ਚੋਹਲਾ ਸਾਹਿਬ, (ਮਨਜੀਤ, ਹਰਜਿੰਦਰ)- ਪਿਛਲੇ 8-9 ਸਾਲਾਂ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਤੇ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨ ਹਜ਼ਾਰਾਂ ਦੀ ਤਾਦਾਦ 'ਚ ਆਤਮਹੱਤਿਆਵਾਂ ਕਰ ਰਹੇ ਹਨ। ਇਸੇ ਤਰ੍ਹਾਂ ਮਾਲ ਵਿਭਾਗ ਦੇ ਹੱਥੋਂ ਦੁਖੀ ਇਕ ਕਿਸਾਨ ਦਲਜੀਤ ਸਿੰਘ ਪੁੱਤਰ ਹਰਦੀਪ ਸਿੰਘ ਜੱਟ ਵਾਸੀ ਖਡੂਰ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਲਿਖਤੀ ਦਰਖਾਸਤਾਂ ਰਾਹੀਂ ਦੱਸਿਆ ਕਿ ਉਸ ਨੇ ਤੇ ਉਸ ਦੇ ਪਰਿਵਾਰ ਨੇ ਪਿੰਡ ਦੇ ਹੀ ਇਕ ਕਿਸਾਨ ਪਰਿਵਾਰ ਤੋਂ 50 ਕਨਾਲ 14 ਮਰਲੇ ਜ਼ਮੀਨ ਖਰੀਦੀ ਸੀ। ਉਸ ਨੇ ਦੱਸਿਆ ਕਿ 29-2-2002 ਨੂੰ ਉਸ ਵਕਤ ਡਿਊਟੀ 'ਤੇ ਤਾਇਨਾਤ ਪਟਵਾਰੀ ਨੇ ਉਸ ਜ਼ਮੀਨ 'ਚੋਂ 3 ਕਨਾਲ 5 ਮਰਲੇ ਜ਼ਮੀਨ 'ਚ ਇਕ ਹੋਰ ਕਿਸਾਨ ਦਾ ਨੰਬਰ ਪਾ ਦਿੱਤਾ ਸੀ।
ਕਿਸਾਨ ਨੇ ਗਲਤੀ ਨੂੰ ਦਰੁਸਤ ਕਰਨ ਲਈ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਫਰਿਆਦ ਕੀਤੀ ਅਤੇ ਕਿਹਾ ਕਿ ਉਸ ਦੀ ਖਰੀਦੀ ਜ਼ਮੀਨ ਦੀ ਰਕਬਾ ਨਿਸ਼ਾਨਦੇਹੀ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ ਪਰ ਉਸ ਦੀ ਫਰਿਆਦ ਕਿਸੇ ਨੇ ਨਹੀਂ ਸੁਣੀ, ਸਗੋਂ ਉਲਟਾ ਉਸ ਦੀ 3 ਕਨਾਲ ਜ਼ਮੀਨ 'ਤੇ ਪੁਲਸ ਅਤੇ ਪ੍ਰਸ਼ਾਸਨ ਰਾਹੀਂ ਦਖਲ ਦੇ ਕੇ ਕਬਜ਼ਾ ਕਰ ਲਿਆ। ਪੀੜਤ ਕਿਸਾਨ ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਇਕ ਮਹੀਨੇ ਦੇ ਅੰਦਰ-ਅੰਦਰ ਤਕਸੀਮ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਨਸਾਫ ਨਾ ਮਿਲਿਆ ਤਾਂ ਉਹ ਆਤਮਹੱਤਿਆ ਕਰ ਲਵੇਗਾ, ਜਿਸ ਦੀ ਜ਼ਿੰਮੇਵਾਰੀ ਮਾਲ ਵਿਭਾਗ ਦੀ ਹੋਵੇਗੀ। ਜਦੋਂ ਕਿਸਾਨ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਤਹਿਸੀਲਦਾਰ ਸੀਮਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਨੇ ਮਾਣਯੋਗ ਅਦਾਲਤ ਵਿਚ ਰਿਟ-ਪਟੀਸ਼ਨ ਪਾਈ ਸੀ। ਉਹ ਖਾਰਜ ਹੋਣ ਕਰਕੇ ਉਨ੍ਹਾਂ ਪੂਰੇ ਕਾਨੂੰਨ ਦੇ ਦਾਇਰੇ 'ਚ ਦਖਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਅਦਾਲਤ ਦਾ ਫੈਸਲਾ ਮੰਗਦੇ ਹੋਏ ਖੁਦਕੁਸ਼ੀ ਦਾ ਵਿਚਾਰ ਬਦਲ ਦੇਣਾ ਚਾਹੀਦਾ ਹੈ।
ਟਰੱਕ-ਮੋਟਰਸਾਈਕਲ ਦੀ ਟੱਕਰ 'ਚ ਔਰਤ ਦੀ ਮੌਤ
NEXT STORY