ਕਿਸ਼ਨਗੜ੍ਹ, (ਬੈਂਸ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਅੱਡਾ ਬੱਲਾਂ ਸਰਮਸਤਪੁਰ ਚੌਕ 'ਚ ਬੀਤੀ ਰਾਤ ਕਰੀਬ 7.45 ਵਜੇ ਇਕ ਰੇਤਾ-ਬੱਜਰੀ ਨਾਲ ਭਰੇ ਟਿੱਪਰ ਟਰਾਲੇ ਤੇ ਪੱਠਿਆਂ ਦੀ ਭਰੀ ਟਰਾਲੀ 'ਚ ਟੱਕਰ ਹੋ ਜਾਣ ਨਾਲ ਟਰਾਲੀ 'ਤੇ ਬੈਠੀ ਲੇਬਰ ਦੇ ਕੁਝ ਮਜ਼ਦੂਰ ਮਾਮੂਲੀ ਜ਼ਖਮੀ ਹੋ ਜਾਣ ਅਤੇ ਉਕਤ ਘਟਨਾ ਉਪਰੰਤ ਟਿੱਪਰ ਟਰਾਲਾ ਚਾਲਕ ਦੇ ਮੌਕੇ ਤੋਂ ਫਰਾਰ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਲਾਂ ਦੇ ਕਿਸਾਨ ਜਸਕਰਨ ਸਿੰਘ ਹੋਠੀ ਦਾ ਟਰੈਕਟਰ ਡਰਾਈਵਰ ਆਪਣੀ ਲੇਬਰ ਨਾਲ ਟਰੈਕਟਰ-ਟਰਾਲੀ 'ਤੇ ਪੱਠੇ ਲੈ ਕੇ ਰਾਏਪੁਰ ਵੱਲੋਂ ਬੱਲਾਂ ਵੱਲ ਨੂੰ ਆ ਰਿਹਾ ਸੀ। ਉਸ ਦੇ ਪਿੱਛੇ ਇਕ ਟਿੱਪਰ ਟਰਾਲਾ ਜਿਸ ਵਿਚ ਰੇਤਾ-ਬੱਜਰੀ ਲੱਦੀ ਹੋਈ ਸੀ, ਦਾ ਚਾਲਕ ਬੜੀ ਤੇਜ਼ੀ ਨਾਲ ਆ ਰਿਹਾ ਸੀ। ਜਦੋਂ ਟਰੈਕਟਰ ਚਾਲਕ ਬੱਲਾਂ ਚੌਕ ਤੋਂ ਸਰਮਸਤਪੁਰ ਵੱਲ ਮੁੜ ਰਿਹਾ ਸੀ ਤਦ ਟਿੱਪਰ ਟਰਾਲਾ ਚਾਲਕ ਦਾ ਸੰਤੁਲਨ ਵਿਗੜ ਜਾਣ ਕਰਕੇ ਟਿੱਪਰ ਟਰਾਲੇ ਤੇ ਟਰੈਕਟਰ-ਟਰਾਲੀ 'ਚ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਟਿੱਪਰ ਟਰਾਲਾ ਤੇ ਟਰੈਕਟਰ-ਟਰਾਲੀ ਦੋਵੇਂ ਹਾਈਵੇ 'ਤੇ ਪਲਟ ਗਏ। ਸਥਾਨਕ ਲੋਕਾਂ ਵੱਲੋਂ ਟਰੈਕਟਰ-ਟਰਾਲੀ ਵਿਚ ਬੈਠੀ ਲੇਬਰ ਦੇ ਮਜ਼ਦੂਰ ਜੋ ਮਾਮੂਲੀ ਜ਼ਖਮੀ ਹੋ ਗਏ ਸਨ, ਨੂੰ ਨਜ਼ਦੀਕੀ ਮੈਡੀਕਲ ਸਟੋਰ ਤੋਂ ਮੱਲ੍ਹਮ ਪੱਟੀ ਕਰਵਾਈ ਗਈ।
ਸਥਾਨਕ ਲੋਕਾਂ ਵੱਲੋਂ ਉਕਤ ਘਟਨਾ ਦੀ ਸੂਚਨਾ ਮਕਸੂਦਾਂ ਥਾਣੇ ਨੂੰ ਦਿੱਤੀ ਗਈ। ਹਾਈਵੇ 'ਤੇ ਟਿੱਪਰ ਟਰਾਲਾ ਤੇ ਟਰੈਕਟਰ-ਟਰਾਲੀ ਪਲਟਣ ਕਰਕੇ ਕੁਝ ਚਿਰ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਮਕਸੂਦਾਂ ਥਾਣੇ ਤੋਂ ਪਹਿਲਾਂ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਵੱਲੋਂ ਚੌਲਾਂਗ ਨੇੜਿਓਂ ਪਹੁੰਚ ਕੇ ਕੁਝ ਹੱਦ ਤਕ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਖਬਰ ਲਿਖੇ ਜਾਣ ਤੱਕ ਦੋਵੇਂ ਨੁਕਸਾਨੇ ਗਏ ਵਾਹਨ ਹਾਈਵੇ 'ਤੇ ਪਲਟੇ ਪਏ ਸਨ। ਟਰੈਕਟਰ-ਟਰਾਲੀ ਦੇ ਮਾਲਕ ਮਕਸੂਦਾਂ ਪੁਲਸ ਦਾ ਇੰਤਜ਼ਾਰ ਕਰ ਰਹੇ ਸਨ, ਜਦਕਿ ਟਿੱਪਰ ਟਰਾਲਾ ਚਾਲਕ ਮੌਕੇ ਤੋਂ ਫਰਾਰ ਸੀ।
ਘਰ 'ਚੋਂ ਨਕਦੀ ਤੇ ਗਹਿਣੇ ਚੋਰੀ, ਮਾਮਲਾ ਦਰਜ
NEXT STORY