ਚੰਡੀਗੜ੍ਹ,(ਰਮਨਜੀਤ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਕੀਤੀ ਗਈ ਮੁੱਢਲੀ ਜਾਂਚ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜੱਗੂ ਭਗਵਾਨਪੁਰੀਆ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਨੂੰ ਖਾਰਜ ਕੀਤਾ ਹੈ। ਇਹ ਗੱਲ ਇਥੇ ਬੁੱਧਵਾਰ ਨੂੰ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਖ਼ਤਰਨਾਕ ਗੈਂਗਸਟਰ ਨੂੰ ਫਾਈਵ ਸਟਾਰ ਸਹੂਲਤਾਂ ਦੇਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਹੀ। ਜੱਗੂ ਹਾਲ ਹੀ 'ਚ ਸੀਨੀਅਰ ਸਿਆਸਤਦਾਨਾਂ ਨਾਲ ਆਪਣੇ ਪੁਰਾਣੇ ਸਬੰਧਾਂ ਦੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਕਰ ਕੇ ਸੁਰਖੀਆਂ 'ਚ ਰਿਹਾ ਹੈ। ਇਨ੍ਹਾਂ ਦੋਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਡੀ. ਜੀ. ਪੀ. (ਇੰਟੈਲੀਜੈਂਸ) ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਨਾਲ ਹੀ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਜਲਦ ਤੋਂ ਜਲਦ ਰਿਪੋਰਟ ਜਮ੍ਹਾ ਕਰਵਾਉਣ ਲਈ ਵੀ ਕਿਹਾ ਸੀ। ਭਾਵੇਂ ਅੰਤਿਮ ਰਿਪੋਰਟ ਹਾਲੇ ਆਉਣੀ ਹੈ, ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਅਨੁਸਾਰ
ਮੁੱਢਲੀ ਜਾਂਚ ਤੋਂ ਗੈਂਗਸਟਰ ਅਤੇ ਜੇਲ ਮੰਤਰੀ ਰੰਧਾਵਾ ਵਿਚਕਾਰ ਕੋਈ ਸਬੰਧ ਸਾਹਮਣੇ ਨਹੀਂ ਆਏ ਹਨ।
ਇਸ ਗੱਲ ਨੂੰ ਉਜਾਗਰ ਕਰਦਿਆਂ ਕਿ ਬੀਤੇ ਕੁਝ ਮਹੀਨਿਆਂ ਤੋਂ ਜੱਗੂ ਦੇ ਸਾਥੀਆਂ ਖਿਲਾਫ਼ ਕਾਰਵਾਈ ਜਾਰੀ ਹੈ, ਪੰਜਾਬ ਪੁਲਸ ਨੇ ਗੈਂਗਸਟਰ ਨਾਲ ਨਰਮੀ ਵਰਤਣ ਦੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਨੂੰ ਨਕਾਰਿਆ ਹੈ। ਪਿਛਲੇ ਮਹੀਨੇ ਬਲਜੀਤ ਸਿੰਘ ਨੂੰ ਅੰਮ੍ਰਿਤਸਰ ਜ਼ਿਲੇ 'ਚ ਹਥਿਆਰਾਂ ਅਤੇ ਸੋਨੇ ਸਮੇਤ ਫੜਿਆ ਗਿਆ ਸੀ ਅਤੇ ਅਕਤੂਬਰ 'ਚ ਗੈਂਗਸਟਰ ਹਰਮਿੰਦਰ ਸਿੰਘ ਨੂੰ ਜਲੰਧਰ ਜ਼ਿਲੇ 'ਚ ਵੱਡੀ ਮਾਤਰਾ 'ਚ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਜੱਗੂ ਦੇ ਨੇੜਲੇ ਸਾਥੀ ਦੱਸੇ ਜਾਂਦੇ ਹਨ। ਏ.ਡੀ.ਜੀ.ਪੀ. (ਜੇਲਾਂ) ਨੇ ਗੈਂਗਸਟਰ ਲਈ ਪਟਿਆਲਾ ਸੈਂਟਰਲ ਜੇਲ 'ਚ ਕਿਸੇ ਵੀ ਤਰ੍ਹਾਂ ਦੀਆਂ ਫਾਈਵ ਸਟਾਰ ਸਹੂਲਤਾਂ ਦੇ ਦੋਸ਼ਾਂ ਨੂੰ ਨਕਾਰਿਆ ਹੈ। ਏ.ਡੀ.ਜੀ.ਪੀ. ਜੇਲਾਂ ਵਲੋਂ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਹੋਰਨਾਂ ਕੈਦੀਆਂ ਦੀ ਤਰ੍ਹਾਂ ਉਚ ਸੁਰੱਖਿਆ ਜ਼ੋਨ 'ਚ ਇਕ ਵੱਖਰੇ ਸੈੱਲ 'ਚ ਰੱਖਿਆ ਗਿਆ ਹੈ ਅਤੇ ਉਸ ਦੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਜੱਗੂ ਮੁੱਖ ਤੌਰ 'ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ 'ਚ ਕਈ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਸੀ।
ਕਾਂਗਰਸ ਨੇ ਪੰਜਾਬ ਨੂੰ ਢਾਈ ਸਾਲਾਂ ’ਚ ਕੁੱਟਿਆ ਤੇ ਲੁੱਟਿਆ : ਪ੍ਰੋ. ਚੰਦੂਮਾਜਰਾ
NEXT STORY