ਜਲੰਧਰ (ਰੱਤਾ)–ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗਾ ਹੈ। ਜਲੰਧਰ ਜ਼ਿਲ੍ਹੇ ਵਿਚ ਜਿੱਥੇ 5 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ, ਉਥੇ ਹੀ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ ਵੀ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਡੇਂਗੂ ਦੇ 5 ਹੋਰ ਪਾਜ਼ੇਟਿਵ ਮਰੀਜ਼ ਮਿਲਣ ਨਾਲ ਜਲੰਧਰ ਜ਼ਿਲ੍ਹੇ ਵਿਚ ਕੁੱਲ੍ਹ ਮਰੀਜ਼ਾਂ ਦੀ ਗਿਣਤੀ 36 ’ਤੇ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਡੇਂਗੂ ਦੇ ਸ਼ੱਕੀ ਜਿਹੜੇ 109 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ, ਉਨ੍ਹਾਂ ਵਿਚੋਂ 11 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚੋਂ 6 ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ 36 ਡੇਂਗੂ ਪਾਜ਼ੇਟਿਵ ਮਰੀਜ਼ਾਂ ਵਿਚੋਂ 19 ਸ਼ਹਿਰੀ ਅਤੇ 17 ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਘਰ ’ਚ ਲੱਗੀ ਭਿਆਨਕ ਅੱਗ, ਪਿਤਾ, ਪੁੱਤਰ ਤੇ ਪੋਤਾ ਸੜੇ, ਹਾਲਾਤ ਵੇਖ ਕੰਬੇ ਲੋਕ
ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਜਿਹੜੇ 5250 ਘਰਾਂ ਦਾ ਸਰਵੇ ਕੀਤਾ, ਉਨ੍ਹਾਂ ਨੂੰ ਉਥੋਂ 16 ਥਾਵਾਂ ’ਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ, ਜਿਸ ਨੂੰ ਟੀਮਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਵਿਚ ਹੁਣ ਤਕ 482567 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ 1460 ਘਰਾਂ ਵਿਚੋਂ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲ ਚੁੱਕਾ ਹੈ। ਦੂਜੇ ਪਾਸੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 'ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ' ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਕਾਰਜਕਾਰੀ ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਆਬਾਦਪੁਰਾ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆ ਪਾਲ ਸਿੰਘ, ਪ੍ਰਿੰਸੀਪਲ ਸੋਨੀਆ ਧਵਨ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ
ਹੁਸ਼ਿਆਰਪੁਰ ਵਿਚ ਵੀ ਵਧ ਰਹੇ ਡੇਂਗੂ ਤੇ ਚਿਕਨਗੁਨੀਆ ਦੇ ਮਰੀਜ਼
ਹੁਸ਼ਿਆਰਪੁਰ (ਘੁੰਮਣ)-ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ 'ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ' ਮੁਹਿੰਮ ਤਹਿਤ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ’ਚ ਹੁਸ਼ਿਆਰਪੁਰ ਸ਼ਹਿਰ ’ਚ ਵੱਖ-ਵੱਖ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਤਹਿਤ ਅੱਜ ਘਰ-ਘਰ ਸਰਵੇ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ’ਚ 1818 ਘਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਿਨ੍ਹਾਂ 60 ਘਰਾਂ ਦੇ ਕੰਟੇਨਰਾਂ ’ਚ ਮੱਛਰਾਂ ਦਾ ਲਾਰਵਾ ਪਾਇਆ ਗਿਆ, ਉੱਥੇ ਮੱਛਰਾਂ ਦੇ ਲਾਰਵਾ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਜਿੱਥੇ ਪਾਣੀ ਦਾ ਨਿਕਾਸ ਨਹੀਂ ਹੋ ਸਕਦਾ ਸੀ ਉੱਥੇ ਲਾਰਵੀਸਾਈਡ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ’ਚ ਡੇਂਗੂ ਦੇ 69 ਅਤੇ ਚਿਕਨਗੁਨੀਆ ਦੇ 7 ਮਾਮਲੇ ਸਾਹਮਣੇ ਆਏ ਹਨ ਪਰ ਬਰਸਾਤਾਂ ਤੋਂ ਬਾਅਦ ਹੁਣ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਅਤੇ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਡੇਂਗੂ ਬਾਰੇ ਮਿੱਥ ਅਤੇ ਤੱਥਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।
ਡੇਂਗੂ ਬਾਰੇ ਮਿੱਥ ਅਤੇ ਤੱਥ
ਮਿੱਥ-ਕੋਈ ਵੀ ਮੱਛਰ ਡੇਂਗੂ ਫੈਲਾ ਸਕਦਾ ਹੈ, ਤੱਥ-ਸਿਰਫ਼ ਏਡੀਜ਼ ਮੱਛਰ ਹੀ ਡੇਂਗੂ ਫੈਲਾ ਸਕਦੇ ਹਨ। ਮਿੱਥ-ਡੇਂਗੂ ਮੱਛਰ ਸਿਰਫ਼ ਰਾਤ ਨੂੰ ਹੀ ਕੱਟਦੇ ਹਨ, ਤੱਥ-ਏਡੀਜ਼ ਮੱਛਰ ਦਿਨ ਵੇਲੇ ਸਰਗਰਮ ਹੁੰਦੇ ਹਨ, ਖ਼ਾਸ ਕਰ ਕੇ ਸਵੇਰੇ ਅਤੇ ਦੇਰ ਸ਼ਾਮ ਵੇਲੇ ਕੱਟਦੇ ਹਨ। ਮਿੱਥ-ਡੇਂਗੂ ਸਿਰਫ਼ ਬੱਚਿਆਂ ਜਾਂ ਗੰਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਤੱਥ-ਡੇਂਗੂ ਹਰ ਉਮਰ ਅਤੇ ਸਮਾਜਿਕ-ਆਰਥਿਕ ਪਿਛੋਕੜ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਿੱਥ-ਘੱਟ ਪਲੇਟਲੇਟ ਗਿਣਤੀ ਦਾ ਮਤਲਬ ਆਪਣੇ ਆਪ ਡੇਂਗੂ ਹੈ, ਤੱਥ-ਬੇਸ਼ਕ ਡੇਂਗੂ ਦੇ ਸੰਚਾਰ ਦੇ ਮੌਸਮ ਦੇ ਦੌਰਾਨ ਪਲੇਟਲੇਟ ਘੱਟਣਾ ਡੇਂਗੂ ਦਾ ਲੱਛਣ ਹੋ ਸਕਦਾ ਹੈ, ਪਰ ਇਹ ਹੋਰ ਬੀਮਾਰੀਆਂ ਕਾਰਣ ਵੀ ਘੱਟ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ ਸਾਮਾਨ ਵੇਖ ਉੱਡੇ ਹੋਸ਼
