ਜਲੰਧਰ - ਵੱਖ-ਵੱਖ ਧਰਮਾਂ ਦੇ ਮੋਢੀਆਂ ਵਿਚਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ-ਧਰਮ ਦੇ ਮੋਢੀ ਤਾਂ ਹਨ ਪਰ ਉਨ੍ਹਾਂ ਦਾ ਸਥਾਨ ਬਾਕੀ ਧਰਮਾਂ ਦੇ ਮੋਢੀਆਂ ਵਰਗਾ ਨਹੀਂ ਹੈ। ਕਿਸੇ ਵੀ ਧਰਮ ਦਾ ਮੋਢੀ, ਜਨਮ ਤੋਂ ਹੀ ਧਰਮ ਦਾ ਮੋਢੀ ਹੁੰਦਾ ਰਿਹਾ ਹੈ ਪਰ ਸ੍ਰੀ ਗੁਰੂ ਨਾਨਕ ਜੀ ਨੇ ਆਪਣੇ ਆਪ ਨੂੰ ਜਨਮ ਤੋਂ ਗੁਰੂ ਨਹੀਂ ਐਲਾਨਿਆ ਸੀ। ਉਹ ਤਾਂ ਆਮ ਬੰਦੇ ਵਾਂਗ 30 ਸਾਲਾਂ ਦੀ ਉਮਰ ਤੱਕ ਲੋਕਾਂ ਵਿਚਕਾਰ ਵਿਚਰਦੇ ਰਹੇ ਸਨ ਅਤੇ ਆਮ ਬੰਦੇ ਵਾਗ ਹੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦੇ ਰਹੇ ਸਨ। ਇਹ ਠੀਕ ਹੈ ਕਿ ਉਹ ਆਮ ਬਾਲਕਾਂ ਨਾਲੋਂ ਜਨਮ ਤੋਂ ਕਾਫੀ ਵੱਖਰੇ ਸਨ ਅਤੇ ਇਸ ਨਾਲ ਲੱਗਣ ਲੱਗ ਪਿਆ ਸੀ ਕਿ ਉਹ ਪਰਮਾਤਮਾ ਦੇ ਵਰੋਸਾਏ ਹੋਏ ਵਿਅਕਤੀ ਹਨ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਉਨ੍ਹਾਂ ਦੇ ਫਕੀਰੀ ਸੁਭਾਅ ਨਾਲ ਖੁਸ਼ ਨਹੀਂ ਸਨ ਅਤੇ ਕਿਸੇ ਵੀ ਬਾਪ ਵਾਂਗ ਆਪਣੇ ਪੁੱਤਰ ਨਾਨਕ ਨੂੰ ਸਮਾਜ 'ਚ ਸਫਲ ਇਨਸਾਨ ਵਾਂਗ ਪਰਵਾਨ ਹੁੰਦਾ ਵੇਖਣਾ ਚਾਹੁੰਦੇ ਸਨ। ਇਸ ਵਾਸਤੇ ਉਨ੍ਹਾਂ ਨੇ ਜਿੰਨੇ ਵੀ ਯਤਨ ਕੀਤੇ, ਉਨ੍ਹਾਂ ਨਾਲ ਨਿਭਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਫਕੀਰੀ ਸੁਭਾਅ ਨੂੰ ਪਹਿਲ ਦਿੰਦੇ ਰਹੇ ਸਨ। ਇਹ ਠੀਕ ਹੈ ਕਿ ਕੰਮ ਕਾਰ ਕਰਦਿਆਂ ਉਨ੍ਹਾਂ ਦੀ ਸੁਰਤ ਕਿਧਰੇ ਹੋਰ ਲੱਗੀ ਰਹਿੰਦੀ ਸੀ। ਉਨ੍ਹਾਂ ਦੇ ਇਸ ਸੁਭਾਅ ਦਾ ਮਾਪਿਆਂ ਨੂੰ ਫਿਕਰ ਵੀ ਹੋਇਆ ਸੀ ਅਤੇ ਮਾਪਿਆਂ ਨੇ ਵੈਦ ਨੂੰ ਬੁਲਾ ਕੇ ਇਲਾਜ ਕਰਵਾਉਣਾ ਚਾਹਿਆ ਸੀ।
