ਜਲੰਧਰ/ਚੰਡੀਗੜ੍ਹ (ਰਮਨਜੀਤ, ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਤਰ ਪ੍ਰਦੇਸ਼ 'ਚ ਪ੍ਰਿਅੰਕਾ ਗਾਂਧੀ ਨੂੰ ਪੁਲਸ ਵੱਲੋਂ ਨਾਜਾਇਜ਼ ਤੌਰ 'ਤੇ ਰੋਕੇ ਜਾਣ ਅਤੇ ਪੁਲਸ ਵੱਲੋਂ ਅਭੱਦਰ ਵਿਹਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ। ਸੁਨੀਲ ਜਾਖੜ ਨੇ ਆਖਿਆ ਕਿ ਜਿਸ ਦੇਸ਼ 'ਚ ਔਰਤ ਨੂੰ ਦੇਵੀ ਦਾ ਰੂਪ ਕਿਹਾ ਜਾਂਦਾ ਹੋਵੇ ਉਥੇ ਔਰਤਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਭਾਜਪਾ ਸਰਕਾਰ ਦੀ ਔਰਤ ਜਾਤੀ ਪ੍ਰਤੀ ਨਫਰਤ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਭਾਜਪਾ ਸਰਕਾਰ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਯੋਜਨਾ ਸ਼ੁਰੂ ਕੀਤੀ ਉਸੇ ਦੇ ਰਾਜ 'ਚ ਦੇਸ਼ ਦੀ ਬੇਟੀ ਨਾਲ ਇਸ ਤਰ੍ਹਾਂ ਦਾ ਵਿਹਾਰ ਭਾਜਪਾ ਸਰਕਾਰ ਦੀ ਮੰਦੀ ਸੋਚ ਦਾ ਪ੍ਰਤੀਕ ਹੈ।
ਸੀ. ਏ. ਏ. ਦੇ ਵਿਰੋਧ 'ਚ ਸੜਕਾਂ 'ਤੇ ਉਤਰੇਗੀ ਕਾਂਗਰਸ
ਉਨ੍ਹਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਨੇ ਨਾਗਰਿਕ ਸੋਧ ਬਿਲ ਖਿਲਾਫ ਜੋ ਦੇਸ਼ ਵਿਆਪੀ ਅੰਦੋਲਨ ਚਲਾਇਆ ਹੈ ਉਸੇ ਤੋਂ ਘਬਰਾ ਕੇ ਮੋਦੀ ਸਰਕਾਰ ਉਨ੍ਹਾਂ ਨਾਲ ਅਜਿਹਾ ਵਿਹਾਰ ਕਰ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਕਾਂਗਰਸ ਪਾਰਟੀ 30 ਦਸੰਬਰ, 2019 ਨੂੰ ਲੁਧਿਆਣਾ ਵਿਖੇ ਨਾਗਰਿਕਤਾ ਸੋਧ ਬਿਲ ਖਿਲਾਫ ਇਕ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਰੋਸ ਮਾਰਚ 'ਚ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕੈਬਨਿਟ ਦੇ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਆਗੂ ਸ਼ਿਰਕਤ ਕਰਨਗੇ। ਉਨ੍ਹਾਂ ਨੇ ਪੰਜਾਬੀਆਂ ਨੂੰ ਇਸ ਮਾਰਚ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਬਣਾਏ ਗਏ ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕਰਨ ਲਈ ਪੂਰਾ ਦੇਸ਼ ਇਕਜੁੱਟ ਹੋ ਰਿਹਾ ਹੈ।
ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਹੈ ਪੂਰੇ
ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਭਾਜਪਾ ਦੇ ਪ੍ਰਦੇਸ਼ ਯੁਨਿਟ ਨੂੰ ਵੀ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਕੇਂਦਰ ਸਰਕਾਰ ਤੋਂ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦੁਆਈਆਂ ਗਈਆਂ ਹਨ ਜਾਂ ਪੰਜਾਬ ਲਈ ਹੋਰ ਕਿਹੜੇ ਪ੍ਰੋਜੈਕਟ ਅਤੇ ਸਕੀਮਾਂ ਪੰਜਾਬ 'ਚ ਲਿਆਂਦੀਆਂ ਗਈਆਂ ਹਨ। ਜਾਰੀ ਬਿਆਨ 'ਚ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਜਦ ਕਿ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਲੋਕ ਮਸਲਿਆਂ ਦੇ ਹੱਲ ਕਰਨ ਦੀ ਬਜਾਏ ਭਾਵੁਕ ਮੁੱਦੇ ਚੁੱਕ ਕੇ ਆਪਣੀਆਂ ਨਾਕਾਮੀਆਂ ਨੂੰ ਛੁਪਾ ਰਹੀ ਹੈ। ਉਹ ਪੰਜਾਬ ਭਾਜਪਾ ਵੱਲੋਂ ਸੂਬਾ ਸਰਕਾਰ 'ਤੇ ਚੁੱਕੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਜਾਖੜ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ। ਉਨ੍ਹਾਂ ਸੂਬਾ ਭਾਜਪਾ ਯੁਨਿਟ ਦੇ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਦੇ ਅੰਕੜੇ ਜਨਤਕ ਕਰਨ। ਉਨ੍ਹਾਂ ਭਾਜਪਾ ਆਗੂਆਂ ਨੂੰ ਪੁੱਛਿਆ ਕਿ ਉਹ ਕੇਂਦਰ ਸਰਕਾਰ ਦੀਆਂ ਹੋਰ ਕਿਹੜੀਆਂ ਸਕੀਮਾਂ ਪੰਜਾਬ ਲਈ ਲੈ ਕੇ ਆਏ ਹਨ ਇਸ ਬਾਰੇ ਵੀ ਲੋਕਾਂ ਦੇ ਸਾਹਮਣੇ ਤੱਥ ਰੱਖਣ।
ਕੇਂਦਰ ਸਰਕਾਰ ਨੇ ਰੋਕੀ ਜੀ. ਐੱਸ. ਟੀ. 'ਚ ਪੰਜਾਬ ਨੂੰ ਮਿਲਣ ਵਾਲੀ ਹਿੱਸੇਦਾਰੀ
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਥਾਨਕ ਭਾਜਪਾ ਦੇ ਆਗੂ ਤਾਂ ਪੰਜਾਬ ਨੂੰ ਕੇਂਦਰ ਤੋਂ ਜੀ. ਐੱਸ. ਟੀ. 'ਚ ਮਿਲਣ ਵਾਲੀ ਹਿੱਸੇਦਾਰੀ 'ਚ ਰੋੜੇ ਅਟਕਾ ਰਹੇ ਹਨ ਤਾਂ ਜੋ ਸੂਬੇ ਦਾ ਵਿਕਾਸ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਨਿਰਧਾਰਤ ਫੈਸਲੇ ਅਨੁਸਾਰ ਰਾਜਾਂ ਨੂੰ ਕੇਂਦਰੀ ਜੀ. ਐੱਸ. ਟੀ. 'ਚੋਂ ਹਿੱਸੇਦਾਰੀ ਸਮੇਂ ਸਿਰ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਆਖਿਆ ਕਿ ਇਸ ਪਿੱਛੇ ਕੇਂਦਰ ਸਰਕਾਰ ਦਾ ਉਦੇਸ਼ ਗੈਰ ਭਾਜਪਾ ਰਾਜ ਸਰਕਾਰਾਂ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੀ ਜੀ. ਐੱਸ. ਟੀ. ਹਿੱਸੇਦਾਰੀ ਰੋਕ ਕੇ ਮੋਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ। ਜਾਖੜ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀਆਂ ਆਰਥਿਕ ਸਮੱਸਿਆਵਾਂ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਹੀ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੋਟਾਂ ਦੀ ਗਿਣਤੀ ਤੋਂ ਸਿਰਫ ਇਕ ਦਿਨ ਪਹਿਲਾਂ ਪੰਜਾਬ ਸਿਰ 31 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾ ਗਈ ਸੀ। ਇਸ ਤੋਂ ਬਿਨਾਂ ਵੀ ਆਪਣੀਆਂ ਗਲਤ ਆਰਥਿਕ ਨੀਤੀਆਂ ਕਾਰਨ ਪਿਛਲੀ ਅਕਾਲੀ ਭਾਜਪਾ ਸਰਕਾਰ ਸੂਬੇ ਨੂੰ ਬੇਹੱਦ ਕਰਜ਼ਾਈ ਕਰ ਗਈ ਸੀ ਪਰ ਬਾਵਜੂਦ ਇਸ ਦੇ ਬਿਹਤਰ ਆਰਥਿਕ ਪ੍ਰਬੰਧ ਰਾਹੀਂ ਕੈਪਟਨ ਸਰਕਾਰ ਨੇ ਸੂਬੇ ਨੂੰ ਮੁੜ ਆਰਥਿਕ ਤੌਰ ਤੇ ਲੀਹ 'ਤੇ ਲਿਆਂਦਾ ਹੈ ਅਤੇ ਕਿਸਾਨਾਂ ਦੀ ਕਰਜ਼ ਮੁਆਫੀ, ਬਿਜਲੀ ਸਬਸਿਡੀ ਜਾਰੀ ਰੱਖਣ ਸਮੇਤ ਸਾਰੀਆਂ ਸਮਾਜਿਕ ਭਲਾਈ ਸਕੀਮਾਂ ਜਾਰੀ ਰੱਖਦਿਆਂ ਸੂਬੇ ਦੇ ਵਿਕਾਸ ਨੂੰ ਤਰਜੀਹੀ ਆਧਾਰ 'ਤੇ ਸ਼ੁਰੂ ਕੀਤਾ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਕੇਂਦਰ ਸਰਕਾਰ ਤੋਂ ਆਪਣੇ ਸੂਬੇ ਦੇ ਹਿਤ ਲਈ ਸਕੀਮਾਂ ਅਤੇ ਪ੍ਰੋਜੈਕਟ ਲਿਆ ਕੇ ਆਪਣੇ ਰਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ।
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਬਰਾਮਦ ਹੋਈ 25 ਕਰੋੜ ਤੋਂ ਵੱਧ ਦੀ ਹੈਰੋਇਨ
NEXT STORY