ਚੰਡੀਗੜ੍ਹ (ਰਜਿੰਦਰ) : ਹੁਣ ਟ੍ਰੈਪ ਕੈਮਰਿਆਂ ਦੀ ਮਦਦ ਨਾਲ ਸੁਖ਼ਨਾ ਵਾਈਲਡ ਲਾਈਫ ਸੈਂਚੁਰੀ ਵਿਚ ਜੰਗਲੀ ਜੀਵਾਂ ਦੀ ਹਲਚਲ ਨੂੰ ਕੈਦ ਕੀਤਾ ਜਾਵੇਗਾ। ਯੂ. ਟੀ. ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਵਲੋਂ ਸੈਂਚੁਰੀ ਵਿਚ 20 ਟ੍ਰੈਪ ਕੈਮਰੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਕੰਮ 15 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਵਿਭਾਗ ਨੇ ਇੱਥੇ ਤਿੰਨ ਟ੍ਰੈਪ ਕੈਮਰੇ ਲਾਏ ਸਨ, ਜਿਨ੍ਹਾਂ ਵਿਚ ਪਿਛਲੇ ਸਾਲ ਇਕ ਤੇਂਦੂਆ ਵੀ ਕੈਦ ਹੋਇਆ ਸੀ।
ਇਸ ਸਬੰਧੀ ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਦਵਿੰਦਰ ਦਲਾਈ ਨੇ ਦੱਸਿਆ ਕਿ ਜੰਗਲੀ ਜੀਵ ਸੁਰੱਖਿਆ ਕੇਂਦਰ ਵਿਚ 20 ਹੋਰ ਟ੍ਰੈਪ ਕੈਮਰੇ ਲਾਏ ਜਾ ਰਹੇ ਹਨ, ਜਿਨ੍ਹਾਂ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਨਾਲ ਵਿਭਾਗ ਨੂੰ ਜੰਗਲੀ ਜੀਵਾਂ ਦੀ ਹਰਕਤ ਸਬੰਧੀ ਪਤਾ ਚੱਲਦਾ ਰਹੇਗਾ। ਖ਼ਾਸ ਤੌਰ ’ਤੇ ਕੈਮਰਿਆਂ ਦੀ ਮਦਦ ਨਾਲ ਤੇਂਦੂਏ ਦੀ ਹਲਚਲ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਾਇਲਟ ਬੇਸ ’ਤੇ ਤਿੰਨ ਕੈਮਰੇ ਲਾਏ ਗਏ ਸਨ। ਸਿਟੀ ਬਿਊਟੀਫੁਲ ਦੇ ਆਲੇ-ਦੁਆਲੇ ਜੰਗਲੀ ਖੇਤਰ ਹੋਣ ਕਾਰਨ ਤੇਂਦੂਏ ਆਉਂਦੇ ਰਹੇ ਹਨ।
ਇਸ ਤੋਂ ਪਹਿਲਾਂ ਪੰਚਕੂਲਾ ਦੇ ਬੋਟੈਨੀਕਲ ਗਾਰਡਨ, ਏਅਰ ਫੋਰਸ ਸਟੇਸ਼ਨ, ਸੁਖ਼ਨਾ ਵਾਈਲਡ ਲਾਈਫ ਸੈਂਚੁਰੀ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਵੀ ਤੇਂਦੂਏ ਦੇਖੇ ਗਏ ਜਾਂ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਪਾਏ ਗਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਖੇਤਰਾਂ ਵਿਚ ਉਨ੍ਹਾਂ ਦੇ ਆਉਣ ਦਾ ਕਾਰਨ ਪਾਣੀ ਅਤੇ ਭੋਜਨ ਹੈ। ਜਦੋਂ ਉਨ੍ਹਾਂ ਨੂੰ ਆਪਣੀ ਲੋੜ ਦੀ ਚੀਜ਼ ਨਹੀਂ ਲੱਭਦੀ ਤਾਂ ਉਹ ਸ਼ਹਿਰ ਵੱਲ ਰੁਖ ਕਰਦੇ ਹਨ।
ਜਲੰਧਰ: ਸ਼ਾਲ ਨਾਲ ਗਲਾ ਘੁੱਟ ਕੇ ਨਾਨੀ ਨੂੰ ਦੋਹਤੇ ਨੇ ਦਿੱਤੀ ਸੀ ਬੇਰਹਿਮ ਮੌਤ, ਗ੍ਰਿਫ਼ਤਾਰ ਮੁਲਜ਼ਮਾਂ ਨੇ ਖੋਲ੍ਹੇ ਰਾਜ਼
NEXT STORY