ਥਾਣੇਦਾਰ ਆਪਣੀ ਨੌਕਰੀ ਦੀ ਕਥਿਤ ਆੜ ਵਿਚ ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਦਾ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਸਹਾਇਕ ਥਾਣੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਬਹਿਬਲ ਕਲਾਂ ਗੋਲੀਕਾਂਡ: ਸਾਬਕਾ ਐੱਸ.ਐੱਚ.ਓ., ਸੁਹੇਲ ਬਰਾੜ ਤੇ ਪੰਕਜ ਬਾਂਸਲ ਦੀ ਜ਼ਮਾਨਤ ਟਲੀ
NEXT STORY