ਨੂਰਮਹਿਲ/ਨਕੋਦਰ/ਫਿਲੌਰ (ਸ਼ਰਮਾ, ਭਾਖੜੀ)–ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾ ਕੇ ਬੋਲੇ ਚਿੱਟੇ ਝੂਠਾਂ ਦੇ ਅੰਜਾਮ ਬਾਰੇ ਸੋਚ ਕੇ ਹੁਣ ਪੰਜਾਬ 'ਚ ਕਾਂਗਰਸੀ ਆਗੂਆਂ ਦਾ ਚੈਨ ਉੱਡਣਾ ਸ਼ੁਰੂ ਹੋ ਗਿਆ ਹੈ। ਬਾਦਲ ਨੇ ਇਹ ਟਿੱਪਣੀਆਂ ਅਕਾਲੀ-ਭਾਜਪਾ ਦੇ ਉਮੀਦਵਾਰ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਸਮਰਥਨ ਜੁਟਾਉਣ ਵਾਸਤੇ ਨੂਰਮਹਿਲ, ਨਕੋਦਰ ਅਤੇ ਫਿਲੌਰ ਵਿਖੇ ਆਪਣੀ ਚੋਣ ਪ੍ਰਚਾਰ ਰੈਲੀ ਦੌਰਾਨ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਅਮਰਿੰਦਰ ਨੇ ਦਸਮੇਸ਼ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਸਹੁੰ ਖਾਧੀ ਸੀ ਤਾਂ ਪੰਜਾਬ ਦੇ ਸਿਦਕਵਾਨ ਅਤੇ ਭਰੋਸਾ ਕਰਨ ਵਾਲੇ ਲੋਕਾਂ ਨੇ ਕਾਂਗਰਸ ਜਾਂ ਅਮਰਿੰਦਰ ਸਿੰਘ ਲਈ ਵੋਟ ਨਹੀਂ ਸੀ ਪਾਈ, ਸਗੋਂ ਮਹਾਨ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੀ ਵੋਟ ਰੱਖੀ ਸੀ, ਜਿਨ੍ਹਾਂ ਵਾਸਤੇ ਬੱਚਾ-ਬੱਚਾ, ਹਰ ਸਿੱਖ, ਪੰਜਾਬੀ ਅਤੇ ਭਾਰਤੀ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੈ ਪਰ ਅਮਰਿੰਦਰ ਇਹ ਜਾਣਦਾ ਸੀ ਕਿ ਉਹ ਗੁਰੂ ਦੇ ਪੈਰੋਕਾਰਾਂ ਨੂੰ ਸਿਰਫ ਮੂਰਖ ਬਣਾ ਰਿਹਾ ਹੈ।
ਇਥੇ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਲੋਕਾਂ 'ਚ ਮੁੱਖ ਮੰਤਰੀ ਦੇ ਇਸ ਬੱਜਰ ਗੁਨਾਹ ਖਿਲਾਫ ਪੈਦਾ ਹੋਏ ਗੁੱਸੇ ਕਰਕੇ ਕਾਂਗਰਸ ਪਾਰਟੀ ਅੰਦਰ ਵੀ ਧੜੇਬਾਜ਼ੀ ਹੋ ਗਈ ਹੈ। ਹਰ ਕਾਂਗਰਸੀ ਆਗੂ ਦੂਜੇ 'ਤੇ ਦੋਸ਼ ਮੜ੍ਹ ਰਿਹਾ ਹੈ ਅਤੇ ਅਕਾਲੀ-ਭਾਜਪਾ ਗਠਜੋੜ ਦੇ ਤਾਜ਼ਾ ਉਭਾਰ ਮਗਰੋਂ ਕੋਈ ਵੀ ਗੰਭੀਰ ਆਗੂ ਕਾਂਗਰਸੀ ਟਿਕਟ 'ਤੇ ਲੜਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਖਿੱਲਰੀ ਅਤੇ ਦੁਬਿਧਾਮਾਰੀ ਕਾਂਗਰਸ ਦੇ ਪੰਜਾਬ 'ਚ ਕਿਤੇ ਵੀ ਪੈਰ ਨਹੀਂ ਲੱਗ ਰਹੇ। ਕਾਂਗਰਸੀਆਂ ਨੇ ਸਾਰੀਆਂ 13 ਸੀਟਾਂ ਜਿੱਤਣ ਦੀ ਫੜ੍ਹ ਮਾਰੀ ਸੀ ਪਰ ਇਹ 13 ਸੀਟਾਂ ਅਕਾਲੀ-ਭਾਜਪਾ ਨੂੰ ਆਉਣਗੀਆਂ ਅਤੇ 14ਵੀਂ ਚੰਡੀਗੜ੍ਹ ਵਾਲੀ ਆਵੇਗੀ।
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸੂਬੇ ਅੰਦਰ ਹੁਣ ਕਾਂਗਰਸ ਸਰਕਾਰ ਦੀ ਸਿਰਫ 47 ਦਿਨ ਦੀ ਹਸਤੀ ਹੈ। ਚੋਣ ਨਤੀਜਿਆਂ ਤੋਂ ਬਾਅਦ 25 ਮਈ ਨੂੰ ਅਮਰਿੰਦਰ ਸਿੰਘ ਦੀ ਇਹ ਸਰਕਾਰ ਹਵਾ ਹੋ ਜਾਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਇਹ ਉਸ ਦੀ ਆਖਰੀ ਚੋਣ ਹੈ। ਉਸ ਦੀ ਇਹ ਟਿੱਪਣੀ ਕਾਂਗਰਸ ਪਾਰਟੀ ਲਈ ਵੀ ਸੱਚੀ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਦਲਿਤਾਂ, ਕਿਸਾਨਾਂ, ਨੌਜਵਾਨਾਂ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਸਮੇਤ ਸਮਾਜ ਦਾ ਹਰ ਵਰਗ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਿਸ਼ਵਾਸਘਾਤ ਦੀ ਸਜ਼ਾ ਭੁਗਤ ਰਿਹਾ ਹੈ।
ਅਮਰਿੰਦਰ ਸਰਕਾਰ ਨੂੰ 'ਬੰਦ ਸਰਕਾਰ' ਦਾ ਖਿਤਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਮੌਜੂਦਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਬਾਦਲ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਬਣਾਏ ਜ਼ਿਆਦਾਤਰ ਸੇਵਾ ਅਤੇ ਸੁਵਿਧਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। 800 ਸਰਕਾਰੀ ਸਕੂਲ ਅਤੇ ਵੱਡੀ ਗਿਣਤੀ 'ਚ ਸਰਕਾਰੀ ਸਿਹਤ ਕੇਂਦਰ ਅਤੇ ਹਸਪਤਾਲ ਬੰਦ ਕਰ ਦਿੱਤੇ ਹਨ। ਗਰੀਬ ਹੋਣਹਾਰ ਬੱਚਿਆਂ ਵਾਸਤੇ ਬਣਾਏ ਮੈਰੀਟੋਰੀਅਸ ਸਕੂਲਾਂ ਨੂੰ ਵੀ ਤਾਲੇ ਜੜ ਦਿੱਤੇ ਹਨ। ਉਨ੍ਹਾਂ ਨੇ ਤਾਂ ਖਿਡਾਰੀਆਂ ਨੂੰ ਨਹੀਂ ਛੱਡਿਆ ਹੈ। ਅਸੀਂ ਪੇਂਡੂ ਅਤੇ ਸ਼ਹਿਰੀ ਖਿਡਾਰੀਆਂ ਨੂੰ ਜਿਹੜੀਆਂ ਮੁਫਤ ਸਪੋਰਟਸ ਕਿੱਟਾਂ ਦਿੰਦੇ ਸੀ, ਉਨ੍ਹਾਂ ਨੇ ਉਹ ਵੀ ਬੰਦ ਕਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਵਜੋਂ ਸਾਰੇ ਕਿਸਾਨਾਂ ਦੇ ਕਰਜ਼ੇ ਚੁਕਾਏਗਾ ਅਤੇ ਕਿਸੇ ਕਿਸਾਨ ਨੂੰ ਇਕ ਪੈਸਾ ਵੀ ਦੇਣਾ ਨਹੀਂ ਪਵੇਗਾ। ਸਰਕਾਰ ਬਣਾਉਣ ਤੋਂ ਪਹਿਲਾਂ ਉਸ ਨੇ ਕਿਸਾਨਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਲਈ ਕਹਿ ਦਿੱਤਾ ਸੀ। ਇਸ ਬਾਰੇ ਉਨ੍ਹਾਂ ਨੇ ਹਲਫੀਆ ਬਿਆਨ ਦਿੱਤੇ ਸਨ ਅਤੇ ਕਿਸਾਨਾਂ ਕੋਲੋਂ ਉਨ੍ਹਾਂ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਸਨ ਪਰ ਮੁੱਖ ਮੰਤਰੀ ਬਣਦਿਆਂ ਹੀ ਅਮਰਿੰਦਰ ਨੇ ਐਲਾਨ ਕਰ ਦਿੱਤਾ ਕਿ ਇਹ ਉਸ ਦੀ ਆਖਰੀ ਚੋਣ ਸੀ। ਇਹ ਅਮਰਿੰਦਰ ਵਲੋਂ ਲੋਕਾਂ ਨੂੰ ਦਿੱਤਾ ਸੰਕੇਤ ਸੀ ਕਿ ਜੇਕਰ ਉੁਹ ਕੀਤੇ ਵਾਅਦਿਆਂ ਤੋਂ ਮੁਕਰ ਗਿਆ ਫਿਰ ਵੀ ਲੋਕ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਘਰ-ਘਰ ਨੌਕਰੀ ਦੇਣ ਦੇ ਵਾਅਦੇ ਦਾ ਵੀ ਇਹੋ ਹਸ਼ਰ ਹੋਇਆ ਹੈ।
ਕੈਪਟਨ ਨੇ ਲੋਕਾਂ ਨੂੰ ਬਾਬਾ ਜੀ ਦੇ ਠੁੱਲੂ ਤੋਂ ਸਿਵਾਏ ਕੁੱਝ ਨਹੀਂ ਦਿੱਤਾ: ਸੁਖਬੀਰ
NEXT STORY