ਜਲੰਧਰ (ਅਨਿਲ ਪਾਹਵਾ): ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਸੁਨੀਲ ਜਾਖੜ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਰ.ਡੀ.ਐੱਫ. (ਪੇਂਡੂ ਵਿਕਾਸ ਫੰਡ) ਨੂੰ ਲੈ ਕੇ ਕੇਂਦਰ ਤੋਂ ਫੰਡ ਲੈਣ ਲਈ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਨੇਤਾਵਾਂ ਦਾ ਮਜ਼ਾਕ ਉਡਾਉਣ ਵਾਲੇ ਟਵੀਟ ਦਾ ਜਵਾਬ ਵੀ ਦਿੱਤਾ ਹੈ। ਇਸ ਤੋਂ ਇਲਾਵਾ ਜਾਖੜ ਨੇ ਸੂਬੇ ਦੀ ਸਥਿਤੀ ਅਤੇ ਕੇਂਦਰ ਦੀਆਂ ਸਕੀਮਾਂ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ। ਪੇਸ਼ ਹਨ ਸੁਨੀਲ ਜਾਖਰ ਨਾਲ ਵਿਸ਼ੇਸ਼ ਗੱਲਬਾਤ ਦੇ ਮੁੱਖ ਅੰਸ਼:-
ਜਲੰਧਰ 'ਚ ਭਾਜਪਾ ਦੀ ਕੀ ਸਥਿਤੀ ਹੈ
ਜਿੰਨੀ ਮਿਹਨਤ ਆਮ ਆਦਮੀ ਪਾਰਟੀ ਜਲੰਧਰ ਦੀ ਸੀਟ ਜਿੱਤਣ ਲਈ ਕਰ ਰਹੀ ਹੈ, ਜੇਕਰ ਇੰਨੀ ਮਿਹਨਤ ਸੂਬੇ ਨੂੰ ਸੰਭਾਲਣ ਲਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਦਾ ਮਾਹੌਲ ਇਹੋ ਜਿਹਾ ਨਾ ਹੁੰਦਾ। ਪਾਰਟੀ ਤਿੰਨ ਮਹੀਨਿਆਂ ਵਿਚ ਸੰਗਰੂਰ ਚੋਣ ਹਾਰ ਗਈ। ਇਹ ਚੋਣ ਆਮ ਆਦਮੀ ਪਾਰਟੀ ਦੀ ਸਰਕਾਰ ਲਈ ‘ਅੱਖ ਖੋਲ੍ਹਣ ਵਾਲੀ’ ਹੋਣੀ ਚਾਹੀਦੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਪਾਰਟੀ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ। ਹਾਲਾਤ ਬਦ ਤੋਂ ਬਦਤਰ ਹੁੰਦੇ ਗਏ, ਰਾਜ ਮੰਤਰੀਆਂ ਦੀਆਂ ਵਿਕਟਾਂ ਡਿੱਗ ਰਹੀਆਂ ਹਨ। ਉਹ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - IPL 2023: ਸਾਲਟ ਦੀ ਧਮਾਕੇਦਾਰ ਪਾਰੀ, ਦਿੱਲੀ ਨੇ RCB ਨੂੰ 7 ਵਿਕਟਾਂ ਨਾਲ ਦਿੱਤੀ ਮਾਤ
ਬਿਜਲੀ ਬਿੱਲ ਮੁਆਫੀ ਦਾ ਕਿੰਨਾ ਫ਼ਾਇਦਾ ਲੈ ਸਕਦੀ ਹੈ 'ਆਪ'
ਤੁਸੀਂ ਤਾਂ ਸੁਣਿਆ ਹੀ ਹੋਵੇਗਾ ਕਿ 'ਪੱਲੇ ਨੀ ਧੇਲਾ, ਕਰਦੀ ਮੇਲਾ-ਮੇਲਾ'। ਸੂਬਾ ਸਰਕਾਰ ਪਹਿਲਾਂ ਹੀ ਕਈ ਲੱਖ ਕਰੋੜ ਦੇ ਕਰਜ਼ੇ ਹੇਠ ਦੱਬੀ ਹੋਈ ਹੈ। ਕਈ ਪੁਰਾਣੇ ਲੋਕ ਚਲੇ ਗਏ, ਪਰ ਪੰਜਾਬ ਦਾ ਕਰਜ਼ਾ ਨਹੀਂ ਘਟਿਆ। ਕੋਈ ਨਹੀਂ ਸੋਚ ਰਿਹਾ ਕਿ ਪੈਸਾ ਕਿੱਥੋਂ ਆਉਣਾ ਹੈ। ਅੱਗਿਓਂ ਜਨਤਾ ਵੀ ਅੱਖਾਂ ਬੰਦ ਕਰਕੇ ਅਜਿਹੇ ਲੋਕਾਂ ਦੇ ਮਗਰ ਲੱਗ ਗਈ ਹੈ। ਮੈਂ ਤਾਂ ਲੋਕਾਂ ਨੂੰ ਸੋਚ-ਸਮਝ ਕੇ ਵੋਟ ਪਾਉਣ ਦੀ ਅਪੀਲ ਕਰਾਂਗਾ ਕਿਉਂਕਿ ਪਹਿਲਾਂ ਵੀ ਬਿਨਾਂ ਸੋਚੇ ਸਮਝੇ ਦਿੱਤੀਆਂ ਸੀਟਾਂ ਪੰਜਾਬ ਲਈ ਨੁਕਸਾਨ ਦਾ ਕਾਰਨ ਬਣੀਆਂ।
ਆਰ.ਡੀ.ਐੱਫ. ਨੂੰ ਲੈ ਕੇ ਭਗਵੰਤ ਮਾਨ ਤੁਹਾਡੇ ਖਾਤੇ 'ਚ ਗੇਂਦ ਸੁੱਟ ਰਹੇ ਹਨ, ਤੁਸੀਂ ਕੀ ਕਹੋਗੇ?
