ਤਪਾ ਮੰਡੀ, (ਸ਼ਾਮ, ਗਰਗ)- ਪਿੰਡ ਕਾਹਨੇਕੇ ਵਿਖੇ ਇਕ ਗਰੀਬ ਮਜ਼ਦੂਰ ਦੀ 18 ਸਾਲਾ ਧੀ ਨੇ ਘਰ ਦੀ ਆਰਥਿਕ ਤੰਗੀ ਤੋਂ ਦੁਖੀ ਹੋ ਕੇ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕਾ ਹੈਪੀ ਕੌਰ ਦੇ ਪਿਤਾ ਮਹਿੰਗਾ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ 5 ਬੱਚੇ ਹਨ, ਜਿਨ੍ਹਾਂ 'ਚੋਂ 2 ਲੜਕੀਆਂ, 1 ਲੜਕਾ ਵਿਆਹਿਆ ਹੋਇਆ ਹੈ ਅਤੇ ਦੋ ਬੱਚੇ ਕੁਆਰੇ ਹਨ। ਇਨ੍ਹਾਂ 'ਚੋਂ ਛੋਟੀ ਲੜਕੀ ਹੈਪੀ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ ਵਿਖੇ 11ਵੀਂ 'ਚ ਪੜ੍ਹਦੀ ਸੀ।
ਸਕੂਲ 'ਚੋਂ ਹਟਾਏ ਜਾਣ ਤੋਂ ਸੀ ਪ੍ਰੇਸ਼ਾਨ
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਸਿਰ 6 ਲੱਖ ਰੁਪਏ ਕਰਜ਼ਾ ਹੋਣ ਕਾਰਨ ਉਸ ਨੇ ਆਪਣੀ ਲੜਕੀ ਨੂੰ ਸਕੂਲ 'ਚੋਂ ਹਟਾ ਲਿਆ ਜਦੋਂਕਿ ਉਹ ਪੜ੍ਹਨਾ ਚਾਹੁੰਦੀ ਸੀ। ਘਰ ਦੀ ਗਰੀਬੀ ਕਾਰਨ ਉਹ ਆਪਣੀ ਲੜਕੀ ਨੂੰ ਅੱਗੇ ਪੜ੍ਹਾਉਣ ਤੋਂ ਅਸਮਰਥ ਸੀ ਅਤੇ ਪਰਿਵਾਰ ਵੱਲੋਂ ਉਸਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ। ਪੜ੍ਹਾਈ ਅੱਧ-ਵਿਚਕਾਰ ਰਹਿਣ ਅਤੇ ਆਰਥਿਕ ਤੰਗੀ ਕਾਰਨ ਹੈਪੀ ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਇਸ ਕਰ ਕੇ ਉਸ ਨੇ ਅੱਜ ਸਵੇਰੇ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜਦੋਂ ਇਸ ਸਬੰਧੀ ਜਾਂਚ ਅਧਿਕਾਰੀ ਭੋਲਾ ਸਿੰਘ ਸਹਾਇਕ ਥਾਣੇਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਮਹਿੰਗਾ ਸਿੰਘ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਘਰ ਦੀ ਤੰਗੀ ਤੋਂ ਦੁਖੀ ਮਜ਼ਦੂਰ ਦੀ ਧੀ ਵੱਲੋਂ ਖੁਦਕੁਸ਼ੀ
NEXT STORY