ਕੁਝ ਸਮਾਂ ਪਹਿਲਾਂ ‘ਭਾਰਤੀ ਮੁਸਲਿਮ ਮਹਿਲਾ ਅੰਦੋਲਨ’ ਵਲੋਂ ਮੁਸਲਿਮ ਮਹਿਲਾਵਾਂ ’ਤੇ ਕੀਤੇ ਗਏ ਇਕ ਅਧਿਐਨ ’ਚ ਦੇਖਿਆ ਗਿਆ ਸੀ ਕਿ ਪਤੀ ਦੇ ਇਕ ਤੋਂ ਵੱਧ ਵਿਆਹ ਹੋਣ ’ਤੇ ਉਸ ਦੀ ਪਤਨੀ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਇਸ ਅਧਿਐਨ ’ਚ 289 ਮਹਿਲਾਵਾਂ ’ਚੋਂ 84 ਫੀਸਦੀ ਨੇ ਮੰਨਿਆ ਕਿ ਬਹੁ ਵਿਆਹ ’ਤੇ ਪਾਬੰਦੀ ਲਗਾਉਣਾ ਅਤੇ ਇਸ ਨੂੰ ਗੈਰ-ਕਾਨੂੰਨੀ ਐਲਾਨ ਕੀਤਾ ਜਾਣਾ ਚਾਹੀਦਾ ਹੈ।
ਇਸ ਅਧਿਐਨ ਅਨੁਸਾਰ ਪਤਨੀ ਨੂੰ ਲੱਗਦਾ ਹੈ ਕਿ ਪਤੀ ਨੇ ਦੂਸਰੀ ਮਹਿਲਾ ਨਾਲ ਵਿਆਹ ਕਰ ਕੇ ਉਸ ਦੇ ਸਵਾਭਿਮਾਨ ਨੂੰ ਠੇਸ ਪਹੁੰਚਾਈ ਹੈ।
ਇਸੇ ਦੇ ਮੱਦੇਨਜ਼ਰ ‘ਅਸਾਮ’ ਦੇ ਮੁੱਖ ਮੰਤਰੀ ‘ਹਿਮੰਤ ਬਿਸਵਾ ਸਰਮਾ’ ਨੇ 9 ਨਵੰਬਰ ਨੂੰ ਕਿਹਾ ਕਿ ਇਸ ਬੁਰਾਈ ’ਤੇ ਰੋਕ ਲਗਾਉਣ ਲਈ ਸੂਬਾਈ ਮੰਤਰੀ ਮੰਡਲ ਨੇ ‘ਅਸਾਮ ਬਹੁ ਵਿਆਹ ਰੋਕੂ ਬਿੱਲ’ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਨੂੰ 25 ਨਵੰਬਰ, 2025 ਨੂੰ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਕਾਨੂੰਨੀ ਰੂਪ ਨਾਲ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਮਹਿਲਾ ਨਾਲ ਵਿਆਹ ਕਰੇਗਾ ਤਾਂ ਉਸ ਦੇ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੂੰ 7 ਸਾਲ ਜਾਂ ਉਸ ਤੋਂ ਵੱਧ ਕੈਦ ਦੀ ਸਜ਼ਾ ਦੀ ਵਿਵਸਥਾ ਹੋਵੇਗੀ।
ਉਨ੍ਹਾਂ ਨੇ ਕਿਹਾ, ‘‘ਦੋਸ਼ੀ ਕਹਿ ਸਕਦਾ ਹੈ ਕਿ ਉਸ ਦਾ ਧਰਮ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਸਾਡੀ ਸਰਕਾਰ ਕਦੇ ਬਹੁ ਵਿਆਹ ਦੀ ਇਜਾਜ਼ਤ ਨਹੀਂ ਦੇਵੇਗੀ। ਅਸੀਂ ਹਰ ਕੀਮਤ ’ਤੇ ਇਸ ਸੂਬੇ ’ਚ ਮਹਿਲਾਵਾਂ ਦੀ ਸ਼ਾਨ ਦੀ ਰੱਖਿਆ ਕਰਾਂਗੇ ਅਤੇ ਅਸੀਂ ਪੀੜਤ ਮਹਿਲਾਵਾਂ ਨੂੰ ਮੁਆਵਜ਼ਾ ਦੇਣ ਲਈ ਇਕ ਫੰਡ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਸਰਕਾਰ ਜ਼ਰੂਰੀ ਮਾਮਲਿਆਂ ’ਚ ਆਰਥਿਕ ਮਦਦ ਕਰੇਗੀ ਤਾਂ ਕਿ ਕਿਸੇ ਵੀ ਮਹਿਲਾ ਨੂੰ ਜ਼ਿੰਦਗੀ ’ਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।’’
ਬਹੁ ਵਿਆਹ ਦੀਆਂ ਹਾਨੀਆਂ ਨੂੰ ਦੇਖਦੇ ਹੋਏ ਅਸਾਮ ਸਰਕਾਰ ਦਾ ਉਕਤ ਫੈਸਲਾ ਸਹੀ ਹੈ। ਇਸ ਨੂੰ ਜਿੰਨੀ ਜਲਦੀ ਦੂਸਰੇ ਸੂਬਿਆਂ ’ਚ ਲਾਗੂ ਕੀਤਾ ਜਾਵੇਗਾ, ਮਹਿਲਾਵਾਂ ਦੀ ਸਿਹਤ ਅਤੇ ਸਨਮਾਨ ਲਈ ਓਨਾ ਹੀ ਚੰਗਾ ਹੋਵੇਗਾ।
–ਵਿਜੇ ਕੁਮਾਰ
ਨਰਿੰਦਰ ਮੋਦੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਬਿਹਾਰ
NEXT STORY