ਅੰਮ੍ਰਿਤਸਰ (ਵੈੱਬ ਡੈਸਕ, ਸਰਬਜੀਤ) : ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਲੈਣ ਉਪਰੰਤ ਜਥੇਦਾਰ ਅਕਾਲ ਤਖ਼ਤ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ ਪਾਸੋਂ ਕੋਈ ਦੋ ਜਾਂਚ ਕਰਨ ਵਾਲੀਆਂ ਲੈਬਾਂ ਦੇ ਨਾਮ ਮੰਗੇ ਗਏ ਹਨ, ਜਿੱਥੋਂ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ ਅਤੇ ਪੰਥ ਦੇ ਸਾਹਮਣੇ ਸੱਚ ਲਿਆਂਦਾ ਜਾਵੇਗਾ। ਜਥੇਦਾਰ ਨੇ ਕਿਹਾ ਕਿ ਜਦੋਂ ਗਲਤੀ ਕਰਨ ਵਾਲਾ ਰਾਜ ਸੱਤਾ 'ਤੇ ਹੋਵੇ ਤਾਂ ਫਿਰ ਅਕਾਲ ਤਖਤ ਦਾ ਹੋਰ ਫਰਜ਼ ਬਣ ਜਾਂਦਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਜਥੇਦਾਰ ਗੜਗੱਜ
ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਗੋਲਕ, ਸਿੱਖ ਰਹਿਤ ਮਰਿਆਦਾ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਮਸਲੇ 'ਤੇ ਸਪੱਸ਼ਟੀਕਰਨ ਲਿਆ ਹੈ। ਭਗਵੰਤ ਮਾਨ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਨੂੰ ਸਵੀਕਾਰ ਕਰ ਲਿਆ ਗਿਆ ਹੈ ਪਰ ਵਿਵਾਦਤ ਵੀਡੀਓ ਦਾ ਸੱਚ ਸਾਹਮਣੇ ਲਿਆਉਣ ਲਈ ਇਸ ਦੀ ਜਾਂਚ ਕਰਵਾਈ ਜਾਵੇਗੀ। ਜਥੇਦਾਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਤਾਂ ਉਹ ਉਸ 'ਤੇ ਕੋਈ ਬਿਆਨਬਾਜ਼ੀ ਨਾ ਕਰਨ। ਇਸ ਦੇ ਜਵਾਬ ਵਿਚ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਸਿੱਖ ਮਸਲਿਆਂ 'ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ।
ਇਹ ਵੀ ਪੜ੍ਹੋ : ਸਪੱਸ਼ਟੀਕਰਨ ਦੇਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ ਭਗਵੰਤ ਮਾਨ
ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ SGPC ਦੇ ਖਰਚਿਆਂ ਸੰਬੰਧੀ SGPC ਦਾ ਗਜ਼ਟ ਵੀ ਸੌਂਪਿਆ ਗਿਆ, ਜਿਸ ਵਿਚ ਇੱਕ-ਇੱਕ ਪੈਸੇ ਦੇ ਖਰਚੇ ਦੀ ਜਾਣਕਾਰੀ ਦਰਜ ਹੈ। ਜਥੇਦਾਰ ਨੇ ਮਾਨ ਨੂੰ ਕਿਹਾ ਕਿ ਉਹ ਖੁਦ ਵੀ ਇਸ ਨੂੰ ਪੜ੍ਹਨ ਅਤੇ ਆਪਣੇ ਹੋਰਨਾਂ ਆਗੂਆਂ ਨੂੰ ਵੀ ਪੜ੍ਹਾਉਣ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਕਿਸੇ ਨਾਲ ਵੈਰ ਨਹੀਂ ਰੱਖਦਾ ਅਤੇ ਇੱਥੇ ਆਉਣ ਵਾਲੇ ਹਰ ਸ਼ਖਸ ਨੂੰ ਗਲ ਨਾਲ ਲਾਇਆ ਜਾਂਦਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਪੱਸ਼ਟੀਕਰਨ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਅਗਲੇ ਕਦਮ 'ਤੇ ਹਨ। ਜਥੇਦਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਅਗਲਾ ਹੁਕਮਨਾਮਾ ਜਾਂ ਫੈਸਲਾ ਸੁਣਾਇਆ ਜਾਵੇਗਾ।
ਬੰਗਿਆਂ ਵਾਲੇ ਮਸਲੇ 'ਤੇ ਸਰਕਾਰ ਨੇ ਕਾਹਲੀ ਕੀਤੀ
ਸਿੰਘ ਸਾਹਿਬ ਨੇ ਕਿਹਾ ਕਿ ਬੰਗਿਆਂ ਵਾਲੇ ਮਸਲੇ 'ਤੇ ਸਰਕਾਰ ਬਹੁਤ ਕਾਹਲੀ ਕੀਤੀ ਹੈ। ਬਹੁਤ ਸਾਰੇ ਪਾਵਨ ਸਰੂਪ ਭਾਈ ਚੱਤਰ ਸਿੰਘ ਜੀਵਨ ਸਿੰਘ ਹੁਰਾਂ ਅਤੇ ਦਮਦਮੀ ਟਕਸਾਲ ਤੋਂ ਵੀ ਛਪਦੇ ਰਹੇ ਹਨ। ਬਹੁਤ ਸਾਰੇ ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਚੱਲਦੀਆਂ, ਬਹੁਤ ਸਾਰੇ ਸਰੂਪ ਅਜਿਹੇ ਹਨ। ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਚ ਸਰੂਪ ਸ਼ਸ਼ੋਭਿਤ ਹਨ, ਕਈਆਂ ਨੇ ਸਰੂਪਾਂ ਦੀਆਂ ਰਸੀਦਾਂ ਨਹੀਂ ਸਾਂਭੀਆਂ ਹੁੰਦੀਆਂ, ਕਈਆਂ ਦੇ ਨੰਬਰ ਲੱਗੇ ਹੁੰਦੇ ਪਰ ਜਿਨ੍ਹਾਂ ਦੀ ਰਸੀਦ ਨਹੀਂ ਸੰਭਾਲੀ ਗਈ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਣਅਧਿਕਾਰਤ ਹਨ। ਉਹ ਗੁਰਦੁਆਰਾ ਸਾਹਿਬ ਵਿਚ ਹੈ ਤੇ ਉਹ ਸਰੂਪ ਵੀ ਸੱਚੇ ਪਾਤਸ਼ਾਹ ਦਾ ਹੈ। ਪਹਿਲਾਂ ਇੰਝ ਵੀ ਹੁੰਦਾ ਸੀ ਕਿ ਜਦੋਂ ਕਿਸੇ ਦੀ ਮੰਨਤ ਪੂਰੀ ਹੁੰਦੀ ਸੀ ਤਾਂ ਉਹ ਕਹਿੰਦਾ ਸੀ ਅਸੀਂ ਗੁਰਦੁਆਰਾ ਸਾਹਿਬ ਵਿਚ ਮਹਾਰਾਜ ਦਾ ਸਰੂਪ ਭੇਂਟ ਕਰਾਂਗੇ ਪਰ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਨਿਯਮ ਬਦਲ ਦਿੱਤੇ ਗਏ। ਸਿਰਫ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਦਾ ਕੋਈ ਸਰੂਪ ਅਣਅਧਿਕਾਰਤ ਨਹੀਂ ਹੈ। ਇਸ ਤੋਂ ਇਲਾਵਾ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਕੁਤਾਹੀਆਂ ਕੀਤੀਆਂ ਗਈਆਂ ਸਨ, ਉਨ੍ਹਾਂ 'ਤੇ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਹੈ।
ਗਊਸ਼ਾਲਾ ’ਚ ਮਰੀਆਂ ਹੋਈਆਂ ਗਾਵਾਂ ਮਿਲਣ ਕਾਰਨ ਹੜਕੰਪ, ਸਸਕਾਰ ਕਰਨ ਵਾਲੀ ਮਸ਼ੀਨ ਖ਼ਰਾਬ
NEXT STORY