ਲੁਧਿਆਣਾ (ਸਲੂਜਾ) : ਭਾਜਪਾ ਦੇ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਈ. ਵੀ. ਐਮ. ਸਿਸਟਮ ਸਬੰਧੀ ਦਿੱਤੇ ਬਿਆਨ 'ਤੇ ਉਨ੍ਹਾਂ ਨੂੰ ਇਹ ਨੇਕ ਸਲਾਹ ਦਿੱਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਦੇ ਰੂਪ 'ਚ ਕੰਮ ਨਾ ਕਰਨ, ਸਗੋਂ ਆਪਣੀ ਬਣਦੀ ਧਾਰਮਿਕ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਇਹ ਪੰਜਾਬ, ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਲਈ ਬਿਹਤਰ ਹੋਵੇਗਾ।
ਗਰੇਵਾਲ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਿਲ ਤੋਂ ਸਤਿਕਾਰ ਕਰਦੇ ਹਨ ਪਰ ਸਰਵਉੱਚ ਅਕਾਲ ਤਖ਼ਤ ਸਾਹਿਬ ਦੇ ਪਲੇਟਫਾਰਮ ਨੂੰ ਸਿਆਸਤ ਦੇ ਲਈ ਇਸਤੇਮਾਲ ਕੀਤੇ ਜਾਣ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸਤ ਦਾ ਅਖਾੜਾ ਨਾ ਬਣਨ ਦਿੱਤਾ ਜਾਵੇ, ਸਗੋਂ ਇਸ ਸਰਵਉੱਚ ਤਖ਼ਤ ਦੇ ਸਨਮਾਨ ਅਤੇ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਲਗਾਤਾਰ ਕਈ ਵਰ੍ਹੇ ਅੱਤਵਾਦ ਦੇ ਸੰਤਾਪ ਦਾ ਸਾਹਮਣਾ ਕੀਤਾ, ਜਿਸ 'ਚ ਹਜ਼ਾਰਾਂ ਪੰਜਾਬੀਆਂ ਦੀ ਸ਼ਹਾਦਤ ਹੋਈ ਪਰ ਅੱਜ ਤੱਕ ਪੰਜਾਬ ਤਰੱਕੀ ਦੇ ਰਸਤੇ ਵਾਪਸ ਨਹੀਂ ਪਰਤ ਸਕਿਆ। ਉਸ ਸਮੇਂ ਦਾ ਕਰਜ਼ਾਈ ਹੋਇਆ ਪੰਜਾਬ ਅੱਜ ਤਕ ਕਰਜ਼ਾ ਮੁਕਤ ਨਹੀਂ ਹੋ ਸਕਿਆ। ਗਰੇਵਾਲ ਨੇ ਕਿਹਾ ਕਿ ਸਿੰਘ ਸਾਹਿਬ ਵੱਲੋਂ ਕਦੇ ਭਾਜਪਾ ਦੀ ਜਿੱਤ 'ਤੇ ਸਵਾਲ ਚੁੱਕਣਾ ਅਤੇ ਕਦੇ ਖ਼ਾਲਿਸਤਾਨ ਦੀ ਮੰਗ ਦਾ ਸਮਰਥਨ ਕਰਨਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਜੱਥੇਦਾਰ ਦਾ ਕੰਮ ਨਹੀਂ ਹੈ ,ਉਨ੍ਹਾਂ ਦਾ ਕੰਮ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਹੈ।
ਅੰਮ੍ਰਿਤਸਰ ਏਅਰਪੋਰਟ 'ਤੇ ਫ਼ੌਜੀ ਦੀ ਪਤਨੀ ਨਾਲ ਕਰਮਚਾਰੀ ਨੇ ਕੀਤੀਆਂ ਗੰਦੀਆਂ ਹਰਕਤਾਂ, ਗ੍ਰਿਫ਼ਤਾਰ
NEXT STORY