ਚੰਡੀਗੜ੍ਹ(ਸ਼ਰਮਾ, ਰਮਨਜੀਤ)- ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਵਿਚ ਪਾਰਟੀ ਦੇ ਕੌਮੀ ਕਨਵੀਨਰ ਦੇ ਮੁਆਫ਼ੀ ਮੰਗਣ ਤੋਂ ਬਾਅਦ ਉਠਿਆ ਬਵਾਲ ਰੁਕਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਸ ਮੁਆਫ਼ੀਨਾਮੇ ਤੋਂ ਬਾਅਦ ਵਿਦਰੋਹ ਦਾ ਬਿਗੁਲ ਵਜਾਉਣ ਵਾਲੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਸੁਰ ਨਰਮ ਪੈ ਗਏ ਹਨ। ਪਾਰਟੀ ਹਾਈਕਮਾਨ ਦੇ ਸੰਦੇਸ਼ 'ਤੇ ਆਪਣੇ ਸਹਿਯੋਗੀਆਂ ਸਮੇਤ ਦਿੱਲੀ ਨਾ ਜਾਣ ਦਾ ਐਲਾਨ ਕਰਨ ਵਾਲੇ ਖਹਿਰਾ ਨੇ ਕਿਹਾ ਕਿ ਕਿਉਂਕਿ ਕੇਜਰੀਵਾਲ ਨੇ ਆਪਣਾ ਸਟੈਂਡ ਪਾਰਟੀ ਵਿਧਾਇਕਾਂ ਨਾਲ ਕਲੀਅਰ ਕਰ ਲਿਆ ਹੈ, ਇਸ ਲਈ ਹੁਣ ਮਾਮਲਾ ਖਤਮ ਸਮਝਿਆ ਜਾਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਮਾਮਲੇ 'ਤੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਟੈਂਡ ਸਪੱਸ਼ਟ ਹੈ, ਬੇਸ਼ੱਕ ਇਹ ਕੇਜਰੀਵਾਲ ਦੇ ਮੁਆਫ਼ੀਨਾਮੇ ਨਾਲ ਮੇਲ ਨਹੀਂ ਖਾਂਦਾ ਪਰ ਕਿਉਂਕਿ ਕੇਜਰੀਵਾਲ ਦੇ ਤਰਕ ਨਾਲ ਉਨ੍ਹਾਂ ਨੂੰ ਮਿਲਣ ਗਏ ਵਿਧਾਇਕ ਸੰਤੁਸ਼ਟ ਹਨ, ਇਸ ਲਈ ਇਸ ਮਾਮਲੇ ਨੂੰ ਖਤਮ ਸਮਝਿਆ ਜਾਣਾ ਚਾਹੀਦਾ ਹੈ। ਖਹਿਰਾ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਪਾਰਟੀ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਬੁਲਾਈ ਗਈ ਪਾਰਟੀ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਖੁਦ ਬਜਟ ਸੈਸ਼ਨ ਤੋਂ ਬਾਅਦ ਦਿੱਲੀ ਵਿਚ ਪਾਰਟੀ ਹਾਈਕਮਾਨ ਦੇ ਨੇਤਾਵਾਂ ਨਾਲ ਮਿਲਣ ਜਾਣਗੇ। ਜੇਕਰ ਉਨ੍ਹਾਂ ਦੇ ਸਟੈਂਡ ਦੇ ਬਾਰੇ ਹਾਈਕਮਾਨ ਨੂੰ ਕੋਈ ਖਦਸ਼ਾ ਹੈ ਤਾਂ ਉਹ ਕਲੀਅਰ ਕਰਨਗੇ। ਖਹਿਰਾ ਵਲੋਂ ਬੁਲਾਈ ਗਈ ਵਿਧਾਇਕਾਂ ਦੀ ਇਸ ਬੈਠਕ ਵਿਚ 20 ਵਿਚੋਂ 13 ਪਾਰਟੀ ਵਿਧਾਇਕ ਹੀ ਸ਼ਾਮਲ ਹੋਏ, ਉਨ੍ਹਾਂ ਵਿਚੋਂ ਵੀ 5 ਵਿਧਾਇਕ ਉਹ ਸਨ, ਜੋ ਬੀਤੇ ਦਿਨ ਦਿੱਲੀ ਵਿਚ ਆਯੋਜਿਤ ਬੈਠਕ ਵਿਚ ਹਿੱਸਾ ਲੈ ਕੇ ਆਏ ਸਨ।
ਹਾਈਕਮਾਨ ਦੀ ਮਨਜ਼ੂਰੀ ਨਾਲ ਗਠਿਤ ਕੋਰ ਕਮੇਟੀ ਕਾਇਮ, ਕੇਜਰੀਵਾਲ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟ : ਅਰੋੜਾ
ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਆਪਣੇ ਪ੍ਰਦੇਸ਼ ਪਾਰਟੀ ਸਹਿ ਪ੍ਰਧਾਨ ਦੇ ਪਦ ਤੋਂ ਤਿਆਗ ਪੱਤਰ ਦੇਣ ਤੋਂ ਬਾਅਦ ਬੀਤੇ ਦਿਨੀਂ ਦਿੱਲੀ ਵਿਚ ਆਯੋਜਿਤ ਪਾਰਟੀ ਵਿਧਾਇਕਾਂ ਦੀ ਬੈਠਕ ਵਿਚ ਭਾਗ ਲੈ ਚੁੱਕੇ ਅਮਨ ਅਰੋੜਾ ਨੇ ਅੱਜ ਦੀ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਸਵਾਲ 'ਤੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਕੇਜਰੀਵਾਲ ਵਲੋਂ ਮੁਆਫ਼ੀਨਾਮੇ ਸਬੰਧੀ ਦਿੱਤੇ ਗਏ ਤਰਕ ਤੋਂ ਸੰਤੁਸ਼ਟ ਹਨ, ਇਸ ਲਈ ਪਾਰਟੀ ਦੀ ਪ੍ਰਦੇਸ਼ ਇਕਾਈ ਵਿਚ ਸੰਕਟ ਜਿਹੀ ਕੋਈ ਗੱਲ ਨਹੀਂ। ਹਾਲਾਂਕਿ ਪਾਰਟੀ ਰਾਜ ਵਿਚ ਡਰੱਗਜ਼ ਦੇ ਮਾਮਲੇ ਨੂੰ ਅਸਰਦਾਰ ਢੰਗ ਨਾਲ ਉਠਾਉਂਦੀ ਰਹੇਗੀ। ਬੀਤੀ 16 ਮਾਰਚ ਨੂੰ ਪਾਰਟੀ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਖਹਿਰਾ ਵਲੋਂ ਪ੍ਰਦੇਸ਼ ਪਾਰਟੀ ਦੀ ਨਵੀਂ ਗਠਿਤ ਕਮੇਟੀ ਨੂੰ ਰਿਜੈਕਟ ਕੀਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਅਰੋੜਾ ਨੇ ਕਿਹਾ ਕਿ ਇਹ ਕਮੇਟੀ ਪ੍ਰਦੇਸ਼ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਦੀ ਮਨਜ਼ੂਰੀ ਮਗਰੋਂ ਐਲਾਨ ਕੀਤੀ ਗਈ ਤੇ ਇਹ ਕਾਇਮ ਹੈ, ਇਸ ਦੇ ਭੰਗ ਹੋਣ ਦਾ ਕੋਈ ਸਵਾਲ ਨਹੀਂ ਹੈ।
ਖਹਿਰਾ ਸੰਧੂ ਨਾਲ ਖੜ੍ਹੇ, ਕੇਜਰੀਵਾਲ ਨਾਲ ਕੋਈ ਲੈਣਾ ਦੇਣਾ ਨਹੀਂ : ਬੈਂਸ
ਕੇਜਰੀਵਾਲ ਦੇ ਮੁਆਫ਼ੀਨਾਮੇ ਮਗਰੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋੜਨ ਦਾ ਐਲਾਨ ਕਰ ਚੁੱਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਿਚ ਉਠਿਆ ਬਵਾਲ ਉਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਉਨ੍ਹਾਂ ਦੀ ਪਾਰਟੀ ਇਸ ਪਾਰਟੀ ਨਾਲ ਗੱਠਜੋੜ ਤੋੜ ਚੁੱਕੀ ਹੈ। ਇਸ ਲਈ ਉਨ੍ਹਾਂ ਦੀ ਪਾਰਟੀ ਦਾ ਕੇਜਰੀਵਾਲ ਜਾਂ ਉਨ੍ਹਾਂ ਦੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਪ੍ਰਦੇਸ਼ ਹਿੱਤ ਵਿਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਵਲੋਂ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ 'ਤੇ ਲੋਕ ਇਨਸਾਫ਼ ਪਾਰਟੀ ਉਨ੍ਹਾਂ ਦਾ ਸਹਿਯੋਗ ਕਰੇਗੀ।
ਪੰਜਾਬ 'ਚ 7000 ਅਣਅਧਿਕਾਰਿਤ ਕਾਲੋਨੀਆਂ ਹੋਣਗੀਆਂ ਰੈਗੂਲਰ
NEXT STORY