ਅੰਮ੍ਰਿਤਸਰ(ਜ.ਬ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਲਾਜ਼ਾ 'ਚ ਵਿਭਾਗ ਵੱਲੋਂ ਬਣਾਏ ਗਏ ਮਿਊਜ਼ੀਅਮ ਦੇ ਮੁਲਾਜ਼ਮਾਂ ਦੀ ਤਨਖਾਹ ਨਾ ਮਿਲਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਮਿਊਜ਼ੀਅਮ 'ਚ ਟੂਰਿਸਟ ਵਿਭਾਗ ਦੇ ਉੱਦਮਾਂ ਸਦਕਾ ਮਲਟੀ ਮੀਡੀਆ ਤਕਨੀਕ ਰਾਹੀਂ 4 ਵਿਕਸਿਤ ਗੈਲਰੀਆਂ 'ਚ ਸਿੱਖ ਧਰਮ ਦੀ ਮੂਲ ਬੁਨਿਆਦ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰਲੀ ਪਵਿੱਤਰ ਮਰਿਆਦਾ ਤੇ ਇਤਹਾਸ ਦੇ ਦਰਸ਼ਨ ਕਰਵਾਏ ਜਾਂਦੇ ਹਨ ਅਤੇ ਦੂਰ-ਦੁਰਾਡਿਓਂ ਆਉਂਦੀਆਂ ਸੰਗਤਾਂ ਇਸ ਨੂੰ ਦੇਖ ਕੇ ਵੱਡਮੁੱਲੀ ਜਾਣਕਾਰੀ ਹਾਸਲ ਕਰਦੀਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੜਤਾਲੀ ਮੁਲਾਜ਼ਮਾਂ ਦੇ ਬੁਲਾਰੇ ਰੇਨੂ ਬਾਲਾ, ਅੰਗਰੇਜ਼ ਸਿੰਘ ਅਤੇ ਨਿਤਿਨ ਨੇ ਕਿਹਾ ਕਿ ਟੂਰਿਜ਼ਮ ਵਿਭਾਗ ਵੱਲੋਂ ਮਿਊਜ਼ੀਅਮ ਦਾ ਠੇਕਾ ਬੀ. ਵੀ. ਜੀ. ਕੰਪਨੀ ਨੂੰ ਦਿੱਤਾ ਗਿਆ ਹੈ ਪਰ 120 ਦੇ ਕਰੀਬ ਜੋ ਕੰਟਰੈਕਟ ਬੇਸ 'ਤੇ ਵੱਖ-ਵੱਖ ਪੋਸਟਾਂ 'ਤੇ ਮੁਲਾਜ਼ਮ ਰੱਖੇ ਗਏ ਹਨ, ਉਨ੍ਹਾਂ ਨੂੰ ਤਕਰੀਬਨ 2 ਮਹੀਨੇ 17 ਦਿਨਾਂ ਤੋਂ ਤਨਖਾਹ ਨਹੀਂ ਦਿੱਤੀ ਗਈ। ਕਈ ਵਾਰ ਉੱਚ ਅਧਿਕਾਰੀਆਂ ਤੱਕ ਆਵਾਜ਼ ਉਠਾਈ ਗਈ ਪਰ ਹੁਣ ਤੱਕ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਕੰਪਨੀ ਵੱਲੋਂ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕੰਪਨੀ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਕੰਟਰੈਕਟ ਅਨੁਸਾਰ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਰਲੇ ਹੋਏ ਹਨ, ਕੋਈ ਵੀ ਸਾਡੀ ਸਪੋਰਟ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਵੱਲੋਂ ਸਾਨੂੰ ਪੁਲਸ ਵੱਲੋਂ ਲਾਠੀਚਾਰਜ ਕਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ ਪਰ ਜਦ ਤੱਕ ਸਾਨੂੰ 2 ਮਹੀਨੇ ਦੀ ਪੂਰੀ ਤਨਖਾਹ ਨਹੀਂ ਮਿਲ ਜਾਂਦੀ, ਅਸੀਂ ਹੜਤਾਲ ਲਗਾਤਾਰ ਜਾਰੀ ਰੱਖਾਂਗੇ, ਚਾਹੇ ਸਾਨੂੰ ਕੋਈ ਨੌਕਰੀ ਤੋਂ ਹੀ ਕਿਉਂ ਨਾ ਕੱਢ ਦੇਵੇ। ਪਲਾਜ਼ਾ ਬੰਦ ਹੋਣ ਕਾਰਨ ਸੰਗਤਾਂ ਅੱਜ ਫਿਰ ਬਿਨਾਂ ਮਿਊਜ਼ੀਅਮ ਦੇਖੇ ਵਾਪਸ ਜਾਂਦੀਆਂ ਰਹੀਆਂ।
ਤਨਖਾਹ ਅੱਜ ਹੀ ਮਿਲ ਜਾਵੇਗੀ
ਇਸ ਬਾਰੇ ਜਦ ਬੀ. ਵੀ. ਜੀ. ਕੰਪਨੀ ਦੇ ਪ੍ਰਾਜੈਕਟ ਮੈਨੇਜਰ ਚਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹ ਅੱਜ ਹੀ ਮਿਲ ਜਾਵੇਗੀ। ਉਨ੍ਹਾਂ ਮੁਲਾਜ਼ਮਾਂ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਹੈ। ਹਾਂ, ਤਨਖਾਹ 'ਚੋਂ ਮੁਲਾਜ਼ਮਾਂ ਦਾ ਪੀ. ਐੱਫ. ਅਤੇ ਈ. ਐੱਸ. ਆਈ. ਕੱਟੀ ਜਾਂਦੀ ਹੈ। ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਸੇ ਨੂੰ ਵੀ ਪੁਲਸ ਲਾਠੀਚਾਰਜ ਦੀ ਕੋਈ ਧਮਕੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਕੰਪਨੀ ਦੇ ਪਰਿਵਾਰ ਦਾ ਇਕ ਹਿੱਸਾ ਹਨ ਤੇ ਉਨ੍ਹਾਂ ਦੀ ਹਰ ਗੱਲ ਹਮਦਰਦੀ ਨਾਲ ਸੁਣ ਕੇ ਯੋਗ ਹੱਲ ਕੱਢਿਆ ਜਾਂਦਾ ਹੈ।
ਬਿਊਟੀਫੁੱਲ ਟਰੈਪ: ਖੂਬਸੂਰਤੀ ਨਾਲ ਲੋਕਾਂ ਨੂੰ ਫਸਾ ਕੇ ਇਨ੍ਹਾਂ ਮਹਿਲਾਵਾਂ ਨੇ ਮਾਰੀ ਲੱਖਾਂ ਦੀ ਠੱਗੀ
NEXT STORY