ਫਿਲੌਰ(ਭਾਖੜੀ)-ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਬਜਾੜ ਦੇ ਇਕ ਹੋਰ ਨੌਜਵਾਨ ਕਿਸਾਨ ਮਨਜਿੰਦਰ (34) ਨੇ ਅੱਜ ਖੁਦਕੁਸ਼ੀ ਕਰ ਲਈ। ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਮਨਜਿੰਦਰ, ਜਿਸ ਦੇ ਦੋ ਛੋਟੇ ਬੱਚੇ ਹਨ, ਦੇ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਸਿਰ 'ਤੇ 13 ਲੱਖ ਰੁਪਏ ਦਾ ਕਰਜ਼ਾ ਸੀ, ਜਦੋਂਕਿ ਇਸ ਦੇ ਇਲਾਵਾ ਉਸ ਨੇ ਲੱਗਭਗ 6 ਲੱੱਖ ਰੁਪਏ ਦੇ ਕਰੀਬ ਆੜ੍ਹਤੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਸੀ, ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਕ ਆੜ੍ਹਤੀਏ ਨੇ ਮ੍ਰਿਤਕ ਕਿਸਾਨ ਦੇ ਘਰ ਆਪਣੇ ਪੈਸੇ ਮੰਗਣ ਲਈ ਉਸ 'ਤੇ ਦਬਾਅ ਬਣਾਇਆ। ਆੜ੍ਹਤੀਏ ਦੇ ਜਾਣ ਉਪਰੰਤ ਮ੍ਰਿਤਕ ਆਪਣੇ ਪਰਿਵਾਰ ਵਾਲਿਆਂ ਨੂੰ ਖੇਤਾਂ ਵਿਚ ਖੜ੍ਹੀ ਕਣਕ ਨੂੰ ਪਾਣੀ ਲਾਉਣ ਲਈ ਕਹਿ ਕੇ ਘਰੋਂ ਨਿਕਲ ਗਿਆ। 4 ਵਜੇ ਦੇ ਕਰੀਬ ਜਦੋਂ ਉਸ ਦਾ ਰਿਸ਼ਤੇਦਾਰ ਖੇਤਾਂ 'ਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮਨਜਿੰਦਰ ਦੀ ਲਾਸ਼ ਖੇਤਾਂ ਵਿਚ ਲੱਗੇ ਟਿਊਬਵੈੱਲ ਦੇ ਪਾਈਪ ਨਾਲ ਲਟਕ ਰਹੀ ਸੀ, ਜਿਸ ਉਪਰੰਤ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧ 'ਚ ਪੁੱਛਣ ਤੇ ਐੱਸ. ਡੀ. ਐੱਮ. ਵਰਿੰਦਰ ਬਾਜਵਾ ਨੇ ਦੱਸਿਆ ਕਿ ਕਿਸਾਨ ਦੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕਰ ਕੇ ਉਹ ਸਰਕਾਰ ਨੂੰ ਭੇਜਣਗੇ। ਫਿਲਹਾਲ ਪੁਲਸ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਉਕਤ ਆੜ੍ਹਤੀਏ ਦੇ ਸਬੰਧ ਵਿਚ ਵੀ ਜਾਣਕਾਰੀ ਹਾਸਲ ਕਰ ਰਹੀ ਹੈ।
ਰੈੱਡ ਲਾਈਟ ਜੰਪ ਕਰਨ 'ਤੇ ਟਰੈਫਿਕ ਕਰਮਚਾਰੀ ਨੇ ਰੋਕਣਾ ਚਾਹਿਆ ਤਾਂ ਬਾਈਕ ਭਜਾਉਂਦਿਆਂ ਕੀਤੇ ਅਸ਼ਲੀਲ ਇਸ਼ਾਰੇ
NEXT STORY