ਮਿੱਥ-ਡੇਂਗੂ ਹਮੇਸ਼ਾ ਹਲਕੀ ਬੀਮਾਰੀ ਹੁੰਦੀ ਹੈ ਜਾਂ ਬੁਖਾਰ ਘੱਟ ਹੋਣ ਤੋਂ ਬਾਅਦ ਖਤਰਾ ਨਹੀਂ ਹੁੰਦਾ, ਤੱਥ-ਡੇਂਗੂ ਦੇ ਜ਼ਿਆਦਾਤਰ ਮਰੀਜ 1-2 ਹਫ਼ਤਿਆਂ ’ਚ ਸਹੀ ਡਾਕਟਰੀ ਸਲਾਹ ਨਾਲ ਠੀਕ ਹੋ ਜਾਂਦੇ ਹਨ ਪਰ ਕੁਝ ਮਾਮਲਿਆਂ ’ਚ ਖਾਸ ਤੌਰ ’ਤੇ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਕਰੋਨਿਕ ਬੀਮਾਰੀਆ ਜਿਵੇਂ ਹਾਈਪਰਟੈਨਸ਼ਨ ਤੇ ਡਾਇਬੀਟੀਜ਼ ਆਦਿ ਤੋਂ ਪੀੜਤ ਵਿਅਕਤੀਆਂ ਲਈ ਡੇਂਗੂ ਗੰਭੀਰ ਬੀਮਾਰੀ ਹੋ ਸਕਦੀ ਹੈ ਅਤੇ ਇਸ ਹਲਾਤ ਦੀ ਪਹਿਚਾਣ ਸਮਝਦੇ ਹੋਏ ਇਸ ਦਾ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਦਾਖਲ ਹੋ ਕੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ ਇਹ ਸ਼ੁਰੂਆਤੀ ਬੁਖਾਰ ਦੇ ਚਲੇ ਜਾਣ ਤੋਂ ਬਾਅਦ ਹੋ ਸਕਦਾ ਹੈ ਅਤੇ ਲੱਛਣਾਂ ’ਚ ਮਸੂੜਿਆਂ, ਨੱਕ ਜਾਂ ਟੱਟੀ ’ਚ ਖ਼ੂਨ ਵਗਣਾ, ਲਗਾਤਾਰ ਉਲਟੀਆਂ ਆਉਣਾ, ਬਹੁਤ ਜ਼ਿਆਦਾ ਸਾਹ ਚੜਨਾ, ਲਗਾਤਾਰ ਤੇਜ਼ ਪੇਟ ਦਰਦ, ਬਹੁਤ ਜ਼ਿਆਦਾ ਕਮਜ਼ੋਰੀ ਸ਼ਾਮਲ ਹੋ ਸਕਦੇ ਹਨ।
ਮਿੱਥ-ਮੈਨੂੰ ਇਕ ਮੱਛਰ ਨੇ ਕੱਟਿਆ ਹੈ, ਇਸ ਨਾਲ ਡੇਂਗੂ ਹੋ ਸਕਦਾ ਹੈ, ਤੱਥ-ਹਰ ਮੱਛਰ ਡੇਂਗੂ ਨਹੀਂ ਫੈਲਾਉਂਦਾ ਮੱਛਰਾਂ ਨਾਲ ਹੋਰ ਬੀਮਾਰੀਆਂ ਜਿਵੇਂ ਕਿ ਮਲੇਰੀਆ, ਚਿਕਨਗੁਨੀਆ, ਪੀਲਾ ਬੁਖਾਰ ਵੀ ਫੈਲ ਸਕਦੇ ਹਨ। ਮਿੱਥ-ਮੈਂ ਨਾਲੀਆਂ ਅਤੇ ਛੱਪੜਾਂ ਦੇ ਨੇੜੇ ਨਹੀਂ ਰਹਿੰਦਾ, ਇਸ ਲਈ ਡੇਂਗੂ ਮੱਛਰ ਮੇਰੇ ਨੇੜੇ ਨਹੀਂ ਹੋਣਗੇ, ਤੱਥ-ਏਡੀਜ਼ ਮੱਛਰ ਸਾਫ਼ ਖੜ੍ਹੇ ਪਾਣੀ ’ਚ ਪੈਦਾ ਹੁੰਦੇ ਹਨ ਜਿਵੇਂ ਘਰਾਂ, ਦੁਕਾਨਾਂ, ਦਫਤਰਾਂ, ਛੱਤਾਂ ਉੱਪਰ, ਕੂਲਰ, ਪੁਰਾਣੇ ਟਾਇਰ, ਬੋਤਲਾਂ ਆਦਿ। ਮਿੱਥ-ਡੇਂਗੂ/ਚਿਕਨਗੁਨੀਆ ਨੂੰ ਰੋਕਣ ਲਈ ਇਕੋ-ਇਕ ਤਰੀਕਾ ਸਿਰਫ਼ ਫੌਗਿੰਗ ਹੈ, ਤੱਥ-ਫੌਗਿੰਗ ਦਾ ਅਸਰ ਅਸਥਾਈ ਹੁੰਦਾ ਹੈ ਅਤੇ ਪਾਣੀ ’ਚ ਪੈਦਾ ਹੋ ਰਹੇ ਮੱਛਰਾਂ ਨੂੰ ਨਹੀਂ ਮਾਰਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ, ਕੰਟੇਨਰਾਂ ’ਚੋਂ ਪਾਣੀ ਖਾਲੀ ਕਰਨਾ, ਹਫ਼ਤੇ ’ਚ ਘੱਟੋ-ਘੱਟ ਇਕ ਵਾਰ ਸਾਫ਼ ਕਰ ਕੇ ਸੁਕਾਉਣਾ।
ਗੁਰਦਾਸਪੁਰ ਜ਼ਿਲ੍ਹੇ ’ਚ ਜਾਰੀ ਹੈ ਡੇਂਗੂ ਦਾ ਕਹਿਰ, ਹੁਣ ਤੱਕ 53 ਮਰੀਜ਼ਾਂ ਦੀ ਹੋਈ ਪੁਸ਼ਟੀ
ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਡੇਂਗੂ ਨੂੰ ਰੋਕਣ ਲਈ ਕੀਤੇ ਜਾ ਰਹੇ ਕਈ ਯਤਨਾਂ ਦੇ ਬਾਵਜੂਦ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਚਲਦਿਆਂ ਇਸ ਸੀਜ਼ਨ ਵਿਚ ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਅੰਦਰ 53 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਕੁਝ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਰ ਸਰਕਾਰੀ ਰਿਕਾਰਡ ਵਿਚ ਚਾਹੇ ਲੋਕਾਂ ਦੀ ਗਿਣਤੀ ਸ਼ਾਮਿਲ ਨਹੀਂ ਹੈ।
ਦੱਸਣਯੋਗ ਹੈ ਕਿ ਪਹਿਲਾਂ ਹੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਿਹਤ ਵਿਭਾਗ ਵੱਲੋਂ ਹਰੇਕ ਸ਼ੁਕਰਵਾਰ ਦਾ ਦਿਨ ਡੇਂਗੂ ’ਤੇ ਵਾਰ ਵਜੋਂ ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ, ਜਿਸ ਦੇ ਚਲਦਿਆਂ ਸਿਹਤ ਵਿਭਾਗ ਦੀਆਂ ਤਕਰੀਬਨ 150 ਟੀਮਾਂ ਵੱਲੋਂ ਪੂਰੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਈ ਨਾ ਸਿਰਫ਼ ਚੈਕਿੰਗ ਕੀਤੀ ਜਾਂਦੀ ਹੈ ਸਗੋਂ ਲੋਕਾਂ ਨੂੰ ਆਪਣੇ ਘਰਾਂ ਦਫ਼ਤਰਾਂ ਅਤੇ ਹੋਰ ਥਾਵਾਂ ’ਤੇ ਖੜ੍ਹੇ ਸਾਫ ਪਾਣੀ ਨੂੰ ਹਫ਼ਤੇ ਵਿਚ ਇਕ ਵਾਰ ਸੁਕਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਇਸਦੇ ਬਾਵਜੂਦ ਡੇਂਗੂ ਦਾ ਲਾਰਵਾ ਅਜੇ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਕਾਰਨ ਰੋਜ਼ਾਨਾ ਕਈ ਲੋਕ ਇਸਦੀ ਲਪੇਟ ਵਿਚ ਆ ਰਹੇ ਹਨ।
ਇਹ ਵੀ ਪੜ੍ਹੋ: 'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ, ਹੈਰਾਨ ਕਰੇਗਾ ਪੂਰਾ ਮਾਮਲਾ
ਸਭ ਤੋਂ ਵੱਧ ਅਕਤੂਬਰ ਮਹੀਨੇ ਫੈਲਦਾ ਹੈ ਡੇਂਗੂ
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਡੇਂਗੂ ਫੈਲਣ ਦਾ ਸਭ ਤੋਂ ਪੀਕ ਟਾਈਮ ਚੱਲ ਰਿਹਾ ਹੈ ਕਿਉਂਕਿ ਅਗਸਤ ਦੇ ਤੀਸਰੇ ਹਫਤੇ ਦੇ ਬਾਅਦ ਡੇਂਗੂ ਦਾ ਕਹਿਰ ਵਧਣਾ ਸ਼ੁਰੂ ਹੋ ਜਾਂਦਾ ਹੈ। ਹੁਣ ਮੌਜੂਦਾ ਮੌਸਮ ਡੇਂਗੂ ਆਉਣ ਵਾਲੇ ਮੱਛਰ ਦੇ ਵਧਣ ਲਈ ਬਹੁਤ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅੱਧ ਤੱਕ ਇਹ ਮੌਸਮ ਇਸੇ ਤਰ੍ਹਾਂ ਰਹੇਗਾ ਜਿਸ ਕਾਰਨ ਅਕਤੂਬਰ ਮਹੀਨੇ ਲੋਕਾਂ ਨੂੰ ਹੁਣ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ ਵਿਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਇੱਕਦਮ ਵਾਧਾ ਹੋਇਆ ਹੈ। ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਪੂਰੀ ਬਾਂਹ ਦੇ ਕੱਪੜੇ ਪਹਿਨ ਕੇ ਰੱਖਣ ਅਤੇ ਮੱਛਰ ਤੋਂ ਬਚਾਅ ਲਈ ਹਰ ਸੰਭਵ ਯਤਨ ਕਰਨ। ਇਸ ਦੇ ਨਾਲ ਹੀ ਆਪਣੇ ਘਰਾਂ ਦੇ ਅੰਦਰ ਗਮਲਿਆਂ, ਫਰਿਜਾਂ ਦੀਆਂ ਖਾਲੀ ਪਏ ਹੋਰ ਸਮਾਨ ਟਾਇਰਾਂ, ਕੂਲਰਾਂ ਆਦਿ ਵਿੱਚੋਂ ਪਾਣੀ ਨੂੰ ਜਰੂਰ ਸੁਕਾ ਦੇਣ। ਉਹਨਾਂ ਕਿਹਾ ਕਿ ਡੇਂਗੂ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਜੇਕਰ ਪਾਣੀ ਸੁਕਾ ਦਿੱਤਾ ਜਾਵੇ ਤਾਂ ਇਸ ਦਾ ਲਾਰਵਾ ਖਤਮ ਹੋ ਜਾਂਦਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਇਕੋ ਦਿਨ ਵਿਚ ਕੀਤੀ 6428 ਘਰਾਂ ਵਿਚ ਚੈਕਿੰਗ
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਅਤੇ ਜ਼ਿਲਾ ਐਪੀਡਿਮਾਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਇਕੋ ਦਿਨ ਜ਼ਿਲੇ ਅੰਦਰ 6428 ਘਰਾਂ ਵਿਚ ਚੈਕਿੰਗ ਕੀਤੀ ਹੈ। ਜਿਸ ਦੌਰਾਨ 71 ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਵਿਚ ਹੁਣ ਤੱਕ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ 6,21,479 ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿਚੋਂ 3145 ਥਾਵਾਂ ’ਤੇ ਲਾਰਵਾ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਚੈਕਿੰਗ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜਿਹੜੀਆਂ ਥਾਵਾਂ ’ਤੇ ਲਾਰਵਾ ਮਿਲੇਗਾ ਉਥੇ ਨਿਯਮਾਂ ਅਨੁਸਾਰ ਚਲਾਨ ਵੀ ਕੱਟਿਆ ਜਾਵੇਗਾ ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਚੌਕ 'ਚ ਭਖਿਆ ਮਾਹੌਲ! ਲੱਗ ਗਿਆ ਧਰਨਾ, ਭਾਰੀ ਪੁਲਸ ਫੋਰਸ ਤਾਇਨਾਤ
ਕੀ ਹਨ ਡੇਂਗੂ ਦੇ ਲੱਛਣ?
ਉਨ੍ਹਾਂ ਦੱਸਿਆ ਕਿ ਡੇਂਗੂ ਨਾਲ ਮਰੀਜ਼ ਨੂੰ ਤੇਜ ਬੁਖਾਰ ਹੁੰਦਾ ਹੈ। ਮਾਸਪੇਸ਼ੀਆਂ ਅਤੇ ਅੱਖਾਂ ਦੇ ਪਿਛਲੇ ਪਾਸੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨੱਕ ਤੇ ਮੂੰਹ ਵਿਚੋਂ ਖ਼ੂਨ ਵੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ’ਤੇ ਨਿਸ਼ਾਨ ਪੈ ਜਾਂਦੇ ਹਨ। ਇਸ ਲਈ ਜੇਕਰ ਕਿਸੇ ਮਰੀਜ਼ ਨੂੰ ਅਜਿਹੀਆਂ ਸਰੀਰਕ ਸਮੱਸਿਆਵਾਂ ਹੋਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਸੰਪਰਕ ਕੀਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਲੱਗੀਆਂ ਸਖ਼ਤ ਪਾਬੰਦੀਆਂ! ਵਾਹਨ ਚਲਾਉਣ ਵਾਲੇ ਹੋ ਜਾਣ ALERT
NEXT STORY