ਵੈਦ ਨਾਲ ਗੱਲਬਾਤ ਕਰਦਿਆਂ ਗੁਰੂ ਜੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਿਸ ਬੀਮਾਰੀ ਨੂੰ ਲੱਭਣ ਦੀ ਕੋਸ਼ਿਸ਼ ਵੈਦ ਜੀ ਕਰ ਰਹੇ ਹਨ, ਉਸ ਨਾਲ ਕੋਈ ਫਰਕ ਨਹੀਂ ਪੈਣਾ, ਕਿਉਂਕਿ ਕਥਿਤ ਬੀਮਾਰੀ ਤਾਂ ਸਰੀਰ ਨਾਲ ਨਹੀਂ, ਰੂਹ ਨਾਲ ਜੁੜੀ ਹੋਈ ਹੈ। ਇਹੋ ਹਾਲ ਗੁਰੂ ਜੀ ਦਾ ਸਕੂਲ 'ਚ ਆਪਣੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਹੋਇਆ ਸੀ। ਗੁਰੂ ਜੀ ਨੇ ਸਵਾਲ ਪੈਦਾ ਕਰ ਦਿੱਤਾ ਸੀ ਕਿ ਜਿਹੜੀ ਵਿੱਦਿਆ ਦਿੱਤੀ ਜਾ ਰਹੀ ਹੈ, ਇਹ ਤਾਂ ਉਹ ਵਿੱਦਿਆ ਨਹੀਂ ਹੈ, ਜਿਸ ਨਾਲ ਰੂਹਾਂ ਰੌਸ਼ਨ ਹੁੰਦੀਆਂ ਹਨ। ਇਹੀ ਹਾਲ ਧਾਰਮਿਕ ਰਸਮਾਂ ਪੂਰੀਆਂ ਕਰਨ ਵਾਲੇ ਪੰਡਤ ਦਾ ਹੋਇਆ ਸੀ ਕਿਉਂਕਿ ਗੁਰੂ ਜੀ ਨੇ ਪੁੱਛ ਲਿਆ ਸੀ ਕਿ ਜੋ ਜਨੇਊ ਪਾਉਣ ਦੀ ਰਸਮ ਕੀਤੀ ਜਾ ਰਹੀ ਹੈ, ਇਹ ਤਾਂ ਉਹ ਜਨੇਊ ਨਹੀਂ ਹੈ, ਜਿਸ ਦਾ ਸਬੰਧ ਜਤੀ-ਸਤੀ ਹੋ ਸਕਣ ਨਾਲ ਜੁੜਿਆ ਹੋਇਆ ਹੈ। ਇਸ ਨਾਲ ਇਹ ਸੱਚਾਈ ਸਾਹਮਣੇ ਆ ਜਾਂਦੀ ਹੈ ਕਿ ਇਹ ਸਾਰੀਆਂ ਗੱਲਾਂ ਗੁਰੂ ਜੀ ਵਲੋਂ ਆਮ ਆਦਮੀ ਵਾਂਗ ਕੀਤੀਆਂ ਜਾ ਰਹੀਆਂ ਸਨ ਅਤੇ ਇਨ੍ਹਾਂ ਸਭ ਗੱਲਾਂ ਨਾਲ ਨਿਭਦਿਆਂ ਉਨ੍ਹਾਂ ਨੂੰ ਨਾ ਕਿਸੇ ਨੇ ਗੁਰੂ ਮੰਨਿਆ ਸੀ ਅਤੇ ਨਾ ਹੀ ਉਨ੍ਹਾਂ ਨੇ ਆਪ ਗੁਰੂ ਹੋਣ ਦਾ ਦਾਅਵਾ ਕੀਤਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਰਾਹੀਂ ਬਚਪਨ ਤੋਂ ਹੀ ਇਹੋ ਜਿਹੀਆਂ ਨਿਸ਼ਾਨੀਆਂ ਸਾਹਮਣੇ ਆਉਣ ਲੱਗ ਪਈਆਂ ਸਨ, ਜਿਨ੍ਹਾਂ ਤੋਂ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਬਾਲਕ ਨਾਨਕ ਕੁਝ ਨਵਾਂ ਤੇ ਵੱਖਰਾ ਕਰਨ ਵਾਲਾ ਹੈ। ਇਹ ਸਾਰੇ ਗੁਣ ਵੇਖ ਸਕਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਹੁਣ ਤਾਂ ਮੰਨਿਆ ਜਾਣ ਲੱਗ ਪਿਆ ਹੈ ਕਿ ਗੁਰੂ ਜੀ ਨੂੰ ਸਮੇਂ ਦੇ ਹਾਕਮ ਨੇ ਪਛਾਣ ਲਿਆ ਸੀ ਜਾਂ ਉਨ੍ਹਾਂ ਦੀ ਭੈਣ ਨੇ ਪਛਾਣ ਲਿਆ ਸੀ ਪਰ ਸੱਚ ਇਹੀ ਲੱਗਦਾ ਹੈ ਕਿ ਗੁਰੂ ਜੀ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਕਰਕੇ ਉਨ੍ਹਾਂ ਦੇ ਕਦਰਦਾਨ ਤਾਂ ਸਾਹਮਣੇ ਆਉਣ ਲੱਗ ਪਏ ਸਨ ਪਰ ਉਨ੍ਹਾਂ ਨੂੰ ਸਮਝਣ ਤੇ ਪ੍ਰਗਟ ਕਰਨ ਵਾਲਾ ਕੋਈ ਵੀ ਸਾਹਮਣੇ ਨਹੀਂ ਆਇਆ ਸੀ। ਗੁਰੂ ਜੀ ਵੀ ਆਮ ਆਦਮੀ ਵਾਂਗ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਈ ਜਾ ਰਹੇ ਸਨ। ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਦੋ ਪੁੱਤਰ ਵੀ ਪੈਦਾ ਹੋਏ ਸਨ। ਉਨ੍ਹਾਂ ਨੇ ਪਰਿਵਾਰ ਵਾਸਤੇ ਲੋੜੀਂਦੇ ਸਾਧਨ ਪੈਦਾ ਕਰਨ ਵਾਸਤੇ ਨੌਕਰੀ ਵੀ ਕੀਤੀ ਸੀ। ਨੌਕਰੀ ਕਰਦਿਆਂ ਸੁਲਤਾਨਪੁਰ ਵਿਖੇ ਉਹ ਤਿੰਨ ਦਿਨਾਂ ਵਾਸਤੇ ਲੋਕਾਂ ਦੀਆਂ ਨਜ਼ਰਾਂ ਤੋਂ ਅਚਾਨਕ ਓਹਲੇ ਹੋ ਗਏ ਸਨ। ਇਸ ਨੂੰ ਵੀ ਉਨ੍ਹਾਂ ਦੇ ਨੇੜਲਿਆਂ ਨੇ ਗੁਰੂ ਜੀ ਦੇ ਸੁਭਾਅ ਮੁਤਾਬਿਕ ਤਾਂ ਲਿਆ ਸੀ ਪਰ ਉਨ੍ਹਾਂ ਦੀ ਅਧਿਆਤਮਿਕਤਾ ਕਰਕੇ ਨਹੀਂ ਲਿਆ ਸੀ। ਤਿੰਨ ਦਿਨ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿਣ ਤੋਂ ਪਿੱਛੋਂ ਜਦੋਂ ਉਹ ਸਭ ਦੇ ਸਾਹਮਣੇ ਆਏ ਸਨ ਤਾਂ ਉਨ੍ਹਾਂ ਨੇ ਇੰਨਾ ਹੀ ਕਿਹਾ ਸੀ –''ਨਾ ਕੋ ਹਿੰਦੂ ਨਾ ਮੁਸਲਮਾਨ''।
ਇਹ ਐਲਾਨ ਉਨ੍ਹਾਂ ਨੇ 1499 ਵਿਚ ਕੀਤਾ ਸੀ ਅਤੇ ਉਸ ਵੇਲੇ ਉਹ 30 ਸਾਲਾਂ ਦੇ ਹੋ ਗਏ ਸਨ। ਇਸ ਨੂੰ ''ਵੇਈਂ ਨਦੀ ਪਰਵੇਸ਼'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਐਲਾਨ ਨਾਲ ਹੀ ਸਿੱਖ-ਧਰਮ ਦੀ ਨੀਂਹ ਰੱਖੀ ਗਈ ਸੀ। ਇਸ ਨਾਲ ਇਹ ਤੈਅ ਹੋ ਗਿਆ ਸੀ ਕਿ ਸਿੱਖ-ਧਰਮ ਵਿਚ ਧਰਮ ਨੂੰ ਜਨਮ ਤੋਂ ਨਹੀਂ ਮੰਨਿਆ ਜਾਵੇਗਾ ਕਿਉਂਕਿ ਧਰਮ ਜਨਮ ਤੋਂ ਨਹੀਂ ਕਰਮ ਤੋਂ ਹੋਣਾ ਚਾਹੀਦਾ ਹੈ। ਇਸ ਵੇਲੇ ਇਹ ਸਮਝਣਾ ਸੌਖਾ ਹੋ ਗਿਆ ਹੈ ਕਿ ਇਨਸਾਨ ਦਾ ਜਨਮ ਸੱਭਿਆਚਾਰ ਵਿਚ ਹੁੰਦਾ ਹੈ ਅਤੇ ਧਰਮ ਨੂੰ ਜਨਮ ਤੋਂ ਪਿੱਛੋਂ ਧਾਰਨ ਕਰਨਾ ਪੈਂਦਾ ਹੈ। ਸਿੱਖ ਭਾਈਚਾਰੇ ਵਿਚ ਵੀ ਬੱਚੇ ਨੂੰ ਗੁਰੂ ਦੇ ਅੰਗ ਲਾਉਣ ਦਾ ਸੱਭਿਆਚਾਰ ਕਾਇਮ ਸੀ ਅਤੇ ਇਹ ਧਰਮ ਨੂੰ ਧਾਰਨ ਕਰਨਾ ਹੀ ਸੀ। ਅੰਮ੍ਰਿਤ ਛਕਾਉਣ ਦੀ ਰਸਮ ਵੀ ਇਸੇ ਨਾਲ ਜੁੜੀ ਹੋਈ ਹੈ ਪਰ 1499 ਈ. ਵਿਚ ਤਾਂ ਧਰਮ ਨੂੰ ਜਨਮ ਤੋਂ ਪਰਵਾਨ ਕਰ ਕੇ ਸਮਾਜਿਕ ਵੰਡੀਆਂ ਆਮ ਹੀ ਪਈਆਂ ਹੋਈਆਂ ਸਨ। ਜਨਮ ਤੋਂ ਜਾਤਾਂ ਨੂੰ ਮਾਨਤਾ ਵੀ ਮਿਲੀ ਹੋਈ ਸੀ ਅਤੇ ਇਸੇ ਨੂੰ ਧਰਮ ਦਾ ਹਿੱਸਾ ਸਮਝਿਆ ਜਾ ਰਿਹਾ ਸੀ। ਇਹੋ ਜਿਹੀ ਹਾਲਤ ਵਿਚ ਗੁਰੂ ਜੀ ਨੇ ਜਨਮ ਤੋਂ ਹਿੰਦੂ ਜਾਂ ਮੁਸਲਮਾਨ ਹੋਣ ਨੂੰ ਮਾਨਤਾ ਨਾ ਦੇ ਕੇ ਨਵੇਂ ਧਰਮ ਦੀ ਨੀਂਹ ਰੱਖ ਦਿੱਤੀ ਸੀ। ਇਸੇ ਦੇ ਪ੍ਰਚਾਰ ਪਰਸਾਰ ਲਈ ਚਾਰ ਉਦਾਸੀਆਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਉਦਾਸੀਆਂ ਵਿਚਕਾਰ ਹੀ ਉਹ ਸਾਰੀਆਂ ਸਿੱਖਿਆਵਾਂ ਸਾਹਮਣੇ ਆ ਗਈਆਂ ਸਨ, ਜਿਨ੍ਹਾਂ ਦਾ ਆਧਾਰ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਏ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਾਲ 2019 ਵਿਚ ਇਹ ਸਮਝੇ ਜਾਣ ਦੀ ਲੋੜ ਹੈ ਕਿ ਜੋ ਕੋਈ ਗੁਰੂ ਦੇ ਅੰਗ ਸੰਗ ਰਹਿਣਾ ਚਾਹੁੰਦਾ ਹੈ, ਉਸ ਨੂੰ ਬਾਣੀ ਰਾਹੀਂ ਗੁਰੂ ਨੂੰ ਅੰਗ ਸੰਗ ਰੱਖਣਾ ਪਵੇਗਾ। ਇਸ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਮਝ ਸਕਾਂਗੇ ਕਿ ਗੁਰੂ ਜੀ ਨੇ ਧਰਮ ਨੂੰ ਸੌਖਿਆਂ ਸਮਝਣ ਦਾ ਨਾਮ ਹੀ ਸਿੱਖੀ ਰੱਖਿਆ ਸੀ। ਇਹ ਸੌਖ, ਪ੍ਰਾਪਤ ਨਾਲ ਨਿਭਦਿਆਂ ਸਹਿਜ ਸਥਾਪਤ ਕਰ ਲੈਣ/ਸਕਣ ਦੀ ਹੈ। ਇਸੇ ਨਾਲ ਨਿਭਦਿਆਂ ਸਿਮਰਨ ਦੁਆਰਾ ਆਪਣੇ ਆਪ ਨੂੰ ਧਰਮ ਦੀ ਸੁਰ ਵਿਚ ਸੰਭਾਲਿਆ ਜਾ ਸਕਦਾ ਹੈ। ਸਿਮਰਨ ਦਾ ਗੁਰਮਤਿ ਪ੍ਰਸੰਗ ਤੋਤਾ ਰਟਣੀ ਵੀ ਨਹੀਂ ਹੈ ਅਤੇ ਮੰਤਵ ਪੂਰਤੀ ਲਈ ਮੰਤਰ ਵੀ ਨਹੀਂ ਹੈ। ਸਿਮਰਨ ਤਾਂ ਸੁਰਤਿ ਨੂੰ ਸ਼ਬਦ ਨਾਲ ਜੋੜਨਾ ਹੈ ਅਤੇ ਇਸ ਤਰ੍ਹਾਂ ਪੈਦਾ ਹੋਈ ਮਾਨਸਿਕਤਾ, ਸੁਜੱਗ-ਵਚਨਬੱਧਤਾ ਹੋ ਸਕਦੀ ਹੈ।
ਡਾ. ਬਲਕਾਰ ਸਿੰਘ
9316301328
ਦੁਬਈ ਤੋਂ ਚੰਡੀਗੜ੍ਹ ਆਈ ਫਲਾਈਟ 'ਚੋਂ 97.40 ਲੱਖ ਦਾ ਸੋਨਾ ਬਰਾਮਦ
NEXT STORY