ਮੌੜ ਮੰਡੀ, (ਪ੍ਰਵੀਨ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਭਾਵੇਂ ਕਿਸਾਨਾਂ ਨਾਲ ਕਰਜ਼ੇ ਮੁਆਫ਼ੀ ਸਬੰਧੀ ਵੱਡ-ਵੱਡੇ ਵਾਅਦੇ ਕੀਤੇ ਸਨ ਪਰ ਕਾਂਗਰਸ ਦੀ ਸਰਕਾਰ ਬਣਨ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਰਜ਼ੇ ਦੀਆਂ ਪੰਡਾਂ ਦਾ ਬੋਝ ਕਿਸਾਨਾਂ ਨੂੰ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਕਰ ਰਿਹਾ ਹੈ। ਕਰਜ਼ੇ ਤੋਂ ਪ੍ਰੇਸ਼ਾਨ ਗੁਰਤੇਜ ਸਿੰਘ ਨੇ ਤੰਗ ਆ ਕੇ ਕੀਟਨਾਸ਼ਕ ਦਵਾਈ ਨਿਗਲ ਲਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਚਨਾਰਥਲ ਉਮਰ ਲਗਭਗ 30 ਸਾਲ ਚਾਰ ਏਕੜ ਜ਼ਮੀਨ ਦਾ ਮਾਲਕ ਸੀ। ਖੇਤੀ ਕਰਨ ਲਈ ਉਸ ਨੇ ਸਟੇਟ ਬੈਂਕ ਆਫ ਪਟਿਆਲਾ, ਦਿ ਸੈਂਟਰਲ ਕੋਆਪ੍ਰੇਟਿਵ ਬੈਂਕ ਅਤੇ ਕੋਆਪ੍ਰੇਟਿਵ ਸੋਸਾਇਟੀ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ, ਜਿਸ ਕਾਰਨ ਕਿਸਾਨ ਗੁਰਤੇਜ ਸਿੰਘ ਪ੍ਰੇਸ਼ਾਨ ਰਹਿਣ ਲੱਗਾ ਤੇ ਬੀਤੀ ਰਾਤ ਕਿਸਾਨ ਗੁਰਤੇਜ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਲਈ। ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੀ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ, ਜਿਥੇ ਅੱਜ ਸਵੇਰ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਵੀਰਪਾਲ ਕੌਰ (28) ਅਤੇ ਪੁੱਤਰ ਅਰਸ਼ਦੀਪ ਸਿੰਘ (8) ਨੂੰ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਸਵਿੰਦਰ ਸਿੰਘ ਕਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਜਲਦ ਤੋਂ ਜਲਦ ਮੁਆਫ਼ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ।
ਬਠਿੰਡਾ, (ਪਾਇਲ)-ਇਕ ਸਰਕਾਰੀ ਸਫਾਈ ਕਰਮਚਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਰਜ਼ੇ ਦੇ ਬੋਝ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ ਮਿੰਨੀ ਸਕੱਤਰੇਤ 'ਚ ਬਤੌਰ ਸਫਾਈ ਸੇਵਕ ਤਾਇਨਾਤ ਗੁਰਪ੍ਰੀਤ ਸਿੰਘ (40) ਪੁੱਤਰ ਦਿਲੀਪ ਸਿੰਘ ਨੇ ਸਿਵਲ ਲਾਈਨ ਸਥਿਤ ਆਪਣੇ ਦਰਜਾ ਚਾਰ ਸਰਕਾਰੀ ਕੁਆਰਟਰ 'ਚ ਫਾਹਾ ਲੈ ਲਿਆ। ਘਟਨਾ ਸਮੇਂ ਉਹ ਘਰ 'ਚ ਇਕੱਲਾ ਸੀ। ਉਸ ਦੀ ਪਤਨੀ ਬਾਜ਼ਾਰ ਗਈ ਹੋਈ ਸੀ ਅਤੇ ਦੋਵੇਂ ਬੇਟੇ ਛੁੱਟੀਆਂ ਕਾਰਨ ਰਿਸ਼ਤੇਦਾਰੀ 'ਚ ਗਏ ਹੋਏ ਸਨ। ਘਟਨਾ ਦਾ ਪਤਾ ਮ੍ਰਿਤਕ ਦੀ ਪਤਨੀ ਨੂੰ ਘਰ ਵਾਪਸ ਆਉਣ 'ਤੇ ਲੱਗਾ। ਉਸ ਦੇ ਸ਼ੋਰ ਮਚਾਉਣ 'ਤੇ ਇਕੱਠੇ ਹੋਏ ਲੋਕਾਂ ਨੇ ਸਹਾਰਾ ਜਨਸੇਵਾ ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ।
ਜਾਂਚ ਅਧਿਕਾਰੀ ਐੱਸ. ਐੱਚ. ਓ. ਕੁਲਦੀਪ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ 'ਤੇ ਕਾਫੀ ਕਰਜ਼ਾ ਸੀ, ਜਿਸ ਨੂੰ ਵਾਪਸ ਕਰਨ 'ਚ ਉਹ ਅਸਮਰਥ ਸੀ। ਇਸ ਲਈ ਉਸ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ 9 ਤੇ 16 ਸਾਲ ਦੇ ਦੋ ਬੇਟੇ ਹਨ।
ਪਤਨੀ ਅਤੇ ਉਸ ਦੇ ਆਸ਼ਕ ਸਮੇਤ ਇਕ ਹੋਰ ਨੂੰ ਉਮਰ ਕੈਦ ਦੀ ਸਜ਼ਾ
NEXT STORY