ਲੁਧਿਆਣਾ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਲੁਧਿਆਣਾ ਵਿਚ ਭਾਜਪਾ ਆਗੂਆਂ 'ਤੇ ਹੋਏ ਸਿਆਹੀ ਹਮਲੇ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਲੁਧਿਆਣਾ ਦੱਖਣ ਵਿਧਾਨ ਸਭਾ ਹਲਕੇ ਦੇ ਗਿਆਸਪੁਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਸ਼ਾਂਤਮਈ ਲੋਕਤੰਤਰਕ ਪ੍ਰਦਰਸ਼ਨ ਦੌਰਾਨ ਸੀਨੀਅਰ ਭਾਜਪਾ ਪੰਜਾਬ ਆਗੂਆਂ ਅਨਿਲ ਸਰੀਨ, ਗੁਰਦੇਵ ਸ਼ਰਮਾ ਦੇਬੀ, ਜਤਿੰਦਰ ਮਿੱਤਲ, ਗੁਰਦੀਪ ਸਿੰਘ “ਨੀਟੂ” ਤੇ ਹੋਰ ਭਾਜਪਾ ਵਰਕਰਾਂ ਉੱਤੇ ਸ਼ਰਮਨਾਕ ਤਰੀਕੇ ਨਾਲ ਸਿਆਹੀ ਸੁੱਟੀ ਗਈ। ਗਰੇਵਾਲ ਨੇ ਦਾਅਵਾ ਕੀਤਾ ਕਿ ਸਿਆਹੀ ਸੁੱਟਣ ਵਾਲੇ ਸੁਮੀਤ ਲੋਹਾਰਾ ਤੇ ਵਿਸ਼ਾਲ ਗੋਗਲੀਆ ਆਮ ਆਦਮੀ ਪਾਰਟੀ ਦੇ ਵਰਕਰ ਹਨ ਤੇ MLA ਦੇ ਕਰੀਬੀ ਹਨ।
ਉਨ੍ਹਾਂ ਕਿਹਾ ਕਿ ਇਸ ਸ਼ਰਮਨਾਕ ਘਟਨਾ ਨੇ ਪੰਜਾਬ ਦੀ ਜਨਤਾ ਅੱਗੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਗਰੇਵਾਲ ਨੇ ਕਿਹਾ ਕਿ ਜਦੋਂ ਕੋਈ ਰਾਜਨੀਤਿਕ ਪਾਰਟੀ ਲੋਕਾਂ ਦਾ ਸਮਰਥਨ ਗਵਾ ਬੈਠਦੀ ਹੈ ਤਾਂ ਉਹ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਗੁੰਡਾਗਰਦੀ, ਧਮਕੀਆਂ, ਡਰਾਉਣ-ਧਮਕਾਉਣ ਦਾ ਸਹਾਰਾ ਲੈਣ ਲੱਗ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਡਰਪੋਕ ਰਾਜਨੀਤਿਕ ਹਿੰਸਾ ਲੋਕਤੰਤਰ ਤੇ ਲੋਕਤੰਤਰਕ ਕਦਰਾਂ-ਕੀਮਤਾਂ ਉੱਤੇ ਸਿੱਧਾ ਹਮਲਾ ਹੈ। ਗਰੇਵਾਲ ਨੇ ਕਿਹਾ ਕਿ ਭਾਜਪਾ ਵਰਕਰ ਡਰ, ਧਮਕੀਆਂ ਤੇ ਸਸਤੀ ਰਾਜਨੀਤਿਕ ਨੌਟੰਕੀ ਅੱਗੇ ਕਦੇ ਚੁੱਪ ਨਹੀਂ ਬੈਠਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਸ਼ਰਮਨਾਕ ਘਟਨਾ ਵਿਚ ਸ਼ਾਮਲ ਵਿਅਕਤੀਆਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਆਪਣੀ ਪੂਰੀ “ਗਰੇਵਾਲ ਟੀਮ”, ਖ਼ਾਸ ਕਰਕੇ ਆਪਣੇ ਟੀਮ ਹੈੱਡ ਮਨਦੀਪ ਸਿੰਘ ਦੁੱਗਲ ਤੇ ਆਪਣੀ ਪੂਰੀ ਟੀਮ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਤੁਰੰਤ ਦੋਸ਼ੀਆਂ ਦੀ ਪਛਾਣ ਕਰਕੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਤਾਂ ਜੋ ਬਿਨਾਂ ਕਿਸੇ ਦੇਰੀ ਦੇ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਗਰੇਵਾਲ ਨੇ ਪੰਜਾਬ ਪੁਲਸ, ਖ਼ਾਸ ਕਰਕੇ ਆਈਪੀਐਸ ਅਧਿਕਾਰੀ ਸਵਪਨ ਸ਼ਰਮਾ, ਕਮਿਸ਼ਨਰੇਟ ਪੁਲਸ ਲੁਧਿਆਣਾ, ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਫੌਰੀ ਕਾਰਵਾਈ ਕੀਤੀ। ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਧਿਆਨ ਨਾਲ ਵੇਖ ਰਹੀ ਹੈ ਤੇ ਉਹ ਸਮਾਂ ਦੂਰ ਨਹੀਂ ਜਦੋਂ ਲੋਕ ਇਸ ਤਰ੍ਹਾਂ ਦੀ ਅਹੰਕਾਰੀ, ਹਿੰਸਕ ਤੇ ਲੋਕਤੰਤਰ ਵਿਰੋਧੀ ਰਾਜਨੀਤੀ ਦਾ ਲੋਕਤੰਤਰਕ ਢੰਗ ਨਾਲ ਕਰਾਰਾ ਜਵਾਬ ਦੇਣਗੇ।
ਪੰਜਾਬ: ਵਾਹਨ ਚਾਲਕ ਸਾਵਧਾਨ! ਹੁਣ ਨਾਕੇ ਲਾ ਕੇ ਜ਼ਬਤ ਕੀਤੀਆਂ ਜਾਣਗੀਆਂ ਇਹ ਗੱਡੀਆਂ
NEXT STORY