ਅੱਪਰਾ (ਦੀਪਾ) : ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ 'ਚ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ 'ਚ ਬਚੇ ਹੋਏ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਅੱਗ ਲਗਾਉਣ ਨਾਲ ਜਿੱਥੇ ਸੜਕਾਂ 'ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ, ਉੱਥੇ ਹੀ ਆਮ ਲੋਕਾਂ ਨੂੰ ਵੀ ਅਨੇਕਾਂ ਹੀ ਜਿਸਮਾਨੀ ਬਿਮਾਰੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ 'ਚ ਨਾੜ ਦੇ ਖੇਤਾਂ ਨੂੰ ਵੱਡੇ ਪੱਧਰ 'ਤੇ ਅੱਗ ਲਗਾਈ ਗਈ ਹੈ, ਜਿਸ ਕਾਰਣ ਸੜਕਾਂ ਕਿਨਾਰੇ ਲੱਗੇ ਹੋਏ ਵੱਡੀ ਗਿਣਤੀ 'ਚ ਛਾਂਦਾਰ ਦਰੱਖਤ ਝੁਲਸ ਗਏ ਹਨ।
ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਤਾਪਮਾਨ 'ਚ ਭਾਰੀ ਵਾਧਾ ਹੋ ਰਿਹਾ ਹੈ, ਗਰਮੀ ਤੇ ਪ੍ਰਦੂਸ਼ਣ ਵੱਧ ਰਿਹਾ ਹੈ, ਉੱਥੇ ਹੀ ਜਾਨਵਰ ਤੇ ਪੰਛੀ ਵੀ ਤ੍ਰਾਹ-ਤ੍ਰਾਹ ਕਰ ਰਹੇ ਹਨ। ਖੇਤਾਂ 'ਚ ਅੱਗ ਲਗਾਉਣ ਨਾਲ ਕਿਸਾਨਾਂ ਦੇ ਮਿੱਤਰ ਜੀਵ ਵੀ ਮਰ ਰਹੇ ਹਨ, ਜਿਸ ਦਾ ਅਸਰ ਅਗਲੇਰੀ ਫ਼ਸਲ ਦੀ ਪੈਦਾਵਰ 'ਤੇ ਵੀ ਪੈ ਰਿਹਾ ਹੈ। ਨਾੜ ਨੂੰ ਅੱਗ ਲਗਾਉਣ ਨਾਲ ਸੜਕਾਂ 'ਤੇ ਵਾਪਰ ਰਹੇ ਹਾਦਸਿਆਂ 'ਚ ਵੀ ਬੇਸ਼ੁਮਾਰ ਵਾਧਾ ਹੋ ਰਿਹਾ ਹੈ। ਸਲੀਮ ਸੁਲਤਾਨੀ ਪ੍ਰਧਾਨ 'ਮੈਸੰਜਰ ਆਫ ਪੀਸ ਆਰਗੇਨਾਈਜ਼ੇਸ਼ਨ' ਰਜ਼ਿ. ਪੰਜਾਬ, ਜਨਾਬ ਸ਼ੌਕਤ ਅਲੀ ਸਾਬਰੀ ਪੀਸ ਅੰਬੇਸਡਰ, ਮਨਜੀਤ ਸਿੰਘ ਖਾਲਸਾ ਹੱਕ ਸੱਚ ਦੀ ਟੀਮ, ਵਿਸ਼ਾਲ ਗੋਇਲ ਅੱਪਰਾ ਤੇ ਸੰਦੀਪ ਅੱਪਰਾ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਨਾੜ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਹਵਾ ਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ।
ਦੂਸਰੇ ਪਾਸੇ ਕਿਸਾਨ ਸਰਬਜੀਤ ਸਿੰਘ ਰਾਣਾ, ਰਣਵੀਰ ਸਿੰਘ ਕੰਦੋਲਾ, ਪ੍ਰਗਣ ਸਿੰਘ ਦਿਆਲਪੁਰ, ਕੁਲਵੀਰ ਸਿੰਘ ਸੋਮਲ, ਕੁਲਦੀਪ ਸਿੰਘ ਜੌਹਲ ਨੇ ਕਿਹਾ ਕਿ ਕੋਈ ਵੀ ਕਿਸਾਨ ਨਾੜ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਚੁੱਕੇ ਕਿਸਾਨ-ਮਜ਼ਦੂਰ ਨਾੜ ਨੂੰ ਇਕੱਤਰ ਕਰਨ ਬਦਲੇ ਮਜ਼ਦੂਰੀ ਦੇਣ ਤੋਂ ਅਸਮਰੱਥ ਹਨ। ਇਸ ਲਈ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਰਕਾਰ ਨੂੰ ਜਾਂ ਤਾ ਕੋਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਜਾਂ ਫਿਰ ਕਿਸਾਨਾਂ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ।
ਇੰਸ਼ੋਰੈਂਸ ਪਾਲਿਸੀ ਦਾ ਬੋਨਸ ਦੇਣ ਦਾ ਝਾਂਸਾ ਦੇ ਕੇ ਜਨਾਨੀ ਨਾਲ ਲੱਖਾਂ ਦੀ ਧੋਖਾਦੇਹੀ
NEXT STORY