ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਅੰਦਰ ਹੜ੍ਹਾਂ ਦੀ ਸਥਿਤੀ ਦੌਰਾਨ ਰਾਹਤ ਸੇਵਾਵਾਂ ਨਿਭਾਅ ਰਹੀਆਂ ਵੱਖ-ਵੱਖ ਸਿੱਖ ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ, ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ। ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਸੇਵਾਵਾਂ ਕਰ ਰਹੀਆਂ ਸਮੂਹ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਸੰਗਠਤ ਕਰਨ ਅਤੇ ਨੀਤੀਗਤ ਢੰਗ ਨਾਲ ਸੰਪੂਰਨ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕਰਵਾਉਣ ਲਈ ਸੋਮਵਾਰ ਤੱਕ sarkarekhalsa.org ਵੈੱਬਸਾਈਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕਰਨ ਵਾਲੀਆਂ ਸਮੂਹ ਸੰਸਥਾਵਾਂ ਇਸ ਵੈੱਬਸਾਈਟ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਰਜਿਸਟਰ ਹੋਣ ਅਤੇ ਉਨ੍ਹਾਂ ਨੂੰ ਰਾਹਤ ਕਾਰਜਾਂ ਲਈ ਢੁਕਵੀਂ ਸੇਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਵੱਖ-ਵੱਖ ਸੰਸਥਾਵਾਂ ਇਕੱਠੀਆਂ ਹੋ ਕੇ ਕੰਮ ਕਰਨਾ ਚਾਹੁੰਦੀਆਂ ਹਨ, ਉਹ ਵੀ ਆਪਣੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੈੱਬਸਾਈਟ ਦਾ ਸਮੁੱਚਾ ਪ੍ਰਬੰਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਹੋਵੇਗਾ।
ਇਹ ਵੀ ਪੜ੍ਹੋ : ਐੱਨ. ਜੀ. ਟੀ. ਨੇ ਨਗਰ ਨਿਗਮ ਨੂੰ ਠੋਕਿਆ 50 ਹਜ਼ਾਰ ਦਾ ਜੁਰਮਾਨਾ, ਕਮਿਸ਼ਨਰ ਨੂੰ ਦਿੱਤੀ ਗ੍ਰਿਫ਼ਤਾਰੀ ਦੀ ਚਿਤਾਵਨੀ
ਜਥੇਦਾਰ ਗੜਗੱਜ ਨੇ ਕਿਹਾ ਕਿ ਹਰ ਸੰਸਥਾ ਆਪਣੇ ਦੋ-ਦੋ ਵਲੰਟੀਅਰ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਰੱਖਣ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਤੇ ਸਹਿਯੋਗ ਬਣਾਉਣ ਲਈ ਦੇਣ। ਉਨ੍ਹਾਂ ਕਿਹਾ ਕਿ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਵੀ ਬਣਾ ਦਿੱਤਾ ਜਾਵੇਗਾ, ਜਿਸ ਰਾਹੀਂ ਸਮੂਹ ਸੰਸਥਾਵਾਂ ਤੇ ਸੇਵਾ ਕਾਰਜਾਂ ਨਾਲ ਸਬੰਧਤ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ਉੱਤੇ ਜਾਰੀ ਮੰਚ ਵੱਲੋਂ 20 ਪਿੰਡਾਂ ਪਿੱਛੇ ਇੱਕ ਵਲੰਟੀਅਰ ਦੀ ਸੇਵਾ ਲਗਾਈ ਜਾਵੇਗੀ ਅਤੇ ਪੰਜਾਬ ਦੇ ਲਗਭਗ 1600 ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਸੰਗਠਤ ਪਹੁੰਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਵਿੱਚ ਸੇਵਾ ਕਰ ਰਹੀਆਂ ਸਿੱਖ ਸੰਸਥਾਵਾਂ ਵਿਰੁੱਧ ਨਕਲੀ ਨਿਹੰਗ ਹਰਜੀਤ ਸਿੰਘ ਰਸੂਲਪੁਰ ਵੱਲੋਂ ਮੀਡੀਆ ਰਾਹੀਂ ਗਲਤ ਬਿਰਤਾਂਤ ਘੜਿਆ ਗਿਆ ਕਿ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਵੱਲੋਂ ਜਾਤ ਅਧਾਰਤ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਗੱਲ ਦਾਅਵੇ ਨਾਲ ਕਹੀ ਕਿ ਸਿੱਖ ਸੰਸਥਾਵਾਂ ਦੇ ਕਿਸੇ ਵੀ ਸੇਵਾਦਾਰ ਨੇ ਵਿਤਕਰਾ ਨਹੀਂ ਕੀਤਾ ਹੋਵੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਹਰਜੀਤ ਸਿੰਘ ਰਸੂਲਪੁਰ ਨੂੰ ਬਹਿਰੂਪੀਆ ਕਰਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹੋ ਜਿਹੋ ਲੋਕਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ, ਜਿਹੜੀ ਆਪਣੇ ਹੀ ਲੋਕਾਂ, ਪੰਥ ਅਤੇ ਪੰਜਾਬ ਦੇ ਖਿਲਾਫ਼ ਬੋਲਦੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ ਬਹੁਤ ਘੱਟ ਹੈ, ਇਸ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਜਿਹੜੀਆਂ ਸੰਸਥਾਵਾਂ ਦੇ ਸੇਵਾਦਾਰਾਂ ਦੀ ਸੇਵਾ ਕਰਦੇ ਹੋਏ ਜਾਨਾਂ ਗਈਆਂ ਹਨ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਦੀਆਂ ਕਰੀਬ 100 ਸੰਸਥਾਵਾਂ ਦੇ ਆਗੂ ਅਤੇ ਨੁਮਾਇੰਦੇ ਅਤੇ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐੱਨ. ਜੀ. ਟੀ. ਨੇ ਨਗਰ ਨਿਗਮ ਨੂੰ ਠੋਕਿਆ 50 ਹਜ਼ਾਰ ਦਾ ਜੁਰਮਾਨਾ, ਕਮਿਸ਼ਨਰ ਨੂੰ ਦਿੱਤੀ ਗ੍ਰਿਫ਼ਤਾਰੀ ਦੀ ਚਿਤਾਵਨੀ
NEXT STORY