ਰੂਪਨਗਰ, (ਕੈਲਾਸ਼)- ਸ਼ਹਿਰ ਦੇ ਬੇਲਾ ਚੌਕ ਸਥਿਤ ਗੈਸ ਏਜੰਸੀ ਦੇ ਨਾਲ ਲੱਗਦੀ ਗਲੀ ਵਿਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਗੁੱਛੇ ਲੋਕਾਂ ਲਈ ਖਤਰਾ ਪੈਦਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਲੀ ਵਿਚ ਰਹਿੰਦੇ ਬ੍ਰਿਜ ਮੋਹਨ, ਚੰਚਲ ਕੁਮਾਰ, ਬੱਬੂ, ਆਫਤਾਬ, ਰਾਕੇਸ਼ ਕੁਮਾਰ ਆਦਿ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਜਦੋਂ ਲੋਕ ਛਤਰੀਆਂ ਲੈ ਕੇ ਨਿਕਲਦੇ ਹਨ ਤਾਂ ਛਤਰੀ ਦਾ ਇਕ ਸਿਰਾ ਤਾਰਾਂ ਨਾਲ ਟਕਰਾਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਉਕਤ ਲਟਕ ਰਹੀਆਂ ਤਾਰਾਂ ਦੇ ਜੋਡ਼ ਵੀ ਨੰਗੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪ੍ਰੋਗਰਾਮ ਲਈ ਗਲੀ ਵਿਚ ਕੋਈ ਟੈਂਟ ਆਦਿ ਲਗਾਉਣਾ ਹੋਵੇ ਤਾਂ ਇਹ ਤਾਰਾਂ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਬਿਜਲੀ ਵਿਭਾਗ ਬਿਜਲੀ ਦੀਆਂ ਤਾਰਾਂ ਦੀ ਮੈਂਟੀਨੈਂਸ ਦੇ ਅਧੀਨ ਲੰਬੇ-ਲੰਬੇ ਕੱਟ ਲਗਾਉਂਦਾ ਹੈ ਪਰ ਜੋ ਗਲੀਆਂ ਵਿਚ ਅਸੁਰੱਖਿਅਤ ਤਰੀਕੇ ਨਾਲ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ ਵੱਲ ਵਿਭਾਗ ਦਾ ਕੋਈ ਧਿਆਨ ਨਹੀਂ ਹੈ।
ਕੀ ਕਹਿੰਦੇ ਹਨ ਵਾਰਡ ਦੇ ਐੱਮ. ਸੀ.
ਵਾਰਡ ਦੇ ਕੌਂਸਲਰ ਹਰਮਿੰਦਰਪਾਲ ਵਾਲੀਆ ਨੇ ਕਿਹਾ ਕਿ ਉਕਤ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੁਣ ਆਈ ਹੈ। ਇਸ ਲਈ ਜਲਦ ਹੀ ਸਬੰਧਤ ਵਿਭਾਗ ਦੇ ਜੇ. ਈ. ਨਾਲ ਸੰਪਰਕ ਕਰ ਕੇ ਸਮੱਸਿਆ ਦਾ ਹੱਲ ਕਰਵਾਵਾਂਗੇ।
ਕੀ ਕਹਿੰਦੇ ਹਨ ਜੇ.ਈ.
ਬਿਜਲੀ ਵਿਭਾਗ ਦੇ ਜੇ.ਈ. ਬਲਵੰਤ ਸਿੰਘ ਨੇ ਕਿਹਾ ਕਿ ਘਰਾਂ ਵਿਚ ਲੱਗੇ ਬਿਜਲੀ ਦੇ ਮੀਟਰਾਂ ਨੂੰ ਬਾਹਰ ਕਰਨ ਦਾ ਪ੍ਰੋਗਰਾਮ ਵਿਭਾਗ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਉਕਤ ਗਲੀ ਵੀ ਸਬੰਧਤ ਏਜੰਸੀ ਨੂੰ ਦਿਖਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਦੀਆਂ ਦੁਕਾਨਾਂ ਤੋਂ ਮੀਟਰਾਂ ਨੂੰ ਬਾਹਰ ਕਰਨ ਉਪਰੰਤ ਉਕਤ ਗਲੀ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਰਾਂ ਦੇ ਬਾਹਰ ਸ਼ਿਫਟ ਹੋਣ ’ਤੇ ਨਵੀਆਂ ਤਾਰਾਂ ਵੀ ਪਾਈਆਂ ਜਾਣਗੀਆਂ।
ਹਵਾਈ ਅੱਡੇ ’ਚ ਬਣੀ ਪਾਣੀ ਵਾਲੀ ਡਿੱਗੀ ’ਚੋਂ ਮਿਲੀ ਲਾਸ਼
NEXT STORY