ਚੰਡੀਗੜ੍ਹ : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਵਰ੍ਹਦਿਆਂ ਆਖਿਆ ਕਿ ਉਹ ਸਨਅਤੀ ਵਿਕਾਸ ਲਈ ਪੇਂਡੂ ਖੇਤਰਾਂ ਵਿਚ ਲੈਂਡ ਬੈਂਕਾਂ ਬਣਾਉਣ ਲਈ ਸੂਬਾ ਸਰਕਾਰ ਦੇ ਫੈਸਲੇ ਵਿਰੁੱਧ ਕੂੜ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਸ 'ਤੇ ਬੋਲਦਿਆਂ ਉਦਯੋਗ ਮੰਤਰੀ ਨੇ ਸਰਕਾਰ ਵੱਲੋਂ ਪੰਜਾਬ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ) ਰੂਲਜ਼, 1964 ਵਿਚ ਸੋਧ ਕਰਨ ਦੇ ਕੀਤੇ ਫੈਸਲੇ 'ਤੇ ਗਲਤਫਹਿਮੀ ਪੈਦਾ ਕਰਨ ਲਈ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ। ਲੋਕ ਇਨਸਾਫ ਪਾਰਟੀ ਵੱਲੋਂ ਇਸ ਮੁੱਦੇ 'ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਨੂੰ ਸਿਆਸੀ ਸਟੰਟ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਵਰਗਲਾਉਣਾ ਹੈ। ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੈਂਸ ਪੂਰੀ ਤਰ੍ਹਾਂ ਝੂਠ ਤੇ ਮਨਘੜਤ ਗੱਲਾਂ ਵਿਚ ਗਲਤਾਨ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਲੋਕ ਇਨਸਾਫ ਪਾਰਟੀ ਸੂਬੇ ਦੇ ਸਿਆਸੀ ਪਿੜ ਵਿਚੋਂ ਪੂਰੀ ਤਰ੍ਹਾਂ ਮੁਨਫੀ ਹੋ ਗਈ ਹੈ ਜਿਸ ਕਰਕੇ ਉਹ ਆਪਣੇ ਪੈਰ ਜਮਾਉਣ ਲਈ ਅਜਿਹੇ ਢੰਗ-ਤਰੀਕਿਆਂ ਨਾਲ ਹੱਥ-ਪੈਰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਦਯੋਗ ਮੰਤਰੀ ਨੇ ਕਿਹਾ ਕਿ ਸਕੀਮ ਤਹਿਤ ਪੇਂਡੂ ਲੈਂਡ ਬੈਂਕਾਂ ਕਾਇਮ ਕਰਨਾ ਸਵੈ-ਇਛੁੱਕ ਫੈਸਲਾ ਹੈ ਅਤੇ ਪੰਚਾਇਤਾਂ ਦੀ ਮਰਜ਼ੀ ਨਾਲ ਜੁੜਿਆ ਹੈ ਜਿਸ ਕਰਕੇ ਪੰਚਾਇਤਾਂ ਨੂੰ ਕੋਈ ਵੀ ਜ਼ਮੀਨ ਵੇਚਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਬੈਂਸ ਦੇ ਝੂਠੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਜ਼ਮੀਨ ਵੇਚਣ ਲਈ ਰਾਜ਼ੀ ਹੈ ਤਾਂ ਉਸ ਨੂੰ ਇਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂ ਤਾਂ ਬੈਂਸ ਪੰਜਾਬ ਬਾਰੇ ਬੁਨਿਆਦੀ ਤੱਥਾਂ ਤੋਂ ਅਣਜਾਣ ਹਨ ਜਾਂ ਫਿਰ ਆਪਣੇ ਸਿਆਸੀ ਮੁਫਾਦਾਂ ਖਾਤਰ ਇਨ੍ਹਾਂ ਤੱਥਾਂ ਨੂੰ ਜਾਣਬੁੱਝ ਕੇ ਅੱਖੋਂ-ਪਰੋਖੇ ਕਰ ਰਹੇ ਹਨ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY