ਜਲੰਧਰ (ਰਮਨਦੀਪ ਸਿੰਘ ਸੋਢੀ) — ਸਾਬਕਾ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਜਗ ਬਾਣੀ' ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਐੱਸ. ਜੀ. ਪੀ. ਸੀ. ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸੰਸਥਾ ਹੈ ਅਤੇ ਆਪਣੀ ਮਰਜ਼ੀ ਨਾਲ ਹਰ ਫੈਸਲੇ ਲੈਂਦੀ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਹੋਰ ਵੀ ਕਈ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ। ਸ. ਅਕਾਲੀ ਦਲ 'ਤੇ ਦੋਸ਼ ਹੈ ਕਿ ਐੱਸ. ਜੀ. ਪੀ. ਸੀ. ਰਾਹੀਂ ਤੁਸੀਂ ਸਿੱਖ ਧਰਮ ਦਾ ਨੁਕਸਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਦੀ ਪਰਚੀ ਤੁਹਾਡੀ ਜੇਬ 'ਚੋਂ ਨਿਕਲਦੀ ਹੈ?
ਜ. ਐੱਸ. ਜੀ. ਪੀ. ਸੀ. ਇਕ ਚੁਣੀ ਹੋਈ ਸੰਸਥਾ ਹੈ। ਸਿੱਖ ਸੰਗਤ ਹਰੇਕ 5 ਸਾਲਾਂ ਬਾਅਦ ਵੋਟ ਪਾ ਕੇ ਇਸ ਦੇ ਮੈਂਬਰਾਂ ਦੀ ਚੋਣ ਕਰਦੀ ਹੈ। ਕਾਂਗਰਸ ਵੀ ਸਿੱਧੇ ਤੌਰ 'ਤੇ ਹੋਰਨਾਂ ਚਿਹਰਿਆਂ ਰਾਹੀਂ ਇਨ੍ਹਾਂ ਚੋਣਾਂ 'ਚ ਉਤਰਦੀ ਹੈ ਪਰ ਸੰਗਤ ਦਾ ਭਰੋਸਾ ਅਕਾਲੀ ਦਲ ਦੇ ਉਮੀਦਵਾਰਾਂ 'ਤੇ ਹੀ ਹੁੰਦਾ ਹੈ ਅਤੇ ਵਿਰੋਧੀਆਂ ਦੀ ਜ਼ਮਾਨਤ ਜ਼ਬਤ ਹੁੰਦੀ ਹੈ। ਇਸ ਦੀ ਚੋਣ, ਚੋਣ ਕਮਿਸ਼ਨ ਦੀ ਨਿਗਰਾਨੀ 'ਚ ਹੁੰਦੀ ਹੈ ਅਤੇ ਸੰਗਤ ਹਰ ਵਾਰ ਕਾਂਗਰਸ ਦੇ ਏਜੰਟਾਂ ਨੂੰ ਨਕਾਰਦੀ ਹੈ।
ਸ. ਕੀ ਐੱਸ. ਜੀ. ਪੀ. ਸੀ. ਨੇ ਤੁਹਾਡੇ ਇਸ਼ਾਰੇ 'ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰੱਦ ਕੀਤੀ?
ਜ. ਬਿਲਕੁਲ ਨਹੀਂ। ਕਾਂਗਰਸ ਸਿੱਖ ਸੰਸਥਾਵਾਂ ਦੇ ਭਰੋਸੇ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ। ਐੱਸ. ਜੀ. ਪੀ. ਸੀ. ਨੂੰ ਵੀ ਲੱਗਾ ਸੀ ਕਿ ਇਹ ਰਿਪੋਰਟ ਫਰਜ਼ੀ ਹੈ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਜੇਕਰ ਇਹ ਕਿਸੇ ਆਜ਼ਾਦ ਜੱਜ ਦੀ ਰਿਪੋਰਟ ਹੁੰਦੀ ਤਾਂ ਇਸ ਦਾ ਸੁਆਗਤ ਕੀਤਾ ਜਾਂਦਾ। ਵਿਧਾਨ ਸਭਾ ਵਿਚ ਵੀ ਚਰਚਾ ਦੌਰਾਨ ਕਿਸੇ ਕਾਂਗਰਸੀ ਨੇਤਾ ਨੇ ਰਿਪੋਰਟ ਦੇ ਤੱਥਾਂ ਦਾ ਜ਼ਿਕਰ ਨਹੀਂ ਕੀਤਾ ਅਤੇ ਇਸ 'ਤੇ ਸਿਆਸਤ ਕਰਦੇ ਰਹੇ।
ਸ. ਪੰਥਕ ਵੋਟ ਅਕਾਲੀ ਦਲ ਤੋਂ ਨਾਰਾਜ਼ ਕਿਉਂ ਹਨ, ਗਲਤੀ ਕਿੱਥੇ ਹੋਈ?
ਜ. ਇਹ ਸਿਰਫ ਇਕ ਝੂਠਾ ਪ੍ਰਚਾਰ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਝੂਠ ਬੋਲਿਆ। ਅਕਾਲੀ-ਭਾਜਪਾ ਸਰਕਾਰ ਦੇ ਖਿਲਾਫ ਨਸ਼ੇ ਦੇ ਦੋਸ਼ ਲਾਏ ਗਏ। ਕਾਂਗਰਸੀਆਂ ਨੇ ਪ੍ਰਚਾਰ ਦੌਰਾਨ ਕਿਹਾ ਕਿ ਅਕਾਲੀਆਂ ਦੀਆਂ ਗੱਡੀਆਂ 'ਚ ਨਸ਼ੇ ਦੀ ਸਪਲਾਈ ਹੁੰਦੀ ਸੀ। ਡੇਢ ਸਾਲ ਤੋਂ ਕਾਂਗਰਸ ਦੀ ਸਰਕਾਰ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਇਕ ਵੀ ਵਰਕਰ ਦਾ ਖੁਲਾਸਾ ਕਰਨ ਅਤੇ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਕੇ ਦਿਖਾਉਣ।
ਸ. ਚਰਚਾ ਇਹ ਹੈ ਕਿ ਤੁਹਾਡੀ ਕੈਪਟਨ ਸਰਕਾਰ ਅਮਰਿੰਦਰ ਸਿੰਘ ਨਾਲ ਯਾਰੀ ਕਾਰਨ ਅਕਾਲੀਆਂ ਖਿਲਾਫ ਐਕਸ਼ਨ ਨਹੀਂ ਹੁੰਦਾ?
ਜ. ਕੈਪਟਨ ਅਮਰਿੰਦਰ ਸਿੰਘ ਨਾਲ ਕਿਹੜੀ ਯਾਰੀ, ਉਸ ਨੇ ਤਾਂ ਸਾਡੇ 'ਤੇ ਪਰਚੇ ਦਰਜ ਕੀਤੇ ਸਨ। ਮੈਂ ਕਹਿੰਦਾ ਹਾਂ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਚੁੱਪ ਕਿਉਂ ਹਨ। ਚੋਣ ਪ੍ਰਚਾਰ ਦੇ ਸਮੇਂ ਤਾਂ ਇਹ ਸਾਡੇ 'ਤੇ ਰੇਤ ਮਾਫੀਆ ਨਾਲ ਮਿਲਣ ਦਾ ਦੋਸ਼ ਲਾਉਂਦੇ ਸਨ, ਹੁਣ ਇਨ੍ਹਾਂ ਦਾ ਆਪਣਾ ਮੰਤਰੀ ਰੇਤ ਮਾਫੀਆ ਨਾਲ ਸਬੰਧਾਂ ਕਾਰਨ ਬਰਖਾਸਤ ਹੋ ਗਿਆ। ਸਾਡੇ ਸਮੇਂ 'ਚ 100 ਦੇ ਲੱਗਭਗ ਬੇਅਦਬੀ ਦੇ ਮਾਮਲੇ ਹੋਏ, ਜਿਨ੍ਹਾਂ 'ਚੋਂ ਜ਼ਿਆਦਾਤਰ 'ਚ ਅਸੀਂ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰੀ ਕੀਤੀ। ਬਰਗਾੜੀ ਵਾਲਾ ਮਾਮਲਾ ਲੰਮਾ ਜ਼ਰੂਰ ਲਟਕ ਗਿਆ ਸੀ।
ਸ. ਕੈਪਟਨ 'ਤੇ ਦੋਸ਼ ਲੱਗ ਰਹੇ ਹਨ ਕਿ ਸੀ. ਬੀ. ਆਈ. ਜਾਂਚ ਦੀ ਸਿਫਾਰਿਸ਼ ਮਾਮਲੇ ਨੂੰ ਲਟਕਾਉਣ ਲਈ ਕੀਤੀ ਗਈ। ਇਸ ਲਈ ਐੱਸ. ਆਈ. ਟੀ. ਬਣਾਈ ਗਈ। ਤੁਸੀਂ ਕੀ ਕਹੋਗੇ?
ਜ. ਇਹ ਸਭ ਕਾਂਗਰਸ ਦੀ ਡਰਾਮੇਬਾਜ਼ੀ ਹੈ। ਅਸਲ 'ਚ ਕੈਪਟਨ ਅਮਰਿੰਦਰ ਸਿੰਘ ਡਰ ਗਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੇ ਕੀਤੀ ਤਾਂ ਜਸਟਿਸ ਰਣਜੀਤ ਸਿੰਘ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਜਾਵੇਗੀ, ਕਿਉਂਕਿ ਇਹ ਰਿਪੋਰਟ ਮਿਲੀਭਗਤ ਨਾਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈ ਗਈ ਅਤੇ ਜੇਕਰ ਸੀ. ਬੀ. ਆਈ. ਕਿਸੇ ਨਤੀਜੇ 'ਤੇ ਪਹੁੰਚੀ ਤਾਂ ਸਭ ਤੋਂ ਪਹਿਲਾਂ ਗਾਜ ਜਸਟਿਸ ਰਣਜੀਤ ਸਿੰਘ 'ਤੇ ਡਿਗੇਗੀ।
ਵਿਆਹ 'ਚ ਰੋਟੀ ਨੂੰ ਲੈ ਕੇ ਚੱਲੀਆਂ ਡਾਂਗਾਂ, ਦਾਦਕਿਆਂ ਨੇ ਕੁੱਟੇ ਨਾਨਕੇ (ਵੀਡੀਓ)
NEXT STORY