ਡੇਰਾਬੱਸੀ (ਅਨਿਲ) - ਸ਼ਹਿਰ ਵਿਚ ਚਾਕੂ ਦੀ ਨੋਕ 'ਤੇ ਵਿਦਿਆਰਥੀਆਂ ਤੋਂ ਲੁੱਟ-ਖਸੁੱਟ ਕਰਨ ਵਾਲੇ ਦੋ ਲੁਟੇਰਿਆਂ ਦੀ ਦਹਿਸ਼ਤ ਬਰਕਰਾਰ ਹੈ । ਇਸ ਵਾਰ ਉਨ੍ਹਾਂ ਨੇ ਸਿੱਕਮ ਦੀਆਂ ਦੋ ਵਿਦਿਆਰਥਣਾਂ ਨੂੰ ਚਾਕੂ ਦੀ ਨੋਕ 'ਤੇ ਕਮਰੇ ਵਿਚ ਬੰਦ ਕਰ ਦਿੱਤਾ, ਐਨ ਮੌਕੇ 'ਤੇ ਹੋਰ ਵਿਦਿਆਰਥੀ ਆਉਣ 'ਤੇ ਦੋਵੇਂ ਲੁਟੇਰੇ ਫਰਾਰ ਹੋ ਗਏ । ਹਾਲਾਂਕਿ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ ਪਰ ਤਿੰਨ ਦਿਨਾਂ ਵਿਚ ਇਹੋ ਜਿਹੀਆਂ 5 ਵਾਰਦਾਤਾਂ ਸਾਹਮਣੇ ਆਉਣ ਕਾਰਨ ਲੋਕ ਦਹਿਸ਼ਤ 'ਚ ਹਨ ।ਤਾਜ਼ਾ ਵਾਰਦਾਤ ਸ਼ੁੱਕਰਵਾਰ ਸ਼ਾਮ 6 ਵਜੇ ਹਾਈਵੇ ਪਾਰ ਸ਼ਕਤੀ ਨਗਰ ਕਾਲੋਨੀ ਦੀ ਹੈ । ਸੁਖਮਨੀ ਡੈਂਟਲ ਕਾਲਜ ਦੇ ਨੇੜੇ ਭੁਪਿੰਦਰ ਸੈਣੀ ਦੀ ਬਿਲਡਿੰਗ ਵਿਚ ਵਿੱਦਿਆ ਜੋਤੀ ਹੋਟਲ ਮੈਨੇਜਮੈਂਟ ਕਾਲਜ ਵਿਚ ਪੜ੍ਹਨ ਵਾਲੇ ਸਿੱਕਮ ਦੇ ਵਿਦਿਆਰਥੀ ਰਹਿੰਦੇ ਹਨ । ਇਥੇ ਇਕ ਕਮਰੇ ਵਿਚ ਰਹਿ ਰਹੀਆਂ ਸ਼ੂਰੀਨ ਤੇ ਨਰਿਤ ਨੇ ਦੱਸਿਆ ਕਿ ਵਾਰ-ਵਾਰ ਖੜਖੜਾਉਣ 'ਤੇ ਉਨ੍ਹਾਂ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਦੋ ਨੌਜਵਾਨ ਨਿਤਿਨ ਨਾਂ ਦੇ ਨੌਜਵਾਨ ਬਾਰੇ ਪੁੱਛਦੇ ਹੋਏ ਉਨ੍ਹਾਂ ਦੇ ਕਮਰੇ ਵਿਚ ਦਾਖਲ ਹੋ ਗਏ । ਇਕ ਨੇ ਤੁਰੰਤ ਕਮਾਨੀਦਾਰ ਚਾਕੂ ਕੱਢ ਲਿਆ, ਜਦੋਂਕਿ ਦੂਜੇ ਨੇ ਕਮਰੇ ਨੂੰ ਅੰਦਰੋਂ ਕੁੰਡੀ ਬੰਦ ਕਰ ਦਿੱਤੀ ।
ਲੁਟੇਰਿਆਂ ਨੇ ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਤੇ ਕੀਮਤੀ ਸਾਮਾਨ ਹਵਾਲੇ ਕਰਨ ਲਈ ਕਿਹਾ । ਬਾਅਦ ਵਿਚ ਉਹ ਖੁਦ ਹੀ ਉਨ੍ਹਾਂ ਦੀ ਅਲਮਾਰੀ ਖੋਲ੍ਹ ਕੇ ਨਕਦੀ ਸਮੇਤ ਕੀਮਤੀ ਸਾਮਾਨ ਲੱਭਣ ਲੱਗੇ । ਇਸ ਦੌਰਾਨ ਉਨ੍ਹਾਂ ਦੇ ਸਾਥੀ ਵਿਦਿਆਰਥੀ ਰਵੀ ਨੇ ਦਰਵਾਜ਼ਾ ਖੜਕਾਇਆ । ਉਹ ਆਪਣੇ ਕਮਰੇ ਦੀ ਚਾਬੀ ਲੈਣ ਆਇਆ ਸੀ । ਲੁਟੇਰੇ ਚੌਕਸ ਹੋ ਗਏ ਤੇ ਦਰਵਾਜ਼ਾ ਖੋਲ੍ਹਦਿਆਂ ਹੀ ਰਵੀ ਨੂੰ ਕਮਰੇ ਵਿਚ ਸੁੱਟ ਕੇ ਬਾਹਰ ਨਿਕਲ ਗਏ ਤੇ ਬਾਹਰੋਂ ਕੁੰਡਾ ਲਾ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ।ਵਿਦਿਆਰਥਣਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਇਕੱਠੀਆਂ ਕਰਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ । ਸ਼ੁੱਕਰਵਾਰ ਨੂੰ ਹੀ ਇਸ ਕਾਲਜ ਦੇ ਅਭਿਸ਼ੇਕ ਤੋਂ 5 ਹਜ਼ਾਰ ਰੁਪਏ ਤੇ ਉਸ ਤੋਂ ਪਹਿਲਾਂ ਗਲੀ ਨੰਬਰ 9 ਦੇ ਮਨੋਜ ਸ਼ਰਮਾ, ਗਲੀ ਨੰਬਰ 4 ਤੋਂ ਕੁਲਦੀਪ ਤੇ ਸਿਕੰਦਰ ਤੋਂ ਵੀ ਚਾਕੂ ਦੀ ਨੋਕ 'ਤੇ 8 ਹਜ਼ਾਰ ਰੁਪਏ ਲੁਟੇਰੇ ਖੋਹ ਚੁੱਕੇ ਹਨ।
ਨੈਸ਼ਨਲ ਲੋਕ ਅਦਾਲਤ 'ਚ 780 ਕੇਸਾਂ ਦਾ ਨਿਪਟਾਰਾ
NEXT STORY