ਜਲੰਧਰ (ਚੋਪੜਾ)—ਪੰਜਾਬ ਪ੍ਰਦੇਸ਼ ਕਾਂਗਰਸ ਸਰਕਾਰ ਦੇ ਬੁਲਾਰੇ ਗੋਰਾ ਗਿੱਲ ਨੇ ਭੁਲੱਥ ਹਲਕੇ ਦੇ ਕਾਂਗਰਸੀ ਨੇਤਾਵਾਂ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਵਿਧਾਇਕ ਸੁਖਪਾਲ ਖਹਿਰਾ ਨੂੰ ਭਾਰਤੀ ਸੰਵਿਧਾਨ ਦੀ ਉਪ-ਧਾਰਾ 10ਵੀਂ ਦੇ ਤਹਿਤ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਇਕ ਮੰਗ-ਪੱਤਰ ਸੌਪਿਆ। ਗੋਰਾ ਗਿੱਲ ਨੇ ਸਪੀਕਰ ਨੂੰ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਭੁਲੱਥ ਹਲਕੇ ਤੋਂ ਚੋਣ ਜਿੱਤੀ ਸੀ ਪਰ 6 ਜਨਵਰੀ 2019 ਨੂੰ ਵਿਧਾਇਕ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋ ਬਾਅਦ 8 ਜਨਵਰੀ ਨੂੰ ਵਿਧਾਇਕ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾਈ ਸੀ। ਜਿਸ ਦੇ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਪਾਲ ਖਹਿਰਾ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੀ ਨਵੀਂ ਬਣਾਈ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜੀ ਸੀ ਤੇ ਹਾਰ ਗਏ ਸਨ। ਜਦਕਿ ਇਨ੍ਹਾਂ ਚੋਣਾਂ ਵਿਚ 'ਆਪ' ਦੀ ਉਮੀਦਵਾਰ ਬਰਜਿੰਦਰ ਕੌਰ ਵੀ ਮੈਦਾਨ ਵਿਚ ਉੱਤਰੀ ਸੀ। ਖਹਿਰਾ ਨੇ ਉਸ ਵਿਰੁੱਧ ਡਟਕੇ ਪ੍ਰਚਾਰ ਕੀਤਾ ਸੀ।
ਗੋਰਾ ਗਿੱਲ ਨੇ ਕਿਹਾ ਕਿ ਨਵੀਂ ਪਾਰਟੀ ਦੇ ਗਠਨ ਦੌਰਾਨ ਖਹਿਰਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਨਵੀਂ ਪਾਰਟੀ ਦਾ ਗਠਨ ਕਰ ਕੇ ਅਤੇ ਬਠਿੰਡਾ ਦੀਆਂ ਚੋਣਾਂ ਲੜਨ ਦਾ ਫੈਸਲਾ ਉਨ੍ਹਾਂ ਨੇ ਭੁਲੱਥ ਦੀ ਜਨਤਾ ਨਾਲ ਸਲਾਹ-ਮਸ਼ਵਰਾ ਕਰ ਕੇ ਹੀ ਕੀਤਾ ਸੀ।
ਉਨ੍ਹਾਂ ਕਿਹਾ ਕਿ ਖਹਿਰਾ ਨੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਤੇ ਉਨ੍ਹਾਂ ਨੂੰ ਦਲਬਦਲੂ ਕਾਨੂੰਨ ਦੇ ਤਹਿਤ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੁਆਰਾ ਦਿੱਤੇ ਗਏ ਅਸਤੀਫੇ ਨੂੰ ਮਨਜ਼ੂਰੀ ਮਿਲਣ ਦੀ ਸ਼ੰਕਾ ਕਾਰਨ ਹੀ ਉਨ੍ਹਾਂ ਨੇ 2 ਦਿਨ ਪਹਿਲਾਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਗੋਰਾ ਗਿੱਲ ਨੇ ਕਿਹਾ ਕਿ ਜਿਸ ਪਾਰਟੀ ਵਲੋਂ ਚੋਣ ਲੜੀ ਅਤੇ ਨਵੀਂ ਪਾਰਟੀ ਬਣਾ ਕੇ ਉਸੇ ਪਾਰਟੀ ਵਿਰੁੱਧ ਚੋਣ ਲੜਨ ਵਾਲੇ ਵਿਧਾਇਕ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ SGPC ਨੇ ਇਨ੍ਹਾਂ ਵੱਡੀਆਂ ਹਸਤੀਆਂ ਨੂੰ ਭੇਜਿਆ ਸੱਦਾ
NEXT STORY