ਅੰਮ੍ਰਿਤਸਰ (ਅਮਿਤ ਪੁਰੀ) — ਸ੍ਰੀ ਅਕਾਲ ਤਖਤ ਸਾਹਿਬ 'ਚ ਪੰਜਾਬ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਇਹ ਮੋਰਚਾ 4 ਅਗਸਤ 1982 'ਚ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਧਰਮ ਯੁੱਧ ਮੋਰਚੇ ਦਾ ਨਾਂ ਦਿੱਤਾ ਗਿਆ ਸੀ, ਉਸ ਸਮੇਂ ਵੀ ਪੰਜਾਬ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਇਹ ਮੋਰਚਾ ਸ੍ਰੀ ਅਕਾਲ ਤਖਤ ਤੋਂ ਸ਼ੁਰੂ ਕੀਤਾ ਗਿਆ ਤੇ ਇਹ ਮੋਰਚਾ ਗੁਰੂਦੁਆਰਾ ਸੰਤੋਖ ਸਰ ਵਿਖੇ ਸਮਾਪਤ ਹੋਇਆ, ਜਿਥੇ ਪਹੁੰਚ ਕੇ ਸਿੰਘਾਂ ਵਲੋਂ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਸਨ।

ਜਿਸ ਦੇ ਪਹਿਲੇ ਜੱਥੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਿਫਤਾਰੀ ਦਿੱਤੀ ਸੀ। ਅੱਜ ਇਸ ਧਰਮ ਯੁੱਧ ਮੋਰਚੇ ਦੀ 35ਵੀਂ ਵਰ੍ਹੇਗੰਢ ਮੰਨਾਈ ਗਈ। ਇਹ ਮੋਰਚਾ ਸ੍ਰੀ ਅਕਾਲ ਤਖਤ ਤੋਂ ਹੀ ਸ਼ੁਰੂ ਕੀਤਾ ਗਿਆ ਤੇ ਗੁਰੂਦੁਆਰਾ ਸ੍ਰੀ ਸੰਤੋਖ ਸਰ ਵਿਖੇ ਸਮਾਪਤ ਹੋਇਆ। ਇਸ ਦੇ ਨਾਲ ਹੀ ਪੰਜਾਬ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਇਕ ਮੰਗ ਪੱਤਰ ਵੀ ਜ਼ਿਲਾ ਅਧਿਕਾਰੀ ਨੂੰ ਸੌਂਪਿਆਂ ਗਿਆ।

ਇਸ ਮੌਕੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਕੌਮ ਨੇ ਅੰਨਦਪੁਰ ਸਾਹਿਬ ਦੇ ਮਤੇ ਸਮੇਤ ਕੌਮ ਤੇ ਪੰਜਾਬ ਦੇ ਭੱਖਦੇ ਮਸਲਿਆਂ ਨੂੰ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਕੌਮ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਤੇ ਜੋ ਕੌਮ ਦੇ ਨਾਲ ਖਿਲਵਾੜ ਕਰ ਕੇ ਆਪਣੇ ਸਵਾਰਥਾਂ ਦੀ ਰਾਜਨੀਤੀ ਕਰਦੇ ਹਨ, ਉਨ੍ਹਾਂ ਦੀ ਪਛਾਣ ਕਰਨੀ ਚਾਹੀਦੀ ਹੈ।

ਇਸ ਦੌਰਾਨ ਉਨ੍ਹਾਂ ਆਜ਼ਾਦੀ ਵੇਲੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮੋਦੀ ਨੂੰ ਪੱਤਰ ਵੀ ਲਿਖਿਆ। ਦੱਸਿਆ ਜਾ ਰਿਹਾ ਹੈ ਕਿ ਅਕਾਲ ਤਖਤ ਵਲੋਂ ਮਾਰਚ ਸ਼ਾਂਤੀਮਈ ਢੰਗ ਨਾਲ ਕੱਢਿਆ ਜਾ ਰਿਹਾ ਹੈ। ਅਕਾਲ ਤਖਤ ਕਮੇਟੀ ਵਲੋਂ ਮਾਰਚ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤੇ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ।

ਜਲੰਧਰ 'ਚ ਸਿਹਤ ਵਿਭਾਗ ਨੇ ਕੀਤੀ ਅਚਨਚੇਤ ਛਾਪੇਮਾਰੀ, ਦੀਨਾਨਾਥ ਕੁਲਚੇ ਵਾਲੇ ਦੇ ਵੀ ਭਰੇ ਸੈਂਪਲ
NEXT STORY