ਇਕ ਸਮੇਂ ਸਵ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਮੈਂ ਸਦਨ ਵਿਚ ਵਿਰੋਧੀ ਧਿਰ ਦਾ ਨੇਤਾ ਸੀ। ਜਦੋਂ ਪੰਜਾਬ ਨੂੰ ਗ੍ਰਾਂਟ ਦੀ ਲੋੜ ਪਈ ਤਾਂ ਮੈਂ ਉਨ੍ਹਾਂ ਨਾਲ ਗ੍ਰਾਂਟ ਲੈਣ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਕੋਲ ਗਿਆ। ਮੈਂ ਅਜੇ ਵੀ ਪੰਜਾਬ ਲਈ ਕੇਂਦਰ ਕੋਲ ਜਾਣ ਲਈ ਤਿਆਰ ਹਾਂ, ਪਰ ਮੇਰੀ ਸੀ.ਐਮ ਸਾਹਿਬ ਨੂੰ ਇਕ ਅਪੀਲ ਹੈ ਕਿ ਉਹ ਲਿਖਤੀ ਰੂਪ ਵਿਚ ਦੇਣ ਕਿ ਉਹ ਹਜ਼ਾਰ ਕਰੋੜ ਰੁਪਏ ਜੋ ਆਰ.ਡੀ.ਐਫ. (ਪੇਂਡੂ ਵਿਕਾਸ ਫੰਡ) ਪੰਜਾਬ ਨੂੰ ਕੇਂਦਰ ਤੋਂ ਮਿਲੇਗਾ, ਇਸ ਦੀ ਵਰਤੋਂ ਉਹ ਤਾਮਿਲਨਾਡੂ, ਤੇਲੰਗਾਨਾ, ਮਹਾਰਾਸ਼ਟਰ ਦੇ ਅਖਬਾਰਾਂ ਵਿਚ ਆਪਣੀਆਂ ਫੋਟੋਆਂ ਛਪਵਾਉਣ ਲਈ ਨਹੀਂ ਕਰਨਗੇ। ਇਹ ਪੰਜਾਬ ਦਾ ਪੈਸਾ ਹੈ ਅਤੇ ਇਹ ਪੰਜਾਬ ਵਿਚ ਹੀ ਖਰਚਿਆ ਜਾਵੇਗਾ, ਜੇਕਰ ਮਾਨ ਸਾਹਿਬ ਇਸ ਗੱਲ ਦੀ ਗਾਰੰਟੀ ਦਿੰਦੇ ਹਨ ਤਾਂ ਮੈਂ ਨਾਲ ਚੱਲਣ ਨੂੰ ਤਿਆਰ ਹਾਂ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਕਾਲਜਾਂ ’ਚ ਰਾਤ 8 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ ਕਲਾਸਾਂ
ਅਕਾਲੀ ਦਲ ਨਾਲ ਗਠਜੋੜ ਦੀ ਚਰਚਾ 'ਤੇ ਕੀ ਕਹੋਗੇ?
ਰਾਜਨੀਤੀ ਵਿੱਚ ਕਦੇ ਵੀ ਪੂਰਨ ਵਿਰਾਮ ਨਹੀਂ ਹੁੰਦਾ, ਰਾਜਨੀਤੀ ਚਲਦੀ ਰਹਿੰਦੀ ਹੈ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਇਹ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਭਾਰਤੀ ਜਨਤਾ ਪਾਰਟੀ ਬਾਰੇ ਇਹ ਗਲਤ ਧਾਰਨਾ ਫੈਲਾਈ ਗਈ ਹੈ ਕਿ ਇਹ ਇਕ ਸ਼ਹਿਰੀ ਪਾਰਟੀ ਹੈ। ਪਰ ਹੁਣ ਅਸੀਂ ਇਸ ਭੁਲੇਖੇ ਨੂੰ ਦੂਰ ਕਰਨਾ ਚਾਹੁੰਦੇ ਹਾਂ, ਅਸੀਂ ਪਿੰਡਾਂ 'ਚ ਵੀ ਕੰਮ ਕਰ ਰਹੇ ਹਾਂ ਤੇ ਸ਼ਹਿਰਾਂ ਵਿਚ ਵੀ। ਬੇਸ਼ੱਕ ਸੁਖਬੀਰ ਬਾਦਲ ਨੇ ਬਾਦਲ ਦੀ ਅੰਤਿਮ ਅਰਦਾਸ ਮੌਕੇ ਮੁਆਫ਼ੀ ਮੰਗ ਲਈ ਹੈ, ਪਰ ਇਹ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਮੁਆਫ਼ ਕੀਤਾ ਗਿਆ ਹੈ ਜਾਂ ਨਹੀਂ।
ਪੰਜਾਬ ਵਿਚ ਕਾਂਗਰਸ ਦੀ ਸਥਿਤੀ ਕੀ ਹੈ?
ਮੈਂ ਹੈਰਾਨ ਹਾਂ ਕਿ ਇਹ ਲੋਕ ਜੋ ਇਕ-ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ, ਜਲੰਧਰ ਚੋਣਾਂ ਵਿਚ ਇਨ੍ਹਾਂ ਦਿਨਾਂ ਵਿਚ ਇਕੱਠੇ ਕਿਵੇਂ ਕੰਮ ਕਰ ਰਹੇ ਹਨ। ਇੱਥੇ ਹਰ ਕਿਸੇ ਦੀ ਬਗਲ 'ਚ ਛੁਰੀ ਹੈ, ਇਕ ਵਾਰ ਤੁਸੀਂ 13 ਤਾਰੀਖ਼ ਨੂੰ ਚੋਣ ਨਤੀਜੇ ਆਉਣ ਦਿਓ, ਉਸ ਤੋਂ ਬਾਅਦ ਤੁਸੀਂ ਇਹ ਸਭ ਦੇਖੋਗੇ। ਜੇ ਇਹ ਲੋਕ ਆਪਸ ਵਿਚ ਨਹੀਂ ਉਲਝਦੇ ਤਾਂ ਮੈਨੂੰ ਕਹਿਣਾ, ਕਿਉਂਕਿ ਪੂਰੀ ਕਾਂਗਰਸ ਵਿਚ ਕੋਈ ਵੀ ਆਗੂ ਦੂਜੇ ਆਗੂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ, UP ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
ਜਲੰਧਰ 'ਚ ਕਿਹੋ ਜਿਹਾ ਹੈ ਮੁਕਾਬਲਾ
ਕਾਂਗਰਸ ਵਿਚ ਸੰਤੋਖ ਚੌਧਰੀ ਦਾ ਪਰਿਵਾਰ ਹਮਦਰਦੀ ਦੀਆਂ ਵੋਟਾਂ ਲੱਭ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਤਾ ਪਤਾ ਨਹੀਂ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਲੋਕ ਹੁਣ ਪਛਤਾ ਰਹੇ ਹਨ। ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ, ਪਾਰਟੀ ਆਪਣਾ ਮੈਦਾਨ ਤਿਆਰ ਕਰ ਰਹੀ ਹੈ, ਜਿਸ ਵਿਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਸ ਦੇ ਬਾਵਜੂਦ ਵੀ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ 'ਚ ਰਾਸ਼ਟਰਪਤੀ ਰਾਜ ਦੀ ਬੜੀ ਚਰਚਾ ਹੈ, ਤੁਸੀਂ ਕੀ ਕਹੋਗੇ?
ਪੰਜਾਬ ਵਿਚ ਰਾਸ਼ਟਰਪਤੀ ਰਾਜ ਨਹੀਂ ਲਗਦਾ, ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੈ, ਉਹ ਇਹ ਸੋਚਣ ਕਿ ਕਿੱਧਰੇ ਆਮ ਆਦਮੀ ਪਾਰਟੀ ਆਪਣੇ ਬੋਝ ਨਾਲ ਹੀ ਨਾ ਡਿੱਗ ਜਾਵੇ। ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਉਨ੍ਹਾਂ ਨੂੰ 2027 ਤੱਕ ਭੁਗਤਣਾ ਪਵੇਗਾ। ਇਸ ਲਈ ਮੈਂ ਲੋਕਾਂ ਨੂੰ ਸਮਝਦਾਰੀ ਨਾਲ ਵੋਟ ਪਾਉਣ ਦੀ ਅਪੀਲ ਕਰਦਾ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲੋਕਾਂ ਨੇ ਮਨ ਬਣਾਇਆ, ਸੰਗਰੂਰ ਵਾਂਗ ਜਲੰਧਰ ’ਚ ਵੀ ਦੇਣਗੇ ਜਵਾਬ : ਸ਼ੇਖਾਵਤ
NEXT